Headlines

ਹੋਣਹਾਰ ਦਲਿਤ ਬੇਟੀ ਡਾ. ਪਾਂਪੋਸ਼ ਦੀ ਮੌਤ ਖੜੇ ਕਰ ਗਈ ਵੱਡੇ ਸਵਾਲ…

ਨਾਮ ਉਸ ਦਾ ਡਾ. ਪਾਂਪੋਸ਼ ਸੀ। ਉਹ ਜਲੰਧਰ ਦੀ ਰਹਿਣ ਵਾਲੀ ਸੀ। ਉਹ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰੀਸਰਚ, ਅੰਮ੍ਰਿਤਸਰ ਵਿਚ ਡਾਕਟਰੀ ਪੂਰੀ ਕਰਨ ਤੋਂ ਬਾਅਦ ਅਪਣੀ ਇਨਟਰਨਸ਼ਿਪ ਪੂਰੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਅਪਣੀ ਡਾਕਟਰੀ ਮੁਕੰਮਲ ਕਰਕੇ ਮਨੁੱਖਤਾ ਦੀ ਸੇਵਾ ਕਰਦੀ, ਉਸ ਨੂੰ ਅਪਣੀ ਹੀ ਜ਼ਿੰਦਗੀ ਸਮਾਪਤ ਕਰਨੀ ਪਈ। ਉਹ ਉਪਰਲੇ ਸਮਾਜ ਵਿਚ ਰਹਿੰਦਿਆਂ, ਇਸ ਸਮਾਜ ਦੀ ਅਜਿਹੀ ਹੇਠਲੇ ਦਰਜੇ ਦੀ ਮਾਨਸਿਕਤਾ ਨੋਟ ਕਰ ਗਈ ਕਿ ਉਸ ਨੇ ਦੁਨੀਆ ਹੀ ਤਿਆਗ ਦਿੱਤੀ। ਅਖ਼ੀਰ ਉਸ ਦੀ ਲਾਸ਼ ਹੋਟਲ ਵਿਚ ਪੱਖੇ ਨਾਲ ਲਟਕਦੀ ਮਿਲੀ। ਉਸ ਦਾ ਕਸੂਰ ਇਹ ਸੀ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੀ ਸੀ। ਸਮਾਜ ਵਿਚਲੇ ਉੱਚ ਜਾਤੀਏ ਮਨੁੱਖਾਂ ਨੇ ਉਸ ਨੂੰ ਇਸ ਹੱਦ ਤਕ ਜਾਤੀ ਸੂਚਕ ਲਫ਼ਜ਼ ਬੋਲੇ ਕਿ ਉਹ ਅਪਣੀ ਇੱਜ਼ਤ, ਗ਼ੈਰਤ ਅਤੇ ਅਣਖ਼ ਦਾ ਸਨਮਾਨ ਰੱਖਣ ਇਹ ਦੁਨੀਅ ਤਿਆਗ ਕੇ ਉੱਚ ਜਾਤੀਏ ਸਮਾਜ ਦੇ ਮੂੰਹ ਉਪਰ ਚਪੇੜ ਮਾਰ ਗਈ। ਸੁਣਿਆ, ਉਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ 26 ਸਾਲ ਦੀ ਬਹੁਤ ਹੀ ਹੋਣਹਾਰ ਲੜਕੀ ਸੀ। ਮਨੁੱਖਤਾ ਦੀ ਸੇਵਾ ਉਸ ਦਾ ਪਹਿਲਾ ਸੁਫ਼ਨਾ ਸੀ। ਜਾਤੀ ਬਾਰੇ ਤਾਹਨੇ-ਮਿਹਣੇ ਉਸ ਦੇ ਦਿਲੋ-ਦਿਮਾਗ਼ ਵਿਚ ਕਿਸੇ ਤੇਜ਼ ਤੇ ਤਿੱਖੀ ਚੀਜ਼ ਵਾਂਗ ਚੁੱਭੇ ਤੇ ਅਖ਼ੀਰ ਉਹ ਇਸ ਸਮਾਜਕ ਵਿੱਤਕਰੇ ਅੱਗੇ ਹਾਰ ਗਈ। ਮਾਪਿਆਂ ਨੇ ਬਚਪਨ ਤੋਂ ਹੀ ਉਸ ਨੂੰ ਬਹੁਤ ਮਿਹਨਤ ਕਰਕੇ ਪੜ੍ਹਾਇਆ ਅਤੇ ਪੰਜਾਬ ਦੇ ਸਭ ਤੋਂ ਮਹਿੰਗੇ ਮੈਡੀਕਲ ਕਾਲਜ ਵਿਚ ਦਾਖ਼ਲਾ ਹੋਣ ਦੇ ਬਾਵਜੂਦ, ਅਪਣੀ ਮਿਹਨਤ ਦੀ ਕਮਾਈ ਪਾਣੀ ਵਾਂਗ ਉਸ ਉਪਰ ਕੁਰਬਾਨ ਕਰ ਦਿਤੀ। ਗ਼ਰੀਬਾਂ, ਮਜ਼ਲੂਮਾਂ ਅਤੇ ਕਿਰਤੀਆਂ ਦੀ ਸਰਕਾਰ ਹੋਣ ਦਾ ਦਮ ਭਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਕਤਲ ਬਾਰੇ ਹਾਲੇ ਤਕ ਇਕ ਲਫ਼ਜ਼ ਤਕ ਨਹੀਂ ਬੋਲਿਆ। ਉਸ ਨੂੰ ਕੋਈ ਦੱਸੇ ਕਿ ਤੁਹਾਡੀਆਂ ਸਰਕਾਰੀ ਕੁਰਸੀਆਂ ਪਿੱਛੇ ਜਿਸ ਅੰਬੇਦਕਰ ਦੀ ਤਸਵੀਰ ਲੱਗੀ ਹੋਈ ਹੈ, ਉਸੇ ਅੰਬੇਦਕਰ ਦੀ ਇਕ ਧੀ ਦਾ ਪੰਜਾਬ ਵਿਚ ਜ਼ਹਿਨੀ ਅਤੇ ਜਿਸਮਾਨੀ ਕਤਲ ਕਰ ਦਿਤਾ ਗਿਆ। ਪੰਜਾਬ ਵਿਧਾਨ ਵਿਚ ਸਭਾ ਵਿਚ 30 ਤੋਂ ਜ਼ਿਆਦਾ ਵਿਧਾਇਕ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਪਰ ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਇਸ ਘਟਨਾ ਦਾ ਇਲਮ ਵੀ ਹੋਵੇ, ਸਾਰੇ ਸਿਰੇ ਦੀ ਇਸ ਕਰੋਪੀ ਤੋਂ ਨਾਵਾਕਿਫ਼ ਹਨ। ਕਾਂਗਰਸ ਜਿਹੜੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਪੱਖੀ ਹੋਣ ਦਾ ਢੋਂਗ ਕਰ ਰਹੀ ਸੀ, ਬਾਜਵਾ ਨੂੰ ਛੱਡ ਕੇ ਉਸ ਦੇ ਵੀ ਕਿਸੇ ਵਿਧਾਇਕ ਜਾਂ ਨੇਤਾ ਦਾ ਕੋਈ ਬਿਆਨ ਨਹੀਂ ਆਇਆ। ਅਨੁਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ, ਪੰਜਾਬ ਦਾ ਅਨੁਸੂਚਿਤ ਜਾਤਾਂ ਬਾਰੇ ਕਮਿਸ਼ਨ ਅਤੇ ਹੋਰ ਅਨੇਕਾਂ ਇਸ ਵਰਗ ਲਈ ਕੰਮ ਕਰਨ ਦਾ ਦਮ ਭਰਨ ਵਾਲੀਆਂ ਸੰਸਥਾਵਾਂ ਡਾ. ਪਾਂਪੋਸ਼ ਦੇ ਮਾਮਲੇ ਵਿਚ ਅੱਖਾਂ ਮੀਟੀ ਬੈਠੀਆਂ ਹਨ। ਇੰਝ ਜਾਪਦਾ ਹੈ ਜਿਵੇਂ ਕੁੱਝ ਹੋਇਆ ਹੀ ਨਹੀਂ ਜਦਕਿ ਪੰਜਾਬ ਦੀ ਵੱਡੀ ਮੈਡੀਕਲ ਸੰਸਥਾ ਵਿਚ ਦਲਿਤ ਬੱਚਿਆਂ ਨਾਲ ਵਿੱਤਕਰਾ ਹੋ ਜਾਣ ਦੀ ਘਟਨਾ, ਹਿਰਦੇ ਵਲੂੰਧਰਣ ਵਾਲੀ ਹੈ। ਡਾਕਟਰ ਸਭ ਤੋਂ ਵੱਧ ਪੜ੍ਹੇ-ਲਿਖੇ ਮੰਨੇ ਜਾਂਦੇ ਹਨ। ਡਾਕਟਰ ਬਣਨ ਤੋਂ ਪਹਿਲਾਂ ਡਾਕਟਰਾਂ ਨੂੰ ਇਨਸਾਨਾਂ ਨਾਲ ਵਿੱਤਕਰਾ ਨਾ ਕਰਨ ਦੀ ਸਹੁੰ ਚੁਕਾਈ ਜਾਂਦੀ ਹੈ। ਕਿਥੇ ਗਈ ਹੁਣ ਡਾਕਟਰਾਂ ਦੀ ਸਹੁੰ? ਜਿਹੜੇ ਡਾਕਟਰਾਂ ਦੇ ਦਿਮਾਗ਼ ਜਾਤੀਵਾਦ ਦੇ ਗੰਦ ਨਾਲ ਭਰੇ ਹੋਏ ਹਨ, ਉਹ ਆਮ ਤੇ ਸਾਧਾਰਣ ਜਿਹੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨਾਲ ਕਿਸ ਹੱਦ ਤਕ ਖਿਲਵਾੜ ਕਰਦੇ ਹੋਣਗੇ, ਇਸ ਘਟਨਾ ਤੋਂ ਸਪੱਸ਼ਟ ਹੋ ਜਾਂਦਾ ਹੈ। ਪੁਲਿਸ ਨੇ ਜਿਹੜੇ 10 ਲੋਕਾਂ ਨੂੰ ਐਸ.ਸੀ./ਐਸ.ਟੀ. ਐਕਟ ਅਧੀਨ ਨਾਮਜ਼ਦ ਕੀਤਾ ਹੈ, ਉਨ੍ਹਾਂ ਦੇ ਨਾਮ ਡਾ. ਪ੍ਰਤੀਭਾ, ਡਾ. ਬੀਰ ਦਵਿੰਦਰ ਸਿੰਘ, ਡਾ. ਮਨਜੀਤ ਸਿੰਘ ਉਪਲ, ਪ੍ਰੈਫ਼ਸਰ ਸਵਾਤੀ, ਗਗਨਦੀਪ ਕੌਰ, ਡਾ. ਪ੍ਰਭੀਮੱਤ, ਪ੍ਰਿਯੰਕਾ, ਕਰਨਬੀਰ ਸਿੰਘ, ਡਾ. ਪਿਊਸ਼ ਅਤੇ ਜਿੰਮੀ ਦੱਸੇ ਗਏ ਹਨ। ਅਸਫ਼ੋਸ ਇਸ ਗੱਲ ਦਾ ਵੀ ਹੈ ਕਿ ਪੁਲਿਸ ਨੇ ਸਿਰਫ਼ ਐਸ.ਸੀ./ਐਸ.ਟੀ ਐਕਟ ਅਧੀਨ ਪਰਚਾ ਦਰਜ ਕੀਤਾ ਹੈ ਜਦਕਿ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਮੈਂ ਨਿਜੀ ਤੌਰ ਉਪਰ ਡਾ. ਪਾਂਪੋਸ਼ ਨਾਲ ਜੋ ਵਾਪਰਿਆ ਹੈ, ਉਸ ਬਾਰੇ  ਅਫ਼ਸੋਸ ਪ੍ਰਗਟ ਕਰਦੀ ਹੋਈ ਇਨਸਾਨੀਅਤ ਦੇ ਠੇਕੇਦਾਰਾਂ ਨੂੰ ਲਾਹਨਤਾਂ ਭੇਜਦੀ ਹਾਂ। ਮੇਰੇ ਦੇਸ਼ ਦੀ ਇਕ ਹੋਣਹਾਰ ਧੀ, ਮਨੁੱਖੀ ਵਤੀਰੇ ਤੋਂ ਤੰਗ ਹੋ ਕੇ ਸਾਨੂੰ ਅਲਵਿਦਾ ਆਖ ਗਈ। ਇਸ ਗੱਲ ਦਾ ਅਫ਼ਸੋਸ ਹਮੇਸ਼ਾ ਰਹੇਗਾ। ਉਸ ਦੇ ਪਰਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਰਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਤੀ ਜਾਣੀ ਚਾਹੀਦੀ ਹੈ ਅਤੇ ਜਗ੍ਹਾ-ਜਗ੍ਹਾ ਸੋਗ ਸਭਾਵਾਂ ਅਤੇ ਸੋਗ ਮਤੇ ਪਾਸ ਕੀਤੇ ਜਾਣੇ ਚਾਹੀਦੇ ਹਨ ਤਾਕਿ ਭਵਿੱਖ ਵਿਚ ਸਾਡੇ ਬੱਚਿਆਂ ਨੂੰ ਅਜਿਹਾ ਕਦਮ ਨਾ ਚੁੱਕਣਾ ਪਵੇਗ।