Headlines

ਪੀਜੀਆਈ ਵਿੱਚ ਹੁਣ ਪੂਰੇ ਮਨੁੱਖੀ ਸਰੀਰ ਦੀ ਐੱਮਆਰਆਈ ਸੰਭਵ

ਚੰਡੀਗੜ੍ਹ, 8 ਅਪਰੈਲ

ਪੀਜੀਆਈ ਚੰਡੀਗੜ੍ਹ ਵਿੱਚ ਨਵੀਂ ਅਤਿ-ਆਧੁਨਿਕ ਐੱਮਆਰਆਈ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਾਲ ਹੁਣ ਪੂਰੇ ਮਨੁੱਖੀ ਸਰੀਰ ਦੀ ਸਕਰੀਨਿੰਗ ਕੀਤੀ ਜਾ ਸਕੇਗੀ ਅਤੇ ਇਸ ਮਸ਼ੀਨ ਨਾਲ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਦਾ ਪਤਾ ਲਾਉਣ, ਮਿਰਗੀ ਦੇ ਦੌਰੇ ਸਬੰਧੀ, ਖੇਡਾਂ ਦੌਰਾਨ ਸੱਟਾਂ, ਜਿਗਰ, ਪੈਨਕ੍ਰੀਆਜ਼, ਗੁਰਦੇ, ਅੰਤੜੀਆਂ ਅਤੇ ਪੇਟ ਦੀਆਂ ਹੋਰ ਬਿਮਾਰੀਆਂ, ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਮੱਸਿਆਵਾਂ, ਨਸਾਂ ਦੇ ਸੁੰਗੜਨ ਆਦਿ ਦੀ ਜਾਂਚ ਕੀਤੀ ਜਾ ਸਕੇਗੀ। ਸੰਸਥਾ ਦੇ ਰੇਡੀਓ ਡਾਇਗਨੋਸਿਸ ਅਤੇ ਇਮੇਜਿੰਗ ਵਿਭਾਗ ਵਿੱਚ ਆਪਣੀ ਕਿਸਮ ਦੀ ਇਸ ਪਹਿਲੀ ਮਸ਼ੀਨ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਦੇ ਕੇਂਦਰੀ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਮੇਜਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਐਮ ਐਸ ਸੰਧੂ ਨੇ ਦੱਸਿਆ ਕਿ ਇਹ ਮਸ਼ੀਨ ਮਨੁੱਖੀ ਸਰੀਰ ਦੀਆਂ ਬਹੁਤ ਹੀ ਸਪਸ਼ਟ ਅਤੇ ਸਾਫ਼ ਤਸਵੀਰਾਂ ਪ੍ਰਦਾਨ ਕਰਦੀ ਹੈ। ਇਸ ਮਸ਼ੀਨ ਨਾਲ ਪੀਜੀਆਈ ਵਿੱਚ ਐੱਮਆਰਆਈ ਕਰਵਾਉਣ ਲਈ ਮਰੀਜ਼ਾਂ ਦੀ ਵੇਟਿੰਗ ਲਿਸਟ ਘਟੇਗੀ।