Headlines

ਖਾਲਸਾ ਸਾਜਣਾ ਦਿਵਸ ਮਨਾਉਣ ਲਈ 2475 ਮੈਂਬਰੀ ਸਿੱਖ ਜਥਾ ਪਾਕਿਸਤਾਨ ਰਵਾਨਾ

ਅਟਾਰੀ/ਅੰਮ੍ਰਿਤਸਰ, 9 ਅਪਰੈਲ

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ 2475 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਅਮਰਜੀਤ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸਰਹੱਦ ਰਸਤੇ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਜਥੇ ਦੇ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਜਥੇ ਦੇ ਪਾਰਟੀ ਲੀਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਅਮਰਜੀਤ ਸਿੰਘ ਭਲਾਈਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਖਾਲਸਾ ਸਾਜਨਾ ਦਿਵਸ 14 ਅਪਰੈਲ ਨੂੰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਵਿਖੇ 14 ਅਪਰੈਲ ਨੂੰ ਖਾਲਸਾ ਸਾਜਣਾ ਦਿਵਸ ਮਨਾਉਣ ਅਤੇ ਯਾਤਰਾ ਦੌਰਾਨ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 18 ਅਪਰੈਲ ਨੂੰ ਇਹ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਵਾਪਸ ਭਾਰਤ ਪਰਤੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, ‘‘ਸਾਨੂੰ 1052 ਲੋਕਾਂ ਦੇ ਵੀਜ਼ੇ ਮਿਲੇ ਹਨ। ਉਹ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਨਗੇ।’’ ਇਸੇ ਦੌਰਾਨ ਪਾਕਿਸਤਾਨ ਲਈ ਰਵਾਨਾ ਹੋ ਰਹੇ ਇੱਕ ਸ਼ਰਧਾਲੂ ਅਵਤਾਰ ਸਿੰਘ ਨੇ ਕਿਹਾ, ‘‘ਇਹ ਸਾਡੀ ਲੰਬੇ ਸਮੇਂ ਤੋਂ ਤਾਂਘ ਸੀ, ਅਸੀਂ ਪਾਕਿਸਤਾਨ ਜਾ ਕੇ ਆਪਣੇ ਗੁਰਦੁਆਰੇ ਅਤੇ ਆਪਣੇ ਗੁਰੂ ਦੇ ਅਸਥਾਨ ’ਤੇ ਜਾ ਕੇ ਸੀਸ ਨਿਵਾਈੲੇ ਮੱਥਾ ਟੇਕੀਏ ਅਤੇ ਦਰਸ਼ਨ (ਦਰਸ਼ਨ) ਕਰਨ ਜਾ ਰਹੇ ਹਾਂ। ਗੁਰਧਾਮਾਂ ਦੇ ਪਹਿਲੀ ਵਾਰ ਦਰਸ਼ਨ ਕਰਨ ਜਾਣ ਲਈ ਅਸੀਂ ਬਹੁਤ ਉਤਸ਼ਾਹਿਤ ਅਤੇ ਬਹੁਤ ਖੁਸ਼ ਹਾਂ।’’