Headlines

ਮਨਿੰਦਰ ਗਿੱਲ ਵਲੋਂ ਵਿਦੇਸ਼ਾਂ ਵਿਚ ਖਾਲਿਸਤਾਨ ਦੀ ਲੜਾਈ ਲੜ ਰਹੇ ਆਗੂਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ

ਹਾਈ ਕਮਿਸ਼ਨ ਦੇ ਸਮਾਗਮ ਖਿਲਾਫ ਮੁਜਾਹਰੇ ਦੌਰਾਨ ਹੁੱਲੜਬਾਜ਼ੀ ਦੇ ਦੋਸ਼ ਲਗਾਏ-

ਸਰੀ ( ਬਲਦੇਵ ਸਿੰਘ ਭੰਮ)-ਬੀਤੇ ਦਿਨੀਂ ਸਰੀ ਵਿਚ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਖਿਲਾਫ ਰੋਸ ਵਿਖਾਵੇ ਦੌਰਾਨ ਹੁੱਲੜਬਾਜ਼ੀ ਨਾਲ ਕੌਮ ਦੀ ਸੇਵਾ ਨਹੀਂ ਕੀਤੀ ਗਈ ਸਗੋਂ ਦਰਪੇਸ਼ ਮਸਲਿਆਂ ਦੇ ਹੱਲ ਦੇ ਰਸਤੇ ਬੰਦ ਕੀਤੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਗਮ ਦੇ ਸੰਯੋਜਕ ਅਤੇ ‘ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ’ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਜੀ ਆਇਆ ਸਮਾਗਮ ਨਹੀਂ ਸੀ ਸਗੋਂ ਇਸ ਮੌਕੇ ਹਾਈ ਕਮਿਸ਼ਨ ਨੂੰ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰਤ ਮੈਮੋਰੰਡਮ ਦਿੱਤਾ ਜਾਣਾ ਸੀ।

ਉਨ੍ਹਾਂ ਕਿਹਾ ਕਿ ਸਰੀ ਦੇ ਖਾਲਿਸਤਾਨੀਆਂ ਦਾ ਕੌਮ ਪ੍ਰਤੀ ਹੇਜ਼ ਇਥੋਂ ਜ਼ਾਹਰ ਹੋ ਜਾਂਦਾ ਹੈ, ਕਿ ਅਜਿਹੇ ਸਮੇਂ ਜਦੋਂ ਸਾਡੇ ਕਰੀਬ 700 ਪੰਜਾਬੀ ਵਿੱਦਿਆਰਥੀਆਂ ਤੇ ਡਿਪੋਰਟੇਸ਼ਨ ਦੀ ਤਲਵਾਰ  ਲਟਕ ਰਹੀ ਹੈ ਤੇ  ਜੋ ਮਸਲੇ ਤੁਰੰਤ ਹੱਲ ਮੰਗਦੇ ਹਨ ਨੂੰ ਛੱਡਕੇ ਇਹ ਲੋਕ  ਖਾਲਿਸਤਾਨ ਦੇ ਨਾਮ ਹੇਠ ਆਪਣਾ ਕਾਰੋਬਾਰ ਕਰਨ ਵਿਚ ਮਸਰੂਫ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਹਾਈ ਕਮਿਸ਼ਨ ਤੇ ਦਬਾਅ ਬਣਾਇਆ ਜਾਣਾ ਸੀ, ਕਿ ਉਹ ਕੈਨਡਾ ਸਰਕਾਰ ਤੇ ਦਬਾਅ ਬਣਾਕੇ ਤੁਰੰਤ ਇਸ ਮਸਲੇ ਨੂੰ ਹੱਲ ਕਰਵਾਉਣ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ 10 ਸਾਲਾ ਭਾਰਤੀ ਵੀਜ਼ਾ ਦੀ ਅਰੰਭਤਾ, ਪੰਜਾਬ ਚ ਅੰਤਰਰਾਸ਼ਟਰੀ ਫਲਾਈਟਾਂ ਸ਼ੁਰੂ ਕਰਨ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲੇ ਵੀ ਜੋਰ ਨਾਲ ਚੁੱਕੇ ਜਾਣੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰੀ ਦੀਆਂ ਸਾਰੀਆਂ ਖਾਲਿਸਤਾਨੀ ਜਥੇਬੰਦੀਆਂ ਨੂੰ ਵੀ ਹਾਈ ਕਮਿਸ਼ਨ ਨਾਲ ਮੀਟਿੰਗ ਕਰਵਾਉਣ ਅਤੇ ਆਪਣੇ ਮਸਲੇ ਰੱਖਣ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਹਾਈ ਕਮਿਸ਼ਨ ਵੱਲੋਂ ਇਸ’ਤੇ ਸਹਿਮਤੀ ਵੀ ਦਿੱਤੀ ਗਈ ਸੀ ਪਰ ਇਨ੍ਹਾਂ ਆਪਣੇ ਮਕਸਦ ਅਨੁਸਾਰ ਮਸਲੇ ਨੂੰ ਉਲਝਾਈ ਰੱਖਣ ਲਈ ਮੀਟਿੰਗ ਨੂੰ ਨਾਂਹ ਕਰਕੇ ਮੁਜਾਹਰੇ ਦਾ ਰਾਹ ਚੁਣਿਆ ਤੇ ਸੰਗਤ ਨੂੰ ਗੁੰਮਰਾਹ ਕਰਕੇ ਭਰਾ ਮਾਰੂ ਜੰਗ ਨੂੰ ਹੁਲਾਰਾ ਦੇਣ ਦਾ ਕੰਮ ਕੀਤਾ।

ਸ. ਗਿੱਲ ਨੇ ਕਿਹਾ ਕਿ ਖਾਲਿਸਤਾਨ ਦੇ ਨਾਮ ਹੇਠ ਕੁਝ ਨਕਾਬਪੋਸ਼ ਹੁੱਲੜਬਾ਼ਜ਼ਾਂ   ਵੱਲੋਂ ਮੇਰੇ ਸਮੇਤ ਰੀਐਲਟਰ ਗੁਰਤੇਜ ਸਿੰਘ ਗਿੱਲ (ਕੈਂਸਰ ਪੀੜਤ), ਰੇਡੀਓ 600 ਏਐਮ ਦੇ ਸੀਨੀਅਰ ਪੱਤਰਕਾਰ ਸੁਧੀਰ ਕੌਸ਼ਲ, ਰੇਡੀਓ ਇੰਡੀਆ ਦੇ ਪਾਲ ਵੜੈਚ ‘ਤੇ ਇਲੈਕਟ੍ਰਿਕ ਟੇਜ਼ਰ ਨਾਲ ਹਮਲਾ ਕੀਤਾ, ਹਰਬੀਰ ਸਿੰਘ ਬੱਤਰਾ, ਜਤਿੰਦਰ ਮਰਵਾਹ, ਜਤਿੰਦਰਜੀਤ ਸਿੰਘ ਅਟਵਾਲ ਤੇ ਵੀ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਨ੍ਹਾਂ ਵੱਲੋਂ ਮੌਕੇ ਤੇ ਮੌਜੂਦ ਮਹਿਮਾਨ ਬੀਬੀਆਂ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਮੌਕੇ ਮੌਜੂਦ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਕੇਹਰ ਸਿੰਘ  ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਬੇਇੱਜਤ ਕੀਤਾ ਗਿਆ। ਮਹਿਮਾਨਾਂ ਦੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਉਨ੍ਹਾਂ ਇਸ ਸਾਰੀ ਘਟਨਾ ਲਈ  ਬੀਸੀ ਸਿੱਖ ਕੌਂਸਲ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਇਆ ਹੈ।

ਗੱਲ ਨੂੰ ਅੱਗੇ ਤੋਰਦਿਆਂ ਮਨਿੰਦਰ ਗਿੱਲ ਨੇ ਕਨੇਡੀਅਨ ਪੰਜਾਬੀ ਤੇ ਖਾਸਕਰ ਸਿੱਖ ਸਿਆਸਤਦਾਨਾਂ ‘ਤੇ ਗਿਲਾ ਕਰਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਕਨੇਡੀਅਨ ਪੰਜਾਬੀ ਸਿਆਸਤਦਾਨਾਂ ਨੂੰ 14 ਹਜ਼ਾਰ ਕਿਲੋਮੀਟਰ ਦੂਰ ਭਾਰਤ ਵਿੱਚ ਹੁੰਦੀ ਕਿਸੇ ਕਾਰਵਾਈ ਦੀ ਤਾਂ ਫਿਕਰ ਹੈ ਪਰ ਆਪਣੇ ਨੱਕ ਥੱਲੇ ਸਰੀ ਵਿਚ ਹੋਈ ਹੁੱਲੜਬਾਜ਼ੀ ਨਾਲ ਕੋਈ ਸਰੋਕਾਰ ਨਹੀ।

ਉਨ੍ਹਾਂ ਕਿਹਾ ਕਿ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਇਸ ਅਹਿਮ ਵਿਸ਼ੇ ਪ੍ਰਤੀ ਸਥਾਨਕ ਪੱਤਰਕਾਰ ਭਾਈਚਾਰੇ ਦੇ ਵੱਡੇ ਹਿੱਸੇ ਦੀ ਭੂਮਿਕਾ ਵੀ ਸ਼ੱਕੀ  ਹੈ। ਨਿੱਕੇ -ਨਿੱਕੇ ਮਸਲਿਆਂ ਤੇ ਹੁੱਬਕੇ ਬੋਲਣ ਵਾਲੇ ਪੱਤਰਕਾਰ ਅੱਜ ਮੋਨ ਧਾਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬਹੁਤੇ ਮੀਡੀਆ ਅਦਾਰਿਆਂ ਵੱਲੋਂ ਤੱਥਾਂ ਨੂੰ ਤਰੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਮੇਨ ਸਟਰੀਮ ਮੀਡੀਆ ਤੇ ਭਾਰਤੀ ਮੀਡੀਆ ਨੇ ਵੀ ਸੱਚ ਨੂੰ ਲੁਕੋਣ ਦੀ ਕੋਸ਼ਿਸ਼ ਕਰਕੇ  ਪੱਤਰਕਾਰੀ ਦੀ ਮਾਣ ਮਰਿਯਾਦਾ ਉਪਰ ਸਵਾਲ ਖੜੇ ਕੀਤੇ ਹਨ।

ਮਨਿੰਦਰ ਗਿੱਲ ਨੇ ਕਿਹਾ ਕਿ ਕੈਨੇਡਾ ਵਿਚ ਸਿੱਖੀ ਦੇ ਵੱਡੇ ਦਾਅਵੇਦਾਰ ਏਥੇ ਖਾਲਿਸਤਾਨ ਦੇ ਨਾਅਰੇ ਮਾਰਦੇ ਹਨ ਤੇ ਭਾਰਤ ਚ ਜਾਕੇ ਭਾਰਤੀ ਸੰਵਿਧਾਨ ਨੂੰ ਮੰਨਦੇ ਹਨ।  ਉਨ੍ਹਾਂ ਦਾਅਵਾ ਕੀਤਾ ਇਕ ਖਾਲਿਸਤਾਨ ਸਮਰਥਕ ਗੁਰੂ ਘਰ ਦੇ 313 ਮੈਂਬਰਾਂ ਵਿਚੋਂ 310 ਮੈਂਬਰ ਵੀਜ਼ੇ ਲੁਆ ਕੇ ਭਾਰਤ ਫੇਰੀ ਪਾ ਚੁੱਕੇ ਹਨ ਤੇ ਜਿਹੜੇ 3 ਆਗੂ ਖੁਦ ਨਹੀਂ ਗਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਰਤ ਜਾਂਦੇ ਰਹਿੰਦੇ ਹਨ, ਪਰ ਅੱਜ ਇਹ ਲੋਕ ਉਸਨੂੰ ( ਮਨਿੰਦਰ ਗਿੱਲ)  ਗ਼ੱਦਾਰ ਦੱਸਦੇ ਹਨ ? ਉਨ੍ਹਾਂ ਕਿਹਾ ਕਿ ਸਿੱਖਸ ਫ਼ਾਰ ਜਸਟਿਸ ਦੇ ਪੇਕੇ ਭਾਰਤ ਵਿਚ ਹਨ, ‘ਤੇ ਜੇ ਇਹ ਨਹੀਂ ਮੰਨਦੇ ਤਾਂ ਖੁੱਲੀ ਜਨਤਕ ਬਹਿਸ ਵਿਚ ਮੈਂ ਸਾਬਤ ਕਰਨ ਲਈ ਤਿਆਰ ਹਾਂ। ਉਨ੍ਹਾਂ ਅਪੀਲ ਕੀਤੀ ਕਿ ਸੰਗਤ ਇਨ੍ਹਾਂ ਨੂੰ ਸਵਾਲ ਪੁੱਛੇ ਕਿ ਕੌਮ ਨੂੰ ਗੁੰਮਰਾਹ ਕਰਕੇ ਥਾਂ-ਪਰ-ਥਾਂ ਮੁਜਾਹਰੇ ਕਰਨ ਵਾਲੇ ਇਨ੍ਹਾਂ ਆਗੂਆਂ ਨੇ ਕਦੇ ਕੋਈ ਮੈਮੋਰੰਡਮ ਕਿਓਂ ਨਹੀਂ ਦਿੱਤਾ ?

ਗਿੱਲ ਨੇ ਕਿਹਾ ਕਿ ਬੀਤੇ ਸਮੇਂ ਵਿਚ ਇਥੇ  ਸਿੱਖੀ ਦੇ ਦਾਅਵੇਦਾਰ ਲੀਡਰਾਂ ਵੱਲੋਂ ਸਿੱਖ ਸ਼ਹੀਦਾਂ ਦੇ ਨਾਂ ਤੇ ਕਈ -ਕਈ ਮਿਲੀਅਨ ਡਾਲਰ ਇਕੱਠੇ ਕੀਤੇ ਗਏ ਪਰ ਉਹਨਾਂ ਦੀ ਅਗਵਾਈ ਵਾਲੇ ਰੇਡੀਓ ਇੰਡੀਆ ਵੱਲੋਂ ਜਦੋਂ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਸਤਿਕਾਰਤ ਮਾਤਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ, ਸ਼ਹੀਦ ਭਾਈ ਬੇਅੰਤ ਸਿੰਘ ਦੀ ਸੁਪਤਨੀ ਬਿਮਲ ਕੌਰ ਖਾਲਸਾ, ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਦੀ ਰੇਡੀਓ ਤੇ ਇੰਟਰਵਿਊ ਕੀਤੀ ਤਾਂ ਉਨ੍ਹਾਂ ਆਨ-ਏਅਰ ਖੁਲਾਸਾ ਕੀਤਾ ਸੀ ਕਿ ਕੈਨੇਡਾ ਤੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਸੰਗਤ ਇਨ੍ਹਾਂ ਕੌਮਪ੍ਰਸਤਾਂ ਨੂੰ ਸਵਾਲ ਕਰੇ ਕਿ ਉਹ ਸਾਰੀ ਮਾਇਆ ਆਖਰ ਕਿਥੇ ਗਈ ? ਉਨ੍ਹਾਂ ਕਿਹਾ ਕਿ ਜੇਕਰ ਸੰਗਤ ਦੇ ਮਨ ਵਿੱਚ ਮੇਰੇ ਪ੍ਰਤੀ ਕੋਈ ਸ਼ੰਕਾ ਹੈ ਤਾਂ ਉਹ ਖਾਲਿਸਤਾਨੀ ਸਿੱਖ ਆਗੂਆਂ ਨਾਲ ਖੁੱਲ੍ਹੀ ਬਹਿਸ ਲਈ ਤਿਆਰ ਹਨ। ਮੈਂ ਇੱਕ-ਇੱਕ ਗੱਲ ਸਾਬਤ ਕਰਕੇ ਵਿਖਾਵਾਂਗਾ ਕਿ ਮੈਨੂੰ ਗੱਦਾਰ ਦੱਸਣ ਵਾਲੇ ਇਨ੍ਹਾਂ ਲੀਡਰਾਂ ਨੇ ਕੌਮ ਦੀ ਖਾਤਰ ਕੀ ਕੀਤਾ ਹੈ ਅਤੇ ਮੇਰਾ ਤੇ ਮੇਰੇ ਪਰਿਵਾਰ ਜਾਂ ਰਿਸ਼ਤੇਦਾਰਾਂ ਦਾ ਸਿੱਖ ਸੰਘਰਸ਼ ਵਿੱਚ ਕੀ ਯੋਗਦਾਨ ਹੈ।