Headlines

ਅੰਮ੍ਰਿਤਪਾਲ ਦੇ ਸਮਰਥਕਾਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਵਿੱਚ ਦੇਰੀ

ਚੰਡੀਗੜ੍ਹ, 2 ਅਪਰੈਲ

ਖਾਲਿਸਤਾਨ ਸਮਰਥਕਾਂ ’ਤੇ ਚੱਲ ਰਹੀ ਕਾਰਵਾਈ ਦੌਰਾਨ ਪਤਾ ਲੱਗਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਗੰਨਮੈਨਾਂ ਨੂੰ ਦਿੱਤੇ ਹਥਿਆਰਾਂ ਦੇ ਲਾਇਸੈਂਸਾਂ ਨੂੰ ਰੱਦ ਕਰਨ ਵਿੱਚ ਦੇਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਭਗੌੜੇ ਪ੍ਰਚਾਰਕ ਦੇ ਦੋ ਨਿੱਜੀ ਸੁਰੱਖਿਆ ਅਫਸਰ ਫੌਜ ਤੋਂ ਸੇਵਾਮੁਕਤ ਹਨ। ਉਨ੍ਹਾਂ ਦੀ ਪਛਾਣ 19ਵੀਂ ਸਿੱਖ ਰੈਜੀਮੈਂਟ ਦੇ ਵਰਿੰਦਰ ਸਿੰਘ ਅਤੇ 23ਵੀਂ ਆਰਮਡ ਪੰਜਾਬ ਰੈਜੀਮੈਂਟ ਦੇ ਤਲਵਿੰਦਰ ਸਿੰਘ ਵਜੋਂ ਹੋਈ ਸੀ। ਉਨ੍ਹਾਂ ਨੇ ਆਪਣੇ ਹਥਿਆਰਾਂ ਦੇ ਲਾਇਸੈਂਸ ਜਾਂ ਤਾਂ ਨਵਿਆਏ ਸਨ ਜਾਂ ਨੇੜਲੇ ਜ਼ਿਲ੍ਹਿਆਂ ਤੋਂ ਲਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਇੰਟੈਲੀਜੈਂਸ) ਵੱਲੋਂ 12 ਜਨਵਰੀ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖੇ ਜਾਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਸਕਦੀ ਹੈ।