ਸੁਖਵਿੰਦਰ ਸਿੰਘ ਚੋਹਲਾ——
ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੁਆਰਾ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਵਾਰਿਸ ਪੰਜਾਬ ਦੇ, ਜਥੇਬੰਦੀ ਦੇ ਮੁਖੀ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਆਰੰਭੀ ਗਈ ਫੜੋ ਫੜੀ ਦੀ ਕਾਰਵਾਈ ਨਾਲ ਪੰਜਾਬ ਵਿਚ ਡਰ ਤੇ ਭੈਅ ਦੇ ਮਾਹੌਲ ਦੀ ਹਰ ਪਾਸੇ ਚਰਚਾ ਹੈ। ਭਾਵੇਂਕਿ ਸਰਕਾਰ ਵਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਦਾ ਮੁੱਖ ਨਿਸ਼ਾਨਾ ਪੰਜਾਬ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਹ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਪਰ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸਬੰਧਿਤ ਸਿੱਖ ਨੌਜਵਾਨਾਂ ਨੂੰ ਬੰਦੀ ਬਣਾਕੇ ਪੰਜਾਬ ਤੋ ਬਾਹਰ ਦੀਆਂ ਜੇਲਾਂ ਵਿਚ ਸੁੱਟਣਾ ਅਤੇ ਉਹਨਾਂ ਖਿਲਾਫ ਕੌਮੀ ਸੁਰੱਖਿਆ ਐਕਟ ( ਐਨ ਐਸ ਏ) ਵਰਗੇ ਸਖਤ ਕਨੂੰਨ ਦੀ ਵਰਤੋਂ ਕਰਨਾ, ਹਾਕਮਾਂ ਦੇ ਇਰਾਦਿਆਂ ਨੂੰ ਜਾਹਰ ਕਰਦਾ ਹੈ। ਸੈਂਕੜੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਕਰਦਿਆਂ ਉਹਨਾਂ ਨੂੰ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਪੁੱਛਗਿੱਛ ਉਪਰੰਤ ਬੇਕਸੂਰ ਨੌਜਵਾਨਾਂ ਨੂੰ ਛੱਡ ਦਿੱਤਾ ਜਾਵੇਗਾ। ਇਸੇ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਜਾਂ ਭਗੌੜੇ ਹੋਣ ਬਾਰੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ 12 ਮਾਰਚ ਨੂੰ ਪੁਲਿਸ ਕਾਰਵਾਈ ਦੌਰਾਨ ਉਹ ਬਚ ਨਿਕਲਣ ਵਿਚ ਸਫਲ ਰਿਹਾ। ਪੰਜਾਬ ਪੁਲਿਸ ਦੇ ਕੰਮਕਾਰ ਦੇ ਢੰਗ ਤੋ ਜਾਣੂ ਲੋਕ ਇਹ ਮੰਨਣ ਲਈ ਤਿਆਰ ਨਹੀ ਕਿ ਉਹ ਇਤਨੀਆਂ ਭਾਰੀ ਪੇਸ਼ਬੰਦੀਆਂ ਤੇ ਸੁਰੱਖਿਆ ਦਸਤਿਆਂ ਦੇ ਪਹਿਰੇ ਹੇਠ ਫਰਾਰ ਕਿਵੇਂ ਹੋ ਗਿਆ। ਇਸ ਦੌਰਾਨ ਪੁਲਿਸ ਵਲੋਂ ਉਸਦੇ ਫਰਾਰ ਹੋਣ ਸਬੰਧੀ ਦਾਅਵਿਆਂ ਤੇ ਉਸਦੀਆਂ ਵੀਡੀਓ ਫੁਟੇਜ ਤੇ ਤਸਵੀਰਾਂ ਜਾਰੀ ਕੀਤੇ ਜਾਣ ਦੇ ਢੰਗ ਤਰੀਕਿਆਂ ਨੇ ਵੀ ਪੁਲਿਸ ਕਾਰਵਾਈ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ। ਹੁਣ ਇਕ ਤਾਜਾ ਵੀਡੀਓ ਕਲਿਪ ਜਰੀਏ ਅੰਮ੍ਰਿਤਪਾਲ ਸਿੰਘ ਵਲੋਂ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਵੇਖਿਆ ਗਿਆ ਹੈ ਜਿਸ ਵਿਚ ਉਸ ਵਲੋਂ ਭਾਰੀ ਪੁਲਿਸ ਘੇਰਾ ਤੋੜਕੇ ਫਰਾਰ ਹੋਣ, ਚੜਦੀ ਕਲਾ ਵਿਚ ਹੋਣ ਤੇ ਗ੍ਰਿਫਤਾਰੀ ਨੂੰ ਅਕਾਲ ਪੁਰਖ ਦੀ ਇੱਛਾ ਕਹਿਣ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰਬਤ ਖਾਲਸਾ ਸੱਦੇ ਜਾਣ ਦੀ ਅਪੀਲ ਕਰਦਿਆਂ ਸੁਣਿਆ ਜਾ ਸਕਦਾ ਹੈ। ਪੁਲਿਸ ਕਾਰਵਾਈ ਉਪਰੰਤ ਲਾਪਤਾ ਹੋਏ ਅੰਮ੍ਰਿਤਪਾਲ ਸਿੰਘ ਦੇ ਬਾਰੇ ਹੁਣ ਤੱਕ ਕੋਈ ਖਬਰ ਸੂਹ ਨਹੀ ਸੀ ਪਰ ਇਸ ਵੀਡੀਓ ਨੇ ਭਾਵੇਂ ਉਸਦੇ ਸਲਾਮਤ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਇਸ ਵੀਡੀਓ ਦੌਰਾਨ ਉਸਦੇ ਚਿਹਰੇ ਦੇ ਹਾਵਭਾਵ ਅਤੇ ਗੱਲਬਾਤ ਦੌਰਾਨ ਆਸੇ ਪਾਸੇ ਝਾਕਣ ਦੇ ਹਾਲਾਤ ਉਸਦੀ ਸਥਿਤੀ ਨੂੰ ਹੋਰ ਵੀ ਸ਼ੱਕੀ ਬਣਾਉਂਦੇ ਹਨ।
ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਵਿਚ ਹੀ ਹੈ ਤੇ ਤਾਜਾ ਵੀਡੀਓ ਪੁਲਿਸ ਦੀ ਨਿਗਰਾਨੀ ਹੇਠ ਹੀ ਤਿਆਰ ਕੀਤਾ ਗਿਆ ਲਗਦਾ ਹੈ। ਦੂਸਰਾ ਪੱਖ ਇਹ ਹੈ ਕਿ ਅਗਰ ਉਹ ਪੁਲਿਸ ਦੀ ਗ੍ਰਿਫਤ ਵਿਚ ਨਹੀ ਵੀ ਹੈ ਤਾਂ ਉਸਦੀ ਵੀਡੀਓ ਸ਼ਾਇਦ ਇਹ ਦੱਸਣ ਲਈ ਹੈ ਕਿ ਉਹ ਅਗਲੇ ਦਿਨਾਂ ਵਿਚ ਪੁਲਿਸ ਕੋਲ ਆਤਮ ਸਮਰਪਣ ਕਰ ਸਕਦਾ ਹੈ। ਭਾਵੇਂਕਿ ਇਸ ਸਬੰਧੀ ਇਕ ਹੋਰ ਵੀਡੀਓ ਜਾਰੀ ਕਰਕੇ ਸ਼ੰਕਾਵਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ਪਰ ਇਸਤੋ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉਸਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰ ਚੁੱਕੇ ਹਨ। ਸਿੰਘ ਸਾਹਿਬ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਕੋਈ ਅਜਿਹਾ ਘਿਨਾਉਣਾ ਜੁਰਮ ਨਹੀ ਕੀਤਾ ਜਿਸ ਲਈ ਉਸਨੁੰ ਪੁਲਿਸ ਤੋ ਭੱਜਣ ਦੀ ਲੋੜ ਹੋਵੇ । ਅੰਮ੍ਰਿਤਪਾਲ ਸਿੰਘ ਦੇ ਇਸ ਸਥਿਤੀ ਵਿਚ ਪੁੱਜਣ ਲਈ ਉਸ ਵਲੋਂ ਧਰਮ ਪ੍ਰਚਾਰ ਦੇ ਪਰਦੇ ਹੇਠ ਵੱਖਵਾਦੀ ਲਹਿਰ ਨੂੰ ਖੜਾ ਕਰਨ, ਨੌਜਵਾਨਾਂ ਨੂੰ ਇਸ ਨਾਲ ਜੋੜਨ ਤੇ ਸਰਕਾਰਾਂ ਨੂੰ ਸ਼ਰੇਆਮ ਚੁਣੌਤੀਆਂ ਦੇਣ ਲਈ ਉਸਦੇ ਖਿਲਾਫ ਐਨ ਐਸ ਏ ਲਗਾਏ ਜਾਣ ਦੇ ਕਈ ਕਾਰਣ ਗਿਣਾਏ ਜਾ ਸਕਦੇ ਹਨ ਪਰ ਉਸ ਅਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਦਾ ਜੋ ਢੰਗ ਤਰੀਕਾ ਅਪਣਾਇਆ ਗਿਆ ਹੈ, ਉਹ ਪੰਜਾਬ ਵਿਚ ਡਰ ਤੇ ਭੈਅ ਦਾ ਮਾਹੌਲ ਪੈਦਾ ਕਰਨ ਦੇ ਨਾਲ ਦੇਸ਼ ਭਰ ਵਿਚ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਹੈ। ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਉਪਰ ਆਪ ਸੁਪਰੀਮੋ ਕੇਜਰੀਵਾਲ ਵਲੋ ਇਹ ਪ੍ਰਚਾਰਨਾ ਕਿ ਭਗਵੰਤ ਮਾਨ ਸਰਕਾਰ ਨੇ ਬਿਨਾਂ ਇਕ ਗੋਲੀ ਚਲਾਏ ਪੰਜਾਬ ਵਿਚ ਸ਼ਾਂਤੀ ਸਥਾਪਿਤ ਕਰ ਦਿੱਤੀ ਹੈ, ਹਾਕਮੀ ਮਨਸ਼ਾ ਨੂੰ ਜਾਹਰ ਕਰਦਾ ਹੈ। ਸਮਝਣ ਦੀ ਲੋੜ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਵੀ ਭਾਜਪਾ ਦੇ ਮੁਕਾਬਲੇ ਭਾਰਤ ਭਰ ਵਿਚ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ ਖੁਦ ਨੂੰ ਵੱਡੇ ਰਾਸ਼ਟਰਵਾਦੀ ਹੋਣ ਦਾ ਪ੍ਰਚਾਰ ਕਰਨ ਵਿਚ ਰੁਝੀ ਹੋਈ ਹੈ। ਪੰਜਾਬ ਵਿਚ ਸਿੱਖ ਨੌਜਵਾਨਾਂ ਖਿਲਾਫ ਕਾਰਵਾਈ ਉਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਿੰਦੀ ਵਿਚ ਸਪੱਸ਼ਟੀਕਰਣ ਪੰਜਾਬੀਆਂ ਲਈ ਨਹੀ ਬਲਕਿ ਪੂਰੇ ਭਾਰਤ ਵਾਸੀਆਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਯਤਨ ਵਜੋ ਹੀ ਹੈ।
ਅੰਮ੍ਰਿਤਪਾਲ ਸਿੰਘ ਵਲੋਂ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਗੁਰੂ ਘਰਾਂ ਚੋ ਪਈਆਂ ਕੁਰਸੀਆਂ ਤੋੜਨ ਤੋ ਲੈਕੇ ਅਜਨਾਲਾ ਥਾਣਾ ਤੇ ਧਾਵਾ ਤੇ ਫਿਰ ਹੁਣ ਪੁਲਿਸ ਘੇਰਾਬੰਦੀ ਚੋ ਫਰਾਰ ਹੋਣ ਦੀਆਂ ਘਟਨਾਵਾਂ ਨੇ ਜਿਥੇ ਉਸਦੇ ਇਕ ਆਗੂ ਵਜੋਂ ਪਰਪੱਕ ਹੋਣ ਉਪਰ ਸਵਾਲੀਆ ਚਿੰਨ ਲਗਾਏ ਹਨ, ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਵਰਤਾਰੇ ਨਾਲ ਨਿਪਟਣ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿਆਸੀ ਤਾਅਨੇ ਮਾਰਨ ਅਤੇ ਰਾਸ਼ਟਰਵਾਦ ਪ੍ਰਤੀ ਹੇਜ਼ ਨੇ ਉਸਦੀ ਸੋਚ ਦਾ ਪੇਤਲਾਪਣ ਵੀ ਜੱਗ ਜਾਹਰ ਕਰ ਦਿੱਤਾ ਹੈ।
ਪਿਛਲੇ ਕੁਝ ਸਮੇਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵਜੋਂ ਅੰਮ੍ਰਿਤਪਾਲ ਸਿੰਘ ਦੀ ਕਿਸੇ ਵੱਡੀ ਸੰਪਰਦਾਇ ਦੇ ਮੁਖੀ ਵਾਂਗ ਦਸਤਾਰ ਬੰਦੀ, ਉਸ ਵਲੋਂ ਅੰਮ੍ਰਿਤ ਪ੍ਰਚਾਰ ਤੇ ਨਸ਼ਾ ਛੁਡਾਊ ਮੁਹਿੰਮ ਦੇ ਨਾਲ ਖਾਲਿਸਤਾਨ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਯਤਨ ਅਤੇ ਫਿਰਕੂ ਨਫਰਤ ਨੂੰ ਬੜਾਵਾ ਦੇਣ ਵਾਲੀ ਭਾਸ਼ਣਬਾਜੀ ਕਾਰਣ ਹਾਲਾਤ ਜੋ ਵੀ ਬਣੇ ਜਾਂ ਬਣਦੇ ਨਜ਼ਰ ਆਉਂਦੇ ਹੋਣ ਪਰ ਇਹਨਾਂ ਹਾਲਤਾਂ ਨਾਲ ਨਿਪਟਣ ਲਈ ਸਰਕਾਰੀ ਪੇਸ਼ਬੰਦੀਆਂ ਦੇ ਨਾਮ ਹੇਠ ਪੂਰੇ ਸਿੱਖ ਭਾਈਚਾਰੇ ਨੂੰ ਦੇਸ਼ ਵਿਦੇਸ਼ ਵਿਚ ਬਦਨਾਮ ਕਰਨ ਅਤੇ ਉਹਨਾਂ ਦੀ ਦੇਸ਼ ਪ੍ਰਤੀ ਵਫਾਦਾਰੀ ਨੂੰ ਸ਼ੱਕੀ ਬਣਾਉਣ ਤੇ ਰਾਜਸੀ ਲਾਹਾ ਉਠਾਉਣ ਦੇ ਯਤਨਾਂ ਨੂੰ ਰਾਜਸੀ ਕਰਾਈਮ ਸਮਝਿਆ ਜਾਣਾ ਚਾਹੀਦਾ ਹੈ। ਤੇ ਇਸ ਰਾਜਸੀ ਕਰਾਈਮ ਦਾ ਇਲਜਾਮ ਹੁਣ ਉਹ ਪਾਰਟੀ ਉਪਰ ਹੈ ਜਿਸਨੂੰ ਬੜੇ ਚਾਵਾਂ ਤੇ ਉਮੀਦਾਂ ਨਾਲ ਪੰਜਾਬੀਆਂ ਨੇ ਰਾਜ ਭਾਗ ਸੌਂਪਿਆ ਹੈ।
ਤੂੰ ਰੀਝਾਂ ਦੀ ਸੂਈ ਨਾਲ ਉਕਰਿਆ ਸੀ ਜੋ ਰੁਮਾਲਾਂ ਤੇ
ਉਹਨਾਂ ਧੁੱਪਾਂ ਦਾ ਕੀ ਬਣਿਆ, ਛਾਵਾਂ ਦਾ ਕੀ ਬਣਿਆ।