Headlines

ਸਰੀ ਵਿਚ ਭਾਰੀ ਰੋਸ ਪ੍ਰਦਰਸ਼ਨ ਕਾਰਣ ਭਾਰਤੀ ਹਾਈ ਕਮਿਸ਼ਨਰ ਦਾ ਸਮਾਗਮ ਰੱਦ ਕਰਨਾ ਪਿਆ

-ਮਹਿਮਾਨਾਂ ਨਾਲ ਦੁਰਵਿਹਾਰ–ਇਕ ਰੇਡੀਓ ਹੋਸਟ ਵੀ ਨਿਸ਼ਾਨਾ ਬਣਿਆ-

– ਭਾਈਚਾਰੇ ਵਿਚ ਪਾੜੇ ਪਾਉਣ ਦੀ ਸਾਜਿਸ਼, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ- ਮਨਿੰਦਰ ਗਿੱਲ

– ਰੋਸ ਪ੍ਰਦਰਸ਼ਨ ਸਫਲ ਰਿਹਾ, ਦੁਰਵਿਹਾਰ ਦੀ ਘਟਨਾ ਲਈ ਅਸੀ ਜਿੰਮੇਵਾਰ ਨਹੀ-ਹਰਦੀਪ ਸਿੰਘ ਨਿੱਝਰ

-ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਨਤੀਜੇ ਭੁਗਤਣ ਦੀ ਦਿੱਤੀ ਚੇਤਾਵਨੀ-

-ਸਰੀ ( ਸੰਦੀਪ ਸਿੰਘ ਧੰਜੂ )-

ਪੰਜਾਬ ਵਿਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਤੇ ਪੁਲਿਸ ਕਾਰਵਾਈ ਦੇ ਵਿਰੁੱਧ ਕੈਨੇਡਾ ਵਿਚ ਵੱਖ -ਵੱਖ ਸਿੱਖ ਸੰਸਥਾਵਾਂ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾਣ ਦੀਆਂ ਖਬਰਾਂ ਹਨ। ਇਸੇ ਦੌਰਾਨ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਖਾਲਿਸਤਾਨ ਸਮਰਥਕ ਸਿੱਖ ਜਥੇਬੰਦੀਆਂ ਵਲੋਂ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ  ਸੰਜੇ ਕੁਮਾਰ ਵਰਮਾ ਦੀ ਸਰੀ ਫੇਰੀ ਮੌਕੇ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਉਹਨਾਂ ਨੂੰ ਸਮਾਗਮ ਵਾਲੀ ਥਾਂ ਉਪਰ ਨਾ ਪੁੱਜਣ ਦਿੱਤਾ ਗਿਆ ।  ਹੋਰ ਜਾਣਕਾਰੀ ਮੁਤਾਬਿਕ ਸਰੀ ਵਿਚ ਕੈਨੇਡਾ ਇੰਡੀਆ ਫਰੈਂਡਸ਼ਿਪ ਗਰੁੱਪ ਵਲੋਂ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਮਾਣ ਵਿਚ ਸਰੀ ਦੀ 132 ਸਟਰੀਟ ਤੇ 84  ਐਵਨਿਊ ਨੇੜੇ ਸਥਿਤ ਇਕ ਕਨਵੈਨਸ਼ਨ ਸੈਂਟਰ ਵਿਖੇ ਇਕ ਡਿਨਰ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰਬੰਧਕਾਂ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਸਮੇਤ 200 ਦੇ ਕਰੀਬ ਲੋਕਾਂ ਨੂੰ ਬਾਕਾਇਦਾ ਸੱਦਾ ਪੱਤਰ ਭੇਜੇ ਗਏ ਸਨ। ਪਰ ਇਸ ਦੌਰਾਨ ਸਥਾਨਕ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਦੇ ਖਿਲਾਫ ਭਾਰੀ ਰੋਸ ਪ੍ਰਗਟਾਵਾ ਕਰਦਿਆਂ ਸਮਾਗਮ ਵਾਲੀ ਥਾਂ ਨੂੰ ਘੇਰ ਲਿਆ ਗਿਆ ਜਿਸ ਕਾਰਣ ਭਾਰਤੀ ਹਾਈ ਕਮਿਸ਼ਨਰ ਨੂੰ ਆਪਣਾ ਪ੍ਰੋਗਰਾਮ ਰੱਦ ਕਰਨ ਲਈ ਮਜਬੂਰ ਹੋਣਾ ਪਿਆ ।  ਸਿੱਖ ਕਾਰਕੁੰਨਾਂ ਵਲੋਂ ਹਾਈ ਕਮਿਸ਼ਨਰ ਦੇ ਪੁੱਜਣ ਤੋ ਪਹਿਲਾਂ ਹੀ  ਕਨਵੈਨਸ਼ਨ ਸੈਂਟਰ ਦਾ ਮੁੱਖ ਗੇਟ ਬੰਦ ਕਰਕੇ ਉਥੇ ਸਟੇਜ ਲਗਾ ਦਿੱਤੀ ਗਈ ਤੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਦੀ ਨਿੰਦਾ ਕਰਦਿਆਂ ਹਾਈ ਕਮਿਸ਼ਨਰ ਤੇ ਭਾਰਤ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਮੰਚ ਉਪਰ ਮੁੱਖ ਬੁਲਾਰੇ ਵਜੋਂ ਗੁਰਦੁਆਰਾ ਗੁਰੂ ਨਾਨਕ ਟੈਂਪਲ ਸਰੀ ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਸਖਤ ਸ਼ਬਦਾਂ ਵਿਚ ਭਾਰਤ ਸਰਕਾਰ ਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਤੇ ਖਾਲਿਸਤਾਨ ਦੇ ਨਾਅਰੇ ਲਗਾਕੇ ਭਾਰਤ ਸਰਕਾਰ ਤੱਕ ਬੁਲੰਦ ਆਵਾਜ਼ ਪਹੁੰਚਾਉਣ ਦਾ ਸੱਦਾ ਦਿੱਤਾ। ਵਾਰ-ਵਾਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।

ਇਸ ਮੌਕੇ ਉਹਨਾਂ ਨੇ ਪੰਜਾਬ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਫੜੋ ਫੜੀ ਕਰਨ ਤੇ ਉਹਨਾਂ ਨੂੰ ਜਲੀਲ ਕੀਤੇ ਜਾਣ ਦੇ ਬਦਲੇ ਵਜੋਂ ਪੁਲਿਸ ਅਫਸਰਾਂ ਦੇ ਕੈਨੇਡਾ ਵਿਚ ਪੜਾਈ ਕਰਨ ਆਏ ਨੌਜਵਾਨ ਬੱਚੇ ਬੱਚੀਆਂ ਖਿਲਾਫ ਵੀ ਬਦਲਾਲਊ ਕਾਰਵਾਈ ਦੀ ਚੇਤਾਵਨੀ ਦਿੱਤੀ।

ਮੁਜ਼ਾਹਰਕਾਰੀਆਂ ਦੇ ਇਕ ਬੁਲਾਰੇ ਵਲੋਂ  ਭਾਵੇਂਕਿ ਇਸ ਰੋਸ ਵਿਖਾਵੇ ਨੂੰ ਸ਼ਾਂਤਮਈ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਪਰ ਇਸ ਦੌਰਾਨ ਸਮਾਗਮ ਵਿਚ ਪੁੱਜਣ ਵਾਲੇ ਕੁਝ ਮਹਿਮਾਨਾਂ ਨੂੰ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਵਿਖਾਵਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਏ ਦੋ ਮਹਿਮਾਨਾਂ ਨੂੰ ਪੁਲਿਸ ਵਲੋਂ ਬਚਾਕੇ ਸੁਰੱਖਿਅਤ ਲਿਜਾਂਦੇ ਵੇਖਿਆ ਗਿਆ। ਇਸ ਦੌਰਾਨ ਇਕ ਉਘੇ ਰੇਡੀਓ ਹੋਸਟ ਨੂੰ ਉਥੇ ਵੇਖਦਿਆਂ ਮੰਚ ਤੋ ਭੱਦੀ ਸ਼ਬਦਾਵਾਲੀ ਦਾ ਪ੍ਰਯੋਗ ਕਰਦਿਆਂ.ਅਤੇ ਭਾਰਤ ਪੱਖੀ ਮੀਡੀਆ ਖਿਲਾਫ ਭਾਰੀ ਨਾਅਰੇਬਾਜੀ ਕੀਤੀ ਗਈ। ਕੁਝ ਵਿਖਾਵਾਕਾਰੀਆਂ ਨੇ ਰੇਡੀਓ ਹੋਸਟ ਨੂੰ ਘੇਰਨ ਯਤਨ ਵੀ ਕੀਤਾ ਪਰ ਉਸ ਵਲੋਂ ਸਪੱਸ਼ਟੀਕਰਣ ਦੇਣ ਦੇ ਬਾਵਜੂਦ ਉਸਦੇ ਖਿਲਾਫ ਮੰਦੀ ਸ਼ਬਦਾਵਲੀ ਜਾਰੀ ਰਹੀ। ਮੌਕੇ ਤੇ ਮੌਜੂਦ ਪੁਲਿਸ ਨੇ ਉਸਨੂੰ ਉਸਦੀ ਗੱਡੀ ਤੱਕ ਸੁਰੱਖਿਅਤ ਪਹੁੰਚਾਇਆ। ਬਾਦ ਵਿਚ ਮਿਲੀ ਸੂਚਨਾ ਮੁਤਾਬਿਕ ਕੁਝ ਵਿਖਾਵਾਕਾਰੀ ਸਮਾਗਮ ਵਾਲੀ ਥਾਂ ਅੰਦਰ ਹਾਲ ਵਿਚ ਵੀ ਪੁੱਜ ਗਏ ਤੇ ਮੁੱਖ ਪ੍ਰਬੰਧਕ ਸਮੇਤ ਕੁਝ ਹੋਰ ਮਹਿਮਾਨਾਂ ਨਾਲ ਹੱਥਪਾਈ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧੀ ਇਕ ਵੀਡੀਓ ਕਲਿਪ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੁਜਾਹਰਾਕਾਰੀਆਂ ਦੇ ਘੇਰੇ ਨੂੰ ਤੋੜਕੇ ਇਕ ਸਥਾਨਕ ਰੀਐਲਟਰ ਵਲੋਂ ਸਮਾਗਮ ਵਾਲੀ ਥਾਂ ਜਾਣ ਦੀ ਕੋਸ਼ਿਸ਼ ਵੀ ਕਾਫੀ ਮਹਿੰਗੀ ਪਈ। ਵਿਖਾਵਾਕਾਰੀਆਂ ਚੋ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ ਜਿਸਨੂੰ ਪੁਲਿਸ ਨੇ ਬਚਾਇਆ।

ਵਿਖਾਵਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਏ ਇਕ ਰੀਐਲਟਰ ਤੱਕ ਪਹੁੰਚ ਕਰਨ ਤੇ ਉਸਨੇ ਦੇਸ ਪ੍ਰਦੇਸ ਨੂੰ ਦੱਸਿਆ ਕਿ ਉਸਦੇ ਸਿਰ ਵਿਚ ਕਿਸੇ ਨੇ ਭਾਰੀ ਵਸਤੂ ਮਾਰੀ ਜਿਸ ਕਾਰਣ ਉਹ ਬੌਂਦਲਕੇ ਡਿੱਗ ਪਿਆ। ਉਸਦੀ ਕੁੱਟਮਾਰ ਕਰਨ ਨਾਲ ਉਸਦੀ ਇਕ ਪੱਸਲੀ ਟੁੱਟ ਗਈ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਵਿਖਾਵਾਕਾਰੀਆਂ ਦੀ ਕੁੱਟ ਤੋ ਪੁਲਿਸ ਨੇ ਬਚਾਇਆ ਹੈ ਤੇ ਇਸ ਸਬੰਧੀ ਉਸਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਸਨੇ ਹੋਰ ਦੱਸਿਆ ਕਿ ਉਹ ਸਮਾਗਮ ਵਾਲੀ ਥਾਂ ਇਸ ਲਈ ਗਿਆ ਸੀ ਕਿ ਉਹ ਰੀਅਲ ਇਸਟੇਟ ਬੋਰਡ ਦੀ ਇਲੈਕਸ਼ਨ ਦਾ ਉਮੀਦਵਾਰ ਸੀ ਤੇ ਇਸ ਮਕਸਦ ਲਈ ਉਹ ਸਮਾਗਮ ਵਾਲੀ ਥਾਂ ਆਪਣੀ ਪ੍ਰਚਾਰ ਸਮੱਗਰੀ ਵੰਡਣ ਜਾ ਰਿਹਾ ਸੀ। ਉਸ ਉਪਰ ਹਮਲੇ ਦੌਰਾਨ ਚੋਣ ਪ੍ਰਚਾਰ ਸਮੱਗਰੀ ਖਿੱਲਰ ਗਈ।

ਇਸੇ ਦੌਰਾਨ ਹਾਈ ਕਮਿਸ਼ਨਰ ਦੇ ਸਮਾਗਮ ਦੇ ਮੁੱਖ ਪ੍ਰਬੰਧਕ ਮਨਿੰਦਰ ਸਿੰਘ ਗਿੱਲ ਨੇ ਇਕ ਬਿਆਨ ਰਾਹੀ ਇਸ ਘਟਨਾ ਦੀ ਕਰੜੀ ਨਿੰਦਾ ਕਰਦਿਆਂ ਵਿਖਾਵਾਕਾਰੀਆਂ ਵਲੋਂ ਉਹਨਾਂ ਦੇ ਸੱਦੇ ਉਪਰ ਆਉਣ ਵਾਲੇ ਮਹਿਮਾਨਾਂ ਨਾਲ ਦੁਰਵਿਹਾਰ ਕੀਤੇ ਜਾਣ ਜੀ ਘਟਨਾ ਨੂੰ ਸਥਾਨਕ ਭਾਈਚਾਰੇ ਵਿਚ ਨਫਰਤ ਫੈਲਾਊਣ ਤੇ ਦਰਾੜਾਂ ਪਾਉਣ ਵਾਲੀ ਕਾਰਵਾਈ ਦੱਸਿਆ । ਉਹਨਾਂ ਕਿਹਾ ਕਿ ਉਹਨਾਂ ਵਲੋਂ ਪਰਵਾਸੀਆਂ ਤੇ ਸਿੱਖ ਮਸਲਿਆਂ ਲਈ ਇਕ ਮੰਗ ਪੱਤਰ ਤਿਆਰ ਕੀਤਾ ਗਿਆ ਸੀ ਜੋ ਹਾਈਕਮਿਸ਼ਨਰ ਨੂੰ ਦਿੱਤਾ ਜਾਣਾ ਸੀ ਪਰ ਅਫਸੋਸ ਸ਼ਾਇਦ ਵਿਖਾਵਾਕਾਰੀ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੀ ਨਹੀ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਘਟਨਾ ਖਿਲਾਫ ਅਤੇ ਸਮਾਗਮ ਵਿਚ ਵਿਘਨ ਪਾਉਣ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸੇ ਦੌਰਾਨ ਦੇਸ ਪ੍ਰਦੇਸ ਦੇ ਪ੍ਰਤੀਨਿਧ ਵਲੋਂ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਭਾਈ ਹਰਦੀਪ ਸਿੰਘ ਨਿੱਝਰ ਨਾਲ ਗੱਲ ਕੀਤੀ ਤਾਂ ਉਹਨਾਂ ਰੋਸ ਪ੍ਰਦਰਸ਼ਨ ਦੌਰਾਨ ਕਿਸੇ ਵੀ ਮਹਿਮਾਨ ਨਾਲ ਦੁਰਵਿਹਾਰ ਕੀਤੇ ਜਾਣ ਦੀ ਘਟਨਾ ਤੋ ਅਣਜਾਣਤਾ ਪ੍ਰਗਟਾਈ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਨੌਜਵਾਨਾਂ ਖਿਲਾਫ ਪੁਲਿਸ ਕਾਰਵਾਈ ਦੇ ਹੋਸ ਵਜੋਂ ਭਾਰਤੀ ਹਾਈਕਮਿਸ਼ਨਰ ਦੇ ਘੇਰਾਓ ਦਾ ਪ੍ਰੋਗਰਾਮ ਉਲੀਕਿਆ ਸੀ ਜੋ ਪੂਰੀ ਤਰਾਂ ਸਫਲ ਰਿਹਾ। ਰੋਸ ਪ੍ਰਦਰਸ਼ਨ ਦੌਰਾਨ ਇਕ ਉਘੇ ਰੇਡੀਓ ਹੋਸਟ ਨੂੰ ਘੇਰੇ ਜਾਣ ਲਈ ਮੀਡੀਆ ਦੀ ਆਜਾਦੀ ਉਪਰ ਹਮਲੇ ਵਜੋਂ  ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਕੁਝ ਇਕ ਰੇਡੀਓ ਹੋਸਟ ਆਪਣੇ ਪ੍ਰੋਗਰਾਮਾਂ ਵਿਚ ਪੱਤਰਕਾਰੀ ਦੀ ਸਾਰੀ ਮਾਣ ਮਰਿਆਦਾ ਭੁੱਲ ਜਾਂਦੇ ਹਨ, ਅਜਿਹੇ ਲੋਕਾਂ ਨੂੰ ਘੇਰਕੇ ਸਵਾਲ ਕਰਨੇ ਬਣਦੇ ਹਨ। ਉਹਨਾਂ ਹੋਰ ਕਿਹਾ ਕਿ ਉਹ ਅਗਲੇ ਦਿਨਾਂ ਵਿਚ ਅਜਿਹੇ ਰੇਡੀਓ ਹੋਸਟਾਂ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਵੀ ਬਣਾ ਰਹੇ ਹਨ।