Headlines

ਮਨੁੱਖਤਾ ਨੂੰ ਸਮਰਪਿਤ: ਨਰਾਇਣ ਸੇਵਾ ਸੰਸਥਾਨ

ਮਨਧੀਰ ਸਿੰਘ ਦਿਓਲ-

ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਉੱਦੋਂ ਤੋਂ ਹੀ ਭਲਾਈ ਕਰਨ ਵਾਲੇ ਵੀ ਪੈਦਾ ਹੁੰਦੇ ਆਏ ਹਨ। ਲੋਕਾਂ ਦੀ ਸੇਵਾ ਕਰਨਾ ਇੱਕ ਸੁਚੱਜਾ ਤੇ ਸੰਤੁਸ਼ਟ ਜੀਵਨ ਜੀਣ ਵਾਲਾ ਰਾਹ ਹੈ। ਅਜਿਹੇ ਹੀ ਰਾਹ ’ਤੇ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ‘ਨਰਾਇਣ ਸੇਵਾ ਸੰਸਥਾਨ’ ਪੋਲੀਓ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਪੱਖੋਂ ਮਦਦ ਕਰਦੀ ਹੈ।

ਨਰਾਇਣ ਸੇਵਾ ਸੰਸਥਾਨ ਵੱਲੋਂ ਪੋਲੀਓ ਪੀੜਤਾਂ ਨੂੰ ਨਕਲੀ ਅੰਗ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ। ਸੰਸਥਾ ਨੇ ਉਦੈਪੁਰ ਵਿੱਚ ਵੱਡਾ ਹਸਪਤਾਲ ਕਾਇਮ ਕੀਤਾ ਹੋਇਆ ਹੈ ਜਿੱਥੇ ਮਰੀਜ਼ਾਂ ਦੇ ਰੁਕਣ ਦੇ ਸਾਰੇ ਮੁਫ਼ਤ ਪ੍ਰਬੰਧ ਹਨ ਤੇ ਨਾਲ ਆਏ ਤਾਮੀਰਦਾਰਾਂ ਨੂੰ ਠਹਿਰਨ ਦੇ ਪ੍ਰਬੰਧ ਕੀਤੇ ਹੋਏ ਹਨ।ਹਰ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਤੇ ਨਕਲੀ ਅੰਗ ਸਸਤੇ ਤੇ ਘੱਟ ਭਾਰ ਵਾਲੇ ਬਣਾਏ ਜਾਂਦੇ ਹਨ। ਇਸ ਲਈ ਪਲਾਂਟ ਵੀ ਆਪਣਾ ਹੀ ਲਾਇਆ ਹੋਇਆ ਹੈ ਜਿੱਥੇ ਮਾਹਰਾਂ ਵੱਲੋਂ ਇਹ ਨਕਲੀ ਅੰਗ ਤਿਆਰ ਕੀਤੇ ਜਾਂਦੇ ਹਨ।

ਸੰਸਥਾ ਬਣਾਉਣ ਦਾ ਸੁਪਨਾ 1976 ਵਿੱਚ ਕੈਲਾਸ਼ ‘ਮਾਨਵ’ ਵੱਲੋਂ ਸੰਜੋਇਆ ਗਿਆ ਤੇ 23 ਅਕਤੂਬਰ 1985 ਨੂੰ ਇਹ ਸੰਸਥਾ ਮੌਜੂਦਾ ਰੂਪ ਵਿੱਚ ਸਾਹਮਣੇ ਆਈ। ਉਂਝ ਕੈਲਾਸ਼ ਦੇ ਪੁੱਤਰ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ 1978 ਅੰਦਰ ਰਾਜਸਥਾਨ ਵਿੱਚ ਪਏ ਅਕਾਲ ਦੌਰਾਨ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਤੇ ਗ਼ਰੀਬਾਂ ਨੂੰ ਦਵਾਈ ਦਾ ਪ੍ਰਬੰਧ ਕਰਕੇ ਕੈਲਾਸ਼ ਮਾਨਵ ਸਮਾਜ ਸੇਵਾ ਲਈ ਪੱਕੇ ਤੌਰ ’ਤੇ ਹੀ ਸਰਮਪਿਤ ਹੋ ਗਏ। ਉੱਦੋਂ ‘ਇੱਕ ਮੁੱਠੀ ਅਨਾਜ’ ਦੀ ਮੁਹਿੰਮ ਬੋਤਾ-ਗੱਡੀ ’ਤੇ ਚਲਾ ਕੇ ਉਨ੍ਹਾਂ ਹਰ ਘਰ ਤੋਂ ਅਨਾਜ, ਸੱਤੂ ਤੇ ਬਚੀਆਂ ਦਵਾਈਆਂ ਇੱਕਠੀਆਂ ਕੀਤੀਆਂ। ਉੱਦੋਂ 13 ਸਾਲ ਦੇ ਪ੍ਰਸ਼ਾਂਤ ਅਗਰਵਾਲ ਨੇ ਵੀ ਇਸ ਕਾਰਜ ਵਿੱਚ ਹੱਥ ਵਟਾਇਆ ਤੇ ਅੱਗੇ ਚੱਲ ਕੇ ਪਿਤਾ ਦੇ ਸੁਪਨਿਆਂ ਨੂੰ ਹੋਰ ਖੰਭ ਦਿੱਤੇ।

ਹੁਣ ਤੱਕ ਇਹ ਸੰਸਥਾ ਨੇ 4 ਲੱਖ 40 ਹਜ਼ਾਰ ਤੋਂ ਵੱਧ ਅੰਗਹੀਣਾਂ ਦੀ ਜ਼ਿੰਦਗੀ ਸੌਖੀ ਕੀਤੀ ਹੈ ਤੇ ਉਨ੍ਹਾਂ ਨੂੰ ਢੁੱਕਵੇਂ ਨਕਲੀ ਅੰਗ ਦਿੱਤੇ ਹਨ। 1997 ਵਿੱਚ 15-20 ਅਪਰੇਸ਼ਨ ਰੋਜ਼ਾਨਾ ਹੁੰਦੇ ਸਨ ਪਰ ਹੁਣ ਰੋਜ਼ਾਨਾ 100 ਤੋਂ ਵੱਧ ਲੋਕਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਰੋਜ਼ਾਨਾ 500 ਤੋਂ ਵੱਧ ਪੋਲੀਓ ਗ੍ਰਸਤ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਜ ਵਿੱਚ ਮੁਫ਼ਤ ਐਕਸਰੇਅ, ਲੈੱਬ ਜਾਂਚ, ਦਵਾਈਆਂ ਤੇ ਪਲੱਸਤ ਸਮੇਤ ਰਹਿਣ-ਖਾਣ ਦਾ ਪ੍ਰਬੰਧ ਸ਼ਾਮਲ ਹੈ। ਰੋਜ਼ਾਨਾ 3 ਹਜ਼ਾਰ ਰੋਗੀਆਂ ਨੂੰ ਇਹ ਸੰਸਥਾ ਸਾਂਭਦੀ ਹੈ ਜਿਸ ਲਈ ਉੱਚਿਤ ਰਿਹਾਇਸ਼ ਦਾ ਸਮੁੱਚਾ ਪ੍ਰਬੰਧ ਵੀ ਹੈ। 20 ਡਾਕਟਰਾਂ ਦੀ ਟੀਮ 12 ਹਸਪਤਾਲਾਂ ਵਿੱਚ ਇਲਾਜ ਕਰਦੀ ਹੈ। ਅੰਗਹੀਣਾਂ ਲਈ ਟ੍ਰਾਈਸਾਈਕਲ, ਵਿਸ਼ੇਸ਼ ਕੁਰਸੀ ਤੇ ਕੈਲੀਪਰਸ ਦਿੱਤੇ ਜਾਂਦੇ ਹਨ। 20 ਹਜ਼ਾਰ ਅੰਗਹੀਣਾਂ ਨੂੰ ਨਕਲੀ ਹੱਥ ਤੇ ਲੱਤਾਂ (ਲੰਿਬ) ਲਾਈਆਂ ਜਾ ਚੁੱਕੀਆਂ ਹਨ।

ਅੰਗਹੀਣਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਜੋਗਾ ਕਰਨ ਦਾ ਕੰਮ ਵੀ ਸੰਸਥਾ ਕਰਦੀ ਹੈ। ਦੋ ਸਿਲਾਈ-ਕਢਾਈ ਕੇਂਦਰ ਮਹਿੰਗੀਆਂ ਵਿਦੇਸ਼ੀ ਸਿਲਾਈ ਮਸ਼ੀਨਾਂ ਸਥਾਪਤ ਕਰਕੇ ਚਲਾਏ ਜਾ ਰਹੇ ਹਨ, ਜਿੱਥੇ ਅੰਗਹੀਣ ਮਾਹਰਾਂ ਕੋਲੋਂ ਸਿਲਾਈ ਸਿਖਦੇ ਹਨ ਤੇ ਫਿਰ ਫੈਸ਼ਨ ਵਾਲੇ ਕੱਪੜੇ ਤਿਆਰ ਕਰਦੇ ਹਨ। ਸਿਲਾਈ ਕੇਂਦਰ ਦੇ ਮੈਨੇਜਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਿਲਾਈ ਕੇਂਦਰਾਂ ਵਿੱਚ ਆਰਡਰ ਉਪਰ ਕੱਪੜੇ ਤਿਆਰ ਕਰਕੇ ਵੇਚੇ ਜਾਂਦੇ ਹਨ ਤੇ ਲਾਭ ਦਾ ਹਿੱਸਾ ਇੱਥੇ ਕੰਮ ਕਰਦੀਆਂ ਲੜਕੀਆਂ ਤੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਮੋਬਾਈਲ ਫੋਨ ਮੁਰੰਮਤ ਵੀ ਸਿਖਾਈ ਜਾ ਰਹੀ ਹੈ।

ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਹਰ ਸਾਲ 2 ਵਾਰ ਅੰਗਹੀਣਾਂ ਦੇ ਸਮੂਹਿਕ ਵਿਆਹ ਕੀਤੇ ਜਾਂਦੇ ਹਨ ਤੇ ਹੁਣ ਤੱਕ 36 ਵਿਆਹ ਸਮਾਗਮ ਰਚਾ ਕੇ 2130 ਜੋੜਿਆਂ ਦੇ ਵਿਆਹ ਸੰਸਥਾ ਕਰ ਚੁੱਕੀ ਹੈ। ਅੰਗਹੀਣਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਨਰਾਇਣ ਚਿਲਡਰਨ ਅਕਾਦਮੀ ਵਿੱਚ 250 ਆਦਿਵਾਸੀ, ਗ਼ਰੀਬ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ। ਨਰਾਇਣ ਸੇਵਾ ਸੰਸਥਾਨ ਦੀਆਂ ਕੈਨੇਡਾ ਸਮੇਤ ਕੁੱਲ 47 ਮੁਲਕਾਂ ਵਿੱਚ ਸ਼ਾਖਾਵਾਂ ਹਨ। ਕੈਨੇਡਾ ਵਿੱਚ ਸੰਸਥਾ ਲਈ ਵੱਡੇ ਦਾਨੀ ਮਦਦ ਕਰ ਰਹੇ ਹਨ।ਭਾਰਤ ਵਿੱਚ ਵੀ 448 ਸ਼ਾਖਾਵਾਂ ਹਨ।

ਫੋਟੋ: ਪ੍ਰਸ਼ਾਂਤ ਅਗਰਵਾਲ ਸੰਸਥਾ ਬਾਰੇ ਜਾਣਕਾਰੀ ਦਿੰਦੇ ਹੋਏ (ਨੌਜਵਾਨ ਹਲਕੀ ਲਾਈਨਾਂ ਵਾਲੀ ਫੋਟੋ ਵਿੱਚ ਕੁਰਸੀ ਉਪਰ ਬੈਠੇ ਹੋਏ