Headlines

‘ਗਾਂਧੀ ਪਰਿਵਾਰ ਖ਼ੁਦ ਨੂੰ ਸੰਵਿਧਾਨ ਤੋਂ ਉੱਤੇ ਮੰਨਦੈ’

ਨਵੀਂ ਦਿੱਲੀ:ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਖ਼ੁਦ ਨੂੰ ‘ਹੋਰਨਾਂ ਨਾਲੋਂ ਵੱਖ, ਸ਼੍ਰੇਸ਼ਠ ਤੇ ਸੰਵਿਧਾਨ ਤੋੋਂ ਉੱਤੇ’ ਮੰਨਦਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜ਼ੋਰ ਦੇ ਕੇ ਆਖਿਆ ਕਿ ਮਾਣਹਾਨੀ ਕੇਸ ਵਿੱਚ ਸਜ਼ਾ ਸੁਣਾਏ ਜਾਣ ਮਗਰੋਂ ਵਾਇਨਾਡ ਤੋਂ ਸੰਸਦ ਮੈੈਂਬਰ ਦੀ ਅਯੋਗਤਾ ਨਾਲ ਨਾ ਭਾਜਪਾ ਤੇ ਨਾ ਹੀ ਸਰਕਾਰ ਦਾ ਕੋਈ ਲੈਣਾ-ਦੇਣਾ ਹੈ। ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਆਗੂ ਨਿਆਂਇਕ ਤੇ ਕਾਨੂੰਨੀ ਮਸ਼ਕ ਨੂੰ ਲੈ ਕੇ ਜਿਸ ਤਰ੍ਹਾਂ ਰੌਲਾ-ਰੱਪਾ ਤੇ ਚੀਕ ਚਿਹਾੜਾ ਮਚਾ ਰਹੇ ਹਨ, ਉਸ ਤੋਂ ਸਾਫ਼ ਹੈ ਕਿ ਗਾਂਧੀ ਪਰਿਵਾਰ ਖ਼ੁਦ ਨੂੰ ਭਾਰਤ ਦੇ ਨਿਆਂਇਕ ਅਮਲ, ਸੰਵਿਧਾਨਕ ਤੇ ਜਮਹੂਰੀ ਪ੍ਰਬੰਧ ਤੋਂ ਉੱਤੇ ਮੰਨਦਾ ਹੈ। ਸ਼ੇਖਾਵਤ ਨੇ ਮਲਿਕਾਰਜੁਨ ਖੜਗੇ ਤੇ ਜੈਰਾਮ ਰਮੇਸ਼ ਜਿਹੇ ਕਾਂਗਰਸ ਆਗੂਆਂ ’ਤੇ ਆਪਣੇ ਵਿਵਹਾਰ ਨਾਲ ਰਾਜ ਸਭਾ ਚੇਅਰਮੈਨ ਦਾ ਅਪਮਾਨ ਕਰਨ ਦਾ ਦੋਸ਼ ਵੀ ਲਾਇਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਗਾਂਧੀ ਪਰਿਵਾਰ ਦੀ ਭਗਵਾਨ ਰਾਮ ਦੇ ਰਾਜਕੁਲ ਨਾਲ ਤੁਲਨਾ ਕਰਨ ਪਿੱਛੇ ਉਨ੍ਹਾਂ ਦਾ ‘ਹੰਕਾਰ’ ਝਲਕਦਾ ਹੈ। ਠਾਕੁਰ ਨੇ ਕਿਹਾ ਕਿ ਭਗਵਾਨ ਰਾਮ ਤੇ ਗਾਂਧੀ ਪਰਿਵਾਰ ਦੀ ਆਪਸ ਵਿੱਚ ਤੁਲਨਾ ਕਰਨ ਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ।