Headlines

ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅਤਿ ਨਿੰਦਣਯੋਗ

ਵੈਨਕੂਵਰ ( ਡਾ ਗੁਰਵਿੰਦਰ ਸਿੰਘ )-‘ਪੰਜਾਬੀ ਨਿਊਜ਼ ਆਨ ਲਾਈਨ’ ਦੇ ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਅੱਤ ਨਿੰਦਣਯੋਗ ਹੈ। ਦਰਅਸਲ ਸੁਖਨੈਬ ਸਿੱਧੂ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਭੜਕਾਹਟ ਪੈਦਾ ਕਰਨ, ਦੋ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਅਤੇ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਜਿਹੀਆਂ ਸੰਗੀਨ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਅਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਸੱਚ ਹੈ ਕਿ ਕਿਸੇ ਸਮੇਂ ਸੁਖਨੈਬ ਸਿੱਧੂ ਅੱਜ ਕੱਲ ਆਪ ਸਰਕਾਰ ਦੇ ਮੀਡੀਆ ਇੰਚਾਰਜ ਬਲਤੇਜ ਪੰਨੂੰ ਦਾ ਅਤਿ ਨਜ਼ਦੀਕੀ ਰਿਹਾ। ਸੁਖਨੈਬ ਸਿੱਧੂ ਨੇ ਪੰਨੂੰ ਦੀ ਗ੍ਰਿਫ਼ਤਾਰੀ ‘ਤੇ ਹਾਅ ਦਾ ਨਾਅਰਾ ਵੀ ਮਾਰਿਆ ਸੀ। ਇਹ ਵੀ ਚਰਚਾ ਹੈ ਕਿ ਸੁਖਨੈਬ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ ‘ਪੰਜਾਬ ਦੀ ਵੱਡੀ ਸਿਆਸੀ ਧਿਰ’ ਨਾਲ ਸੰਬੰਧਿਤ ‘ਹਾਈ ਪ੍ਰੋਫਾਈਲ’ ਦੱਸਿਆ ਜਾ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਕਿ ਪੁਲਿਸ ਵਲੋਂ ਪੱਤਰਕਾਰ ਦੇ ਪਰਿਵਾਰ ਅਤੇ ਮੀਡੀਆ ਕਰਮੀਆਂ ਨੂੰ ਦਰਜ ਐਫ.ਆਈ.ਆਰ. ਦੀ ਕਾਪੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ।
ਸੁਖਨੈਬ ਸਿੱਧੂ ਦੀਆਂ ਜਿੱਥੇ ਬਲਤੇਜ ਪੰਨੂ ਨਾਲ ਤਸਵੀਰਾਂ ਹਨ, ਉਥੇ ਮੌਜੂਦਾ ਸਮੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਲਾਹਕਾਰ (ਕਲਾ, ਸਭਿਆਚਾਰ ਅਤੇ ਭਾਸ਼ਾ) ਦੀਪਕ ਬਾਲੀ ਹੋਰਾਂ ਨਾਲ ਵੀ ਤਸਵੀਰਾਂ ਦਿਖਾਈ ਦਿੰਦੀਆਂ ਹਨ। ਦੀਪਕ ਬਾਲੀ ਸਮੇਤ ਸਭਨਾਂ ਨੂੰ ਅਜਿਹੀਆਂ ਗ੍ਰਿਫ਼ਤਾਰੀਆਂ ਦਾ, ਸਿਆਸੀ ਦਾਇਰਿਆਂ ਤੋਂ ਉਪਰ ਉਠ ਕੇ ਸਿਰਫ ਵਿਰੋਧ ਹੀ ਨਹੀਂ ਕਰਨਾ ਚਾਹੀਦਾ, ਬਲਕਿ ਸਰਕਾਰ ਨੂੰ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਜੋਕਾਂ ਦੀ ਥਾਂ ਲੋਕਾਂ ਦਾ ਸਾਥ ਦਿੱਤਾ ਜਾਣਾ ਬਣਦਾ ਹੈ। ਜਾਣਕਾਰੀ ਅਨੁਸਾਰ ਸੁਖਨੈਬ ਸਿੱਧੂ ਨੂੰ ਪੁਲਿਸ ਵਲੋਂ ਜੁਡੀਸ਼ੀਅਲ ਮੈਟਿਸਟ੍ਰੇਟ ਅੱਗੇ ਪੇਸ਼ ਕਰਕੇ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਪ੍ਰੰਤੂ ਰਿਮਾਂਡ ਉਪਰੰਤ ਉਸ ਨੂੰ ਪੁੱਛਗਿੱਛ ਲਈ ਕਿੱਥੇ ਲਿਜਾਇਆ ਗਿਆ ਹੈ, ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ | ਪੁਲਿਸ ਨੇ ਸੁਖਨੈਬ ਸਿੱਧੂ ਖ਼ਿਲਾਫ਼ ਭਾਰਤੀ ਡੰਡ ਵਿਧਾਨ ਦੀਆਂ ਧਾਰਾਵਾਂ 153-ਏ, 153-ਬੀ, 505, 505(2), 355, 506, 507 ਤਹਿਤ ਐਫ. ਆਈ. ਆਰ. ਨੰਬਰ 40 ਮਿਤੀ 5 ਅਪ੍ਰੈਲ 2023 ਪੁਲਿਸ ਥਾਣਾ ਨਥਾਣਾ ਵਿਖੇ ਦਰਜ ਕੀਤੀ ਹੈ ਤੇ ਆਖ਼ਰੀ ਖ਼ਬਰਾਂ ਮਿਲਣ ਤੱਕ ਸੁਖਨੈਬ ਸਿੱਧੂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।
ਸੁਖਨੈਬ ਸਿੱਧੂ ‘ਤੇ ਇਹ ਦੋਸ਼ ਲਾਉਣਾ ਕਿ ਸਰਕਾਰ ਲਈ ਭੜਕਾਹਟ ਪੈਦਾ ਕਰ ਰਿਹਾ ਸੀ, ਦੇਸ਼ ਦੀ ਅਖੰਡਤਾ ਲਈ ਖਤਰਾ ਸੀ, ਇਹ ਸਰਕਾਰ ਦੇ ਘੜੇ-ਘੜਾਏ ਬਿਰਤਾਂਤ ਹਨ, ਜੋ ਹੋਰਨਾਂ ਦੇ ਵਿਰੁੱਧ ਵੀ ਸਰਕਾਰ ਵਰਤ ਰਹੀ ਹੈ। ਇੱਥੋਂ ਤਕ ਕਿ ਸੁਪਰੀਮ ਕੋਰਟ ਵੀ ਪੱਤਰਕਾਰ ਖ਼ਿਲਾਫ਼ ਸਰਕਾਰੀ ਕਾਰਵਾਈਆਂ ਲਈ ਝਾੜ-ਝੰਬ ਕਰ ਰਹੀ ਹੈ। ਬੀਬੀਸੀ ਪੰਜਾਬੀ ਦਾ twitter account ਬੰਦ ਕਰਨਾ, ਇਸ ਤੋਂ ਇਲਾਵਾ ਸਿੱਖ ਸਿਆਸਤ ਦੇ ਭਾਈ ਪਰਮਜੀਤ ਸਿੰਘ ਦੇ ਘਰੇ ਛਾਪੇਮਾਰੀ ਕਰਨੀ, youtube channel ਤੋਂ ਸ਼ਿਵ ਇੰਦਰ ਦੀਆਂ ਵਿਡੀਓਜ਼ ਹਟਾਉਣਾ ਅਤੇ ਕਈ ਹੋਰਨਾਂ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ ਆਮ ਵਰਤਾਰਾ ਬਣ ਚੁੱਕਿਆ ਹੈ। ਅਜਿਹੀ ਹਰ ਕਾਰਵਾਈ ਦਾ ਵਿਰੋਧ ਕਰਦੇ ਹਾਂ, ਜੋ ਲੋਕਾਂ ਦੀ ਆਵਾਜ਼ ਦਬਾ ਰਹੀ ਹੈ। ਅਜਿਹੀਆਂ ਧੱਕੇਸ਼ਾਹੀਆਂ ਖਿਲਾਫ਼ ਬੋਲਣ ਤੋਂ ਜਿਹੜੇ ਅੱਜ ਗੁਰੇਜ਼ ਕਰ ਰਹੇ ਹਨ, ਕੱਲ ਉਹ ਆਪਣੀ ਵਾਰੀ ਲਈ ਤਿਆਰ ਰਹਿਣ।