Headlines

ਅੰਮ੍ਰਿਤਪਾਲ ਸਿੰਘ ਚੜਦੀ ਕਲਾ ਵਿਚ-ਵੀਡੀਓ ਜਾਰੀ ਕਰਕੇ ਕੀਤਾ ਖੁਲਾਸਾ

ਵਿਸਾਖੀ ਤੇ ਸਰਬਤ ਖਾਲਸਾ ਬੁਲਾਉਣ ਦਾ ਸੱਦਾ-

ਅਣਪਛਾਣੀ ਥਾਂ-ਪੰਜਾਬ ਪੁਲਿਸ ਦੇ ਹੱਥਾਂ ਚੋ ਬਚ ਨਿਕਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਆਪਣੇ ਵਿਰੁੱਧ ਕਾਰਵਾਈ ਦੌਰਾਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਦੀ ਨਿੰਦਾ ਕੀਤੀ ਹੈ। ਕਾਲੀ ਪੱਗ ਅਤੇ ਲੋਈ ਪਹਿਨੇ, ਖਾਲਿਸਤਾਨੀ ਆਗੂ ਨੇ ਅੱਗੇ ਕਿਹਾ ਕਿ ਜੇਕਰ ਸੂਬਾ ਸਰਕਾਰ ਗ੍ਰਿਫਤਾਰੀ ਕਰਨ ਦਾ ਇਰਾਦਾ ਰੱਖਦੀ ਤਾਂ ਪੁਲਿਸ ਉਸਦੇ ਘਰ ਆ ਸਕਦੀ ਸੀ ਅਤੇ ਉਹ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ। ਪਰ ਪੁਲਿਸ ਨੇ ਕਿਸੇ ਮੰਦਭਾਵਨਾ ਤਹਿਤ ਅਜਿਹਾ ਨਹੀ ਕੀਤਾ। ਉਹਨਾਂ ਹੋਰ ਕਿਹਾ ਕਿ ਜੇਕਰ ਅਸੀਂ ਨੌਜਵਾਨੀ ਅਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਰਬੱਤ ਖਾਲਸਾ ਦਾ ਹਿੱਸਾ ਬਣੀਏ। ਬਹੁਤ ਲੰਬੇ ਸਮੇਂ ਤੋਂ ਸਾਡਾ ਭਾਈਚਾਰਾ ਕਈ ਮੁੱਦਿਆਂ ‘ਤੇ ਛੋਟੇ ਮੋਰਚੇ ਲਾ ਕੇ ਉਲਝਿਆ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਜਿਸ ਰਸਤੇ ‘ਤੇ ਚੱਲਣਾ ਹੈ, ਸਾਨੂੰ ਇਸ ਸਭ ਦਾ ਸਾਹਮਣਾ ਕਰਨਾ ਪਵੇਗਾ। ਇਸ ਵਿਰੁੱਧ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ।
ਬੇਅੰਤ ਸਿੰਘ ਦੇ ਸਮੇਂ ਸਿੱਖਾਂ ਨਾਲ ਜੋ ਕੀਤਾ ਗਿਆ, ਹੁਣ ਵੀ ਉਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਉਹਨਾਂ ਵਿਰੁੱਧ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਤੇ ਰੋਸ ਪ੍ਰਦਰਸ਼ਨ ਕੀਤੇ। ਸਾਡੀ ਹਾਲਤ ਨੂੰ ਸਮਝਣ ਲਈ ਇਹ ਸਮਝਣਾ ਪਵੇਗਾ ਕਿ ਮਸਲਾ ਮੇਰੀ ਗ੍ਰਿਫ਼ਤਾਰੀ ਦਾ ਨਹੀਂ ਸਗੋਂ ਸਮੁੱਚੀ ਸਿੱਖ ਕੌਮ ’ਤੇ ਹੋਏ ਹਮਲੇ ਦਾ ਹੈ। ਉਹ ਨਾ ਪਹਿਲਾਂ ਗ੍ਰਿਫਤਾਰੀ ਤੋਂ ਡਰਦਾ ਸੀ ਤੇ ਨਾ ਹੁਣ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੌਮ ਦੀ ਅਗਵਾਈ ਕਰਨ ਦੀ ਅਪੀਲ ਕਰਦਿਆਂ ਵਿਸਾਖੀ ਤੇ ਸਰਬਤ ਖਾਲਸਾ ਬੁਲਾਉਣ ਦਾ ਸੱਦਾ ਦਿਂਦਿਆਂ ਹਰ ਇਕ ਸਿੱਖ ਨੂੰ ਇਸ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।