Headlines

ਕੈਨੇਡਾ ਵਿਚ ਹਜ਼ਾਰਾਂ ਠੱਗ ਲਾੜੇ -ਲਾੜੀਆਂ ਦੇ ਪੀ ਆਰ ਦੇ ਕੇਸ ਲਟਕੇ

-ਨਹੀ ਮਿਲ ਰਿਹਾ ਪੰਜਾਬ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ-

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਅੰਤਰਰਾਸ਼ਟਰੀ ਵਿਦਿਆਰਥੀ ਵਰਗ ਵਿੱਚ ਕੈਨੇਡਾ ਆਉਣ ਦੀ ਇੱਛਾ ਨੇ ਸਾਰੀਆਂ ਇਮਾਨਦਾਰੀਆਂ ‘ਤੇ ਅਜਿਹਾ ਪਾਣੀ ਫੇਰ ਦਿੱਤਾ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ‘ਚ ਵਿਦੇਸ਼ ਜਾਣ ਲਈ ਕਿਸੇ ਉੱਪਰ ਭਰੋਸਾ ਕਰਨਾ ਬੜੀ ਦੂਰ ਦੀ ਗੱਲ ਹੋ ਜਾਵੇ।
ਸੈਂਕੜੇ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ‘ਚ ਵਿਦੇਸ਼ ਪਹੁੰਚੇ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣੇ ਜੀਵਨ ਸਾਥੀਆਂ ਨਾਲ ਠੱਗੀਆਂ ਮਾਰਨ ਦੀਆਂ ਘਟਨਾਵਾਂ ਨੇ ਉਹ ਪਰਿਵਾਰ ਝੰਜੋੜ ਕੇ ਰੱਖ ਦਿੱਤੇ ਹਨ ਜਿਨ੍ਹਾਂ ਨੇ ਮੋਟੀਆਂ ਰਕਮਾਂ ਖਰਚ ਕੇ ਪਹਿਲਾਂ ਤਾਂ ਆਪਣੇ ਬੱਚਿਆਂ ਦੇ ਵਿਆਹ ਕੀਤੇ ਅਤੇ ਫੇਰ ਉਨ੍ਹਾਂ ਦੀਆਂ ਭਾਰੀ ਫ਼ੀਸਾਂ ਭਰਕੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ ਜਰਮਨੀ ਅਤੇ ਨਿਊਜੀਲੈਂਡ ਤੋਂ ਬਿਨਾਂ ਕਈ ਹੋਰ ਦੇਸ਼ਾਂ ਵਿੱਚ ਭੇਜਿਆ ਜਿੱਥੇ ਜਾ ਕੇ ਠੱਗ ਕਿਸਮ ਦੇ ਵਿਦਿਆਰਥੀਆਂ ਵੱਲੋਂ ਆਪਣੇ ਨਾਲ ਵਿਆਹੇ ਹੋਏ ਜੀਵਨ ਸਾਥੀ ਨੂੰ ਆਪਣੇ ਨਾਲ ਰੱਖਣ ਤੋਂ ਜਵਾਬ ਦੇ ਦਿੱਤਾ ਅਤੇ ਨਾ ਹੀ ਰਕਮ ਵਾਪਿਸ ਕਰਨ ਬਾਰੇ ਗੱਲ ਕਰਦੇ ਹਨ। ਅਜਿਹੇ ਕੇਸ ਜ਼ਿਆਦਾ ਤਰ ਲੜਕੀਆਂ ਦੇ ਸਾਹਮਣੇ ਆ ਰਹੇ ਹਨ। ਹਰ ਕੋਈ ਆਪਣੇ ਲੜਕੇ ਨੂੰ ਕੈਨੇਡਾ ਭੇਜਣ ਦੇ ਲਾਲਚ ਵਿੱਚ ਆਈ ਲੈਟਸ ਵਾਲੀ ਲੜਕੀ ਨਾਲ ਵਿਆਹ ਕੇ ਲੜਕੀ ਦੇ ਵਿਆਹ ਤੋਂ ਲੈ ਕੇ ਫ਼ੀਸਾਂ ਭਰਨ ਤੱਕ ਸਾਰਾ ਖਰਚ ਕਰ ਬੈਠਦੇ ਹਨ ਅਤੇ ਜਦੋਂ ਲੜਕੀ ਕੈਨੇਡਾ ‘ਚ ਪੱਕੇ ਪੈਰੀਂ ਹੋ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰ ਦੀ ਸ਼ਹਿ ‘ਤੇ ਲੜਕੇ ਨੂੰ ਕੈਨੇਡਾ ਬੁਲਾਉਣ ਤੋਂ ਜਵਾਬ ਦੇ ਦਿੰਦੀ ਹੈ ਅਤੇ ਫੇਰ ਮੁਕੱਦਮੋਂ ਮੁਕੱਦਮੀਂ ਸ਼ੁਰੂ ਹੋ ਜਾਂਦੀ ਹੈ।
ਇਸ ਸੰਬੰਧ ‘ਚ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਹੜੀਆਂ ਲੜਕੀਆਂ ਵੱਲੋਂ ਪੜ੍ਹਾਈ ਪੂਰੀ ਕਰਨ ਉਪਰੰਤ ਪੀ ਆਰ ਵਾਸਤੇ ਆਪਣੇ ਕਾਗਜਾਤ ਦਾਖਲ ਕਰਨ ਦੇ ਨਾਲ ਆਪਣੇ ਪਿਛਲੇ ਪਿੰਡ ਨਾਲ ਸੰਬੰਧਤ ਥਾਣੇ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈ ਕੇ ਨਾਲ ਦਾਖਲ ਕਰਨਾ ਪੈਂਦਾ ਹੈ। ਜਿਨ੍ਹਾਂ ਲੜਕੀਆਂ ਸਿਰ ਧੋਖਾਧੜੀ ਦੇ ਮੁਕੱਦਮੇ ਦਰਜ ਹੋ ਚੁੱਕੇ ਹਨ ਉਨ੍ਹਾਂ ਨੂੰ ਪੰਜਾਬ ਪੁਲਿਸ ਤੋਂ ਐਨ ਓ ਸੀ ਨਹੀਂ ਮਿਲ ਰਹੀ ਜਿਸ ਕਰਕੇ ਉਹ ਅੱਧ ਵਿਚਕਾਰ ਲਮਕ ਰਹੀਆਂ ਹਨ।
ਇਸ ਤੋਂ ਇਲਾਵਾ ਨਾ ਹੀ ਉਨ੍ਹਾਂ ਲੜਕੀਆਂ ਕੋਲ ਕੋਈ ਹੋਰ ਤਰੀਕਾ ਰਹਿ ਜਾਂਦਾ ਹੈ ਕਿ ਉਹ ਪੰਜਾਬੀ ਵਾਪਸ ਜਾ ਸਕਣ। ਜੇ ਪੰਜਾਬ ਵਾਪਸ ਜਾਂਦੀਆਂ ਵੀ ਹਨ ਤਾਂ ਮੁਕੱਦਮਾ ਦਰਜ ਹੋਣਾ ਕਰਕੇ ਗ੍ਰਿਫ਼ਤਾਰੀ ਪੱਕੀ ਹੈ ਕਿਉਂਕਿ ਜਿਨ੍ਹਾਂ ਪਰਿਵਾਰਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਉਹ ਪਰਿਵਾਰ ਅਜਿਹੀਆਂ ਠੱਗ ਲੜਕੀਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਕਦੋਂ ਸ਼ਿਕਾਰ ਉਨ੍ਹਾਂ ਦੇ ਜਾਲ ਵਿੱਚ ਆ ਕੇ ਫਸੇ।