Headlines

ਪੰਜਾਬ ਭਵਨ ਸਰੀ ਵਿਚ ਅਨੀਤਾ ਸ਼ਬਦੀਸ਼ ਵਲੋਂ ”ਗੁੰਮਸ਼ੁਦਾ ਔਰਤ” ਦੀ ਸ਼ਾਨਦਾਰ ਪੇਸ਼ਕਾਰੀ

ਸਰੀ ( ਬਲਵੀਰ ਕੌਰ ਢਿੱਲੋਂ )-ਬੀਤੀ ਸ਼ਾਮ ਉੱਘੀ ਨਾਟ ਕਲਾਕਾਰ ਅਨੀਤਾ ਸ਼ਬਦੀਸ਼ ਵਲੋਂ ਪੰਜਾਬ ਭਵਨ ਸਰੀ ਵਿਖੇ  ਸ਼ਬਦੀਸ਼ ਦਾ ਲਿਖਿਆ ਚਰਚਿਤ ਨਾਟਕ“ ਗੁੰਮਸ਼ੁਦਾ ਔਰਤ” ਖੇਡਿਆ ਗਿਆ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਦੇ ਵਿਸ਼ੇਸ਼ ਸੱਦੇ  ਉਪਰ ਖੇਡੇ ਗਏ ਇਸ ਇਕ ਪਾਤਰੀ ਨਾਟਕ ਵਿਚ ਅਨੀਤਾ ਸ਼ਬਦੀਸ਼ ਨੇ ਜੋ਼ਰਦਾਰ ਭੂਮਿਕਾ ਨਿਭਾਉਂਦਿਆਂ ਦਰਸ਼ਕਾਂ ਦੀ ਭਰਪੂਰ ਵਾਹ ਵਾਹ ਖੱਟੀ। ਪੰਜਾਬ ਭਵਨ ਦਾ ਹਾਲ ਖਚਾਖਚ ਭਰਿਆ ਸੀ। 65 ਮਿੰਟ ਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਅਨੀਤਾ ਸ਼ਬਦੀਸ਼ ਨੇ ਔਰਤ ਦੇ ਕਿੰਨੇ ਹੀ ਕਿਰਦਾਰ ਨਿਭਾਏ ਕਿ ਕਿਵੇਂ ਇੱਕ ਔਰਤ ਆਪਣੇ ਆਪ ਨੂੰ ਦਬਾ ਕੇ ਰੱਖਦੀ ਹੈ, ਕਿਵੇਂ ਆਲ਼ਾ-ਦੁਆਲ਼ਾ ਦੇਖ ਕੇ ਅਣਦੇਖਿਆ ਕਰਨਾ, ਹੋ ਰਹੇ ਗਲਤ ਵਰਤਾਰੇ ਤੇ ਚੁੱਪ ਧਾਰ ਲੈਣੀ ਅਤੇ ਦੂਜੇ ਪਾਸੇ ਇੱਕ ਵੱਖਰੇ ਕਿਰਦਾਰ ਵਿੱਚ ਸੱਚ ਨੂੰ ਸਾਹਮਣੇ ਲਿਆਉਣਾ ਅਤੇ ਜੋ ਕੁਝ ਹੋ ਰਿਹਾ ਉਸ ਨੂੰ ਦੁਨੀਆ ਅੱਗੇ ਉਜਾਗਰ ਕਰਨਾ। ਵੱਖ-ਵੱਖ ਕਿਰਦਾਰਾਂ ਨਾਲ਼ ਇੱਕ ਵੱਖਰਾ ਹੀ ਮਹੌਲ ਸਿਰਜਣ ਵਾਲ਼ੀ ਅਨੀਤਾ ਸ਼ਬਦੀਸ਼ ਰੰਗ-ਮੰਚ ਦੀ ਇੱਕ ਮੰਝੀ ਹੋਈ ਅਦਾਕਾਰਾ ਹੈ। ਅਨੀਤਾ ਨੇ ਹਰ ਇੱਕ ਕਿਰਦਾਰ ਨੂੰ ਬਾਖੂਬੀ ਨਿਭਾਇਆ ਚਾਹੇ ਉਹ ਇੱਕ ਕੰਮ ਕਰਨ ਵਾਲ਼ੀ, ਇੱਕ ਬੁੱਢੀ ਔਰਤ ਜਾਂ ਇੱਕ ਪੜ੍ਹੀ ਲਿਖੀ ਅਜ਼ਾਦ ਖਿਆਲਾਂ ਦੀ ਔਰਤ ਅਤੇ ਉਸ ਕਿਰਦਾਰ ਨਾਲ਼ ਇਨਸਾਫ ਵੀ ਕੀਤਾ।

ਨਾਟਕ ਦੀ ਸਮਾਪਤੀ ਵੇਲੇ ਦਰਸ਼ਕਾਂ ਨੇ ਅਦਾਕਾਰਾ ਦਾ ਭਰਪੂਰ ਤਾੜੀਆਂ ਨਾਲ ਅਭਿਨੰਦਨ ਕੀਤਾ। ਇਸ ਸ਼ਾਨਦਾਰ ਪੇਸ਼ਕਾਰੀ ਉਪਰੰਤ ਪੰਜਾਬ ਭਵਨ ਸਰੀ ਵਲੋਂ ਸੁੱਖੀ ਬਾਠ, ਕਵਿੰਦਰ ਚਾਂਦ, ਅਮਰੀਕ ਪਲਾਹੀ ਤੇ ਇੰਦਰਜੀਤ ਧਾਮੀ ਨੇ ਅਨੀਤਾ ਸ਼ਬਦੀਸ਼ ਦਾ ਸਨਮਾਨ ਕੀਤਾ।

One thought on “ਪੰਜਾਬ ਭਵਨ ਸਰੀ ਵਿਚ ਅਨੀਤਾ ਸ਼ਬਦੀਸ਼ ਵਲੋਂ ”ਗੁੰਮਸ਼ੁਦਾ ਔਰਤ” ਦੀ ਸ਼ਾਨਦਾਰ ਪੇਸ਼ਕਾਰੀ

Comments are closed.