Headlines

ਪੰਜਾਬ ਵਿਚ ਨਸ਼ਿਆਂ ਦਾ ਪ੍ਰਚਾਰ ਸਿਆਸਤ ਤੋ ਵਧੇਰੇ ਪ੍ਰੇਰਿਤ- ਡਾ ਸੰਧੂ

ਇਕ ਖੋਜ ਕਾਰਜ ਨੂੰ ਆਧਾਰ ਬਣਾਕੇ ਨੌਜਵਾਨਾਂ ਦਾ 70ਫੀਸਦੀ ਨਸ਼ਈ ਹੋਣਾ ਗਲਤ ਪ੍ਰਚਾਰਿਆ ਗਿਆ-

ਸਰੀ ( ਦੇ ਪ੍ਰ ਬਿ)– ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀ ਸੀ ਕੈਨੇਡਾ ਵੱਲੋਂ ਸਟਰਾਅ ਬੇਰੀ ਹਿੱਲ ਲਾਇਬਰੇਰੀ ਵਿਖੇ   “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਤੇ ਡਾ. ਰਣਵਿੰਦਰ ਸਿੰਘ ਸੰਧੂ ਸਾਬਕਾ ਪੋੑਫੈਸਰ ਤੇ ਮੁਖੀ ਸਮਾਜ ਸਾਸ਼ਤਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਅਲੂਮਨੀ ਦੇ ਮੈਂਬਰਾਂ ਤੋਂ ਇਲਾਵਾ ਸਰੀ ਦੀਆਂ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਡਾ. ਸੰਧੂ ਸਾਹਿਬ ਨੇ ਆਪਣੇ ਲੈਕਚਰ ਵਿਚ ਪੰਜਾਬ ਵਿਚ ਨਸ਼ਿਆਂ ਦੀ ਅਸਲੀ ਸਥਿਤੀ ਤੇ ਸੌੜੇ ਸਿਆਸੀ ਹਿੱਤਾਂ ਨੂੰ ਲੈਕੇ ਪ੍ਰਚਾਰ ਅਤੇ ਅਸਲੀਅਤ ਤੋ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਹਨਾਂ ਦੀ ਇਕ ਖੋਜ ਅਧਾਰਿਤ ਹੀ ਸਿਆਸੀ ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ਦੇ 70 ਫੀਸਦੀ ਨਸ਼ਈ ਹੋਣ ਦਾ ਢੰਡੋਰਾ ਪਿੱਟ ਛੱਡਿਆ ਜਦੋਂਕਿ ਅਸਲੀਅਤ ਵਿਚ ਇਹ ਖੋਜ ਕਾਰਜ ਕੇਵਲ ਨਸ਼ਾ ਕਰਨ ਵਾਲੇ ਲੋਕਾਂ ਉਪਰ ਸੀ ਤੇ ਕੁਲ ਨਸ਼ਈ ਲੋਕਾਂ ਚੋ 15 ਤੋਂ 35 ਸਾਲ ਦੇ ਉਮਰ ਵਰਗ ਵਾਲੇ 70 ਫੀਸਦੀ ਹੋਣ ਦੀ ਗੱਲ ਕਹੀ ਗਈ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਖੋਜ ਕਾਰਜ ਨੂੰ ਆਧਾਰ ਬਣਾਕੇ ਸਿਆਸੀ ਆਗੂਆਂ ਵਲੋਂ ਕੀਤੇ ਗਏ ਪ੍ਰਚਾਰ ਦੇ ਉਹਨਾਂ ਨੇ ਖੰਡਨ ਵੀ ਕੀਤਾ ਸੀ ਪਰ ਸਿਆਸੀ ਖਿਡਾਰੀਆਂ ਨੇ ਅਸਲ ਗੱਲ ਲੋਕਾਂ ਤੱਕ ਪੁੱਜਣ ਨਹੀ ਦਿੱਤੀ। ਉਹਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ੇ ਦਾ ਜਿੰਨਾ ਮੀਡੀਆ ਵਿਚ ਪ੍ਰਚਾਰ ਕੀਤਾ ਜਾਂਦਾ, ਉਨਾ ਹੈ ਨਹੀਂ ।ਉਹਨਾਂ ਅਨੁਸਾਰ ਪੰਜਾਬ ਵਿੱਚੋਂ ਨਸ਼ੇ ਘਟਾਉਣ ਲਈ ਇਸਦੇ ਅਸਲ ਕਾਰਨਾਂ ਦੀ ਸਮਾਜ ਵਿਗਿਆਨਕ ਜਾਂਚ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਹਾਜ਼ਰੀਨ ਨੇ ਉਹਨਾਂ ਨੂੰ ਕਈ ਸਵਾਲ ਪੁੱਛੇ ਜਿਹਨਾਂ ਦੇ ਉਹਨਾਂ ਨੇ ਵਿਸਥਾਰ ਤੇ ਸਪੱਸ਼ਟਤਾ ਨਾਲ ਉਤਰ ਦਿੱਤੇ। ਅੰਤ ਵਿਚ ਪ੍ਰੋਗਰਾਮ ਦੇ ਪ੍ਰਬੰਧਕਾਂ ਰਣਜੀਤ ਸਿੰਘ ਸੰਧੂ ਤੇ ਸ ਹਰਦੇਵ ਸਿੰਘ ਨੇ ਪ੍ਰੋ ਸਾਹਿਬ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।