Headlines

ਕੱਲ੍ਹੇ ਨਾਅਰਿਆਂ ਤੇ ਜੈਕਾਰਿਆਂ ਨਾਲ ਨਹੀਂ ਮਿਲਣਾ ਖਾਲਿਸਤਾਨ-ਮਨਿੰਦਰ ਗਿੱਲ

ਕੈਨੇਡਾ ਦੇ ਖਾਲਿਸਤਾਨੀ ਯੋਧਿਆਂ ਦੀ ਪੰਜਾਬ ਦੀ ਧਰਤੀ ਨੂੰ ਲੋੜ-

ਸਰੀ ( ਬਲਦੇਵ ਸਿੰਘ ਭੰਮ)- ਖਾਲਿਸਤਾਨ ਦੀ ਪ੍ਰਾਪਤੀ ਬਾਹਵਾਂ ਉੱਚੀਆਂ ਕਰਕੇ ਮਾਰੇ ਨਾਅਰਿਆਂ-ਜੈਕਾਰਿਆਂ ਨਾਲ ਨਹੀਂ ਹੋਣੀ ਸਗੋਂ ਉਸ ਲਈ ਸੁਹਿਰਦਤਾ ਨਾਲ ਲੜਾਈ ਲੜਨੀ ਪੈਣੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਕਿਹਾ ਕਿ ਯੂਕਰੇਨ ਨੂੰ ਜਿੱਤਣ ਲਈ ਰੂਸ ਦੀਆਂ ਫੌਜਾਂ ਯੂਕਰੇਨ ਚ ਆਕੇ ਲੜ ਰਹੀਆਂ ਹਨ, ਪਰ ਸਾਡੇ ਖਾਲਿਸਤਾਨੀ ਆਗੂ 14 ਹਜ਼ਾਰ ਕਿਲੋਮੀਟਰ ਦੂਰ ਕੈਨੇਡਾ ‘ਚ ਨਾਅਰੇ ਮਾਰਕੇ ਖਾਲਿਸਤਾਨ ਦੇ ਸੁਪਨੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖਾਲਿਸਤਾਨ ਮੰਤਰੀ ਮੰਡਲ ਨੂੰ ਅਪੀਲ ਹੈ ਕਿ ਕੁਝ ਵੀ ਪਾਲ ਲਓ, ਪਰ ਕੋਈ ਵਹਿਮ ਨਾ ਪਾਲੋ।
ਗਿੱਲ ਨੇ ਕਿਹਾ ਕਿ ਜਿਵੇਂ ਖਾਲਿਸਤਾਨ ਦੇ ਨਾਮਨਿਹਾਦ ‘ਉੱਪ ਰਾਸ਼ਟਰਪਤੀ’ ਹਰਦੀਪ ਸਿੰਘ ਨਿੱਝਰ, ਆਪੂੰ ਬਣੇ ਜਥੇਦਾਰ ਸਤਿੰਦਰਪਾਲ ਸਿੰਘ ਗਿੱਲ ਦੀ ਹਾਜ਼ਰੀ ਚ ਸਰੀ ਚ ਕਿਸੇ ਨੂੰ ਖੰਘਣ ਨਾ ਦੇਣ ਦੀਆਂ ਦਾਬੇ ਮਾਰਦੇ ਹਨ ਓਵੇਂ ਹੀ ਇੰਦਰਜੀਤ ਸਿੰਘ ਬੈਂਸ ਪੰਜਾਬ ਤੋ ਕਿਸੇ ਐਮ ਪੀ, ਐਮ ਐਲ ਏ ਨੂੰ ਸਰੀ ਚ ਨਾ ਵੜਣ ਦੇਣ ਦੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੋਵੇਂ ਪੋਤਰੇ ਰਵਨੀਤ ਸਿੰਘ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ, 10-10 ਦਿਨ ਸਰੀ ਵਿੱਚ ਰਹਿਕੇ ਗਏ ਹਨ ਤੇ ਇਸ ਦੌਰਾਨ ਖਾਲਿਸਤਾਨੀ ਨੇਤਾਵਾਂ ਨੂੰ ਮਿਲਦੇ ਵੀ ਰਹੇ ਹਨ। ਗਿੱਲ ਅਨੁਸਾਰ ਇਕ ਸਥਾਨਕ ਬੈਂਕੁਇਟ ਹਾਲ ‘ਚ ਗੁਰਕੀਰਤ ਕੋਟਲੀ, ਰਾਣਾ ਗੁਰਜੀਤ ਅਤੇ ਰਮਨਜੀਤ ਸਿੱਕੀ ਦਾ ਸਮਾਗਮ ਵੀ ਹੋਇਆ ਤੇ ਖਾਲਿਸਤਾਨੀਆਂ ਅਤੇ ਕਮਿਊਨਿਟੀ ਆਗੂਆਂ ਨੇ ਇਸ ਵਿੱਚ ਸ਼ਿਰਕਤ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਭਾਜਪਾ ਅਤੇ ਕਾਂਗਰਸ ਦੇ ਨੇਤਾ ਕਿੰਨੀ ਵਾਰ ਗੁਰਦੁਆਰਾ ਦਸਮੇਸ਼ ਦਰਬਾਰ ‘ਚ ਆਏ ਤੇ ਸੰਗਤ ਨੂੰ ਸੰਬੋਧਨ ਵੀ ਕਰਕੇ ਗਏ ਹਨ, ਜੇ ਨਹੀਂ ਯਾਦ ਤਾਂ ਮੈਂ ਯਾਦ ਕਰਵਾ ਸਕਦਾ ਹਾਂ। ਉਨ੍ਹਾਂ ਕਿਹਾ ਕਿ ਜੇ ਅੱਜ ਤੱਕ ਕਿਸੇ ਵੀ ਕਾਂਗਰਸੀ ਆਗੂ ਦਾ ਤੁਸੀਂ ਵਿਰੋਧ ਕੀਤਾ ਹੈ ਤਾਂ ਉਹ ਵੀ ਦੱਸ ਦਿਓ,  ਤੁਸੀਂ ਸਿਰਫ ਅਕਾਲੀਆਂ ਦਾ ਹੀ ਵਿਰੋਧ ਕੀਤਾ ਹੈ  ,ਪਰ ਇਸ ਸਭ ਕਾਸੇ ਦੇ ਬਾਵਜੂਦ ਤੁਸੀਂ ਕਿਹੜੇ ਵਿਰੋਧ ਦੀ ਗੱਲ ਕਰ ਰਹੇ ਓ ਸੰਗਤ ਨੂੰ ਵੀ ਸਮਝਾਓ।
ਉਨ੍ਹਾਂ ਕਿਹਾ ਕਿ ਖਾਲਿਸਤਾਨ ਦੇ ‘ਰਾਸ਼ਟਰਪਤੀ’ ਗੁਰਪਤਵੰਤ ਸਿੰਘ ਪੰਨੂ ਤੇ ਉਪ ਰਾਸ਼ਟਰਪਤੀ ਹਰਦੀਪ ਸਿੰਘ ਨਿੱਝਰ ਅਤੇ  ਉਨ੍ਹਾਂ ਦੇ ਸਾਥੀ ਮੰਤਰੀ ਸਾਹਿਬਾਨ ਕਹਿੰਦੇ ਹਨ ਕਿ “ਸਾਨੂੰ ਪੁਲਿਸ ਅਧਿਕਾਰੀਆਂ ਦੇ ਕੈਨੇਡਾ ਰਹਿੰਦੇ ਬੱਚਿਆਂ ਦਾ ਡਾਟਾ ਦਿਓ ਅਸੀਂ ਏਥੇ ਉਨ੍ਹਾਂ ਤੇ ਕਾਰਵਾਈ ਕਰਾਂਗੇ”, ਕੀ ਇਨ੍ਹਾਂ ਨੂੰ ਨਹੀਂ ਪਤਾ ਕਿ ਬੱਚੇ ਕਿੱਥੇ ਪੜ੍ਹਦੇ ਹਨ, ਜੇ ਇਨ੍ਹਾਂ ਵਿਚ ਹਿੰਮਤ ਹੈ ਤਾਂ ਕਿਸੇ ਇੱਕ ਬੱਚੇ ਦੀ ਹਵਾ ਵੱਲ ਵੀ ਝਾਕ ਕੇ ਵਿਖਾਓਣ।
ਉਨ੍ਹਾਂ ਖਾਲਿਸਤਾਨੀ ਆਗੂਆਂ ਨੂੰ ਕਿਹਾ ਕਿ ਸੁੱਖੀ ਸਾਂਦੀ ਵੱਸਦੇ ਸਰੀ ਦੇ ਸਿੱਖ ਭਾਈਚਾਰੇ ਤੇ ਤਰਸ ਕਰੋ, ਜੇ ਤੁਹਾਡੇ ਵਿਚ ਕੋਈ ਅਣਖ  ਹੈ ਤਾਂ ਕੌਮ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਖਾਲਿਸਤਾਨ ਦੀ ਲੜਾਈ ਲੜਨ ਲਈ ਹਰਦੀਪ ਸਿੰਘ ਨਿੱਝਰ, ਸਤਿੰਦਰਪਾਲ ਸਿੰਘ ਗਿੱਲ, ਇੰਦਰਜੀਤ ਸਿੰਘ ਬੈਂਸ, ਰਣਜੀਤ ਸਿੰਘ ਖਾਲਸਾ ਅਤੇ ਮਨਿੰਦਰ ਸਿੰਘ ਬੋਇਲ ਵਰਗੇ ਯੋਧਿਆਂ ਦੀ ਖਾਲਿਸਤਾਨ ਦੀ ਧਰਤੀ ‘ਤੇ ਲੋੜ ਹੈ। ਜੇ ਹਿੰਮਤ ਹੈ ਤਾਂ ਆਓ ਪੰਜਾਬ ਚੱਲੀਏ ! ਮੈਂ ਵੀ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ।