Headlines

ਸੰਪਾਦਕੀ- ਭਾਰਤ ਤੋਂ ਬਾਹਰ ਵਿਕਸਿਤ ਮੁਲਕਾਂ ਵਿਚ ਜਾਤੀਵਾਦੀ ਕੋਹੜ ਦਾ ਪਸਾਰਾ….

ਸੁਖਵਿੰਦਰ ਸਿੰਘ ਚੋਹਲਾ-

ਭਾਰਤੀ ਸਮਾਜ ਵਿਚ ਜਾਤੀਵਾਦ ਇਕ ਅਜਿਹੀ ਅਲਾਮਤ ਹੈ ਜੋ ਸਦੀਆਂ ਤੋਂ ਸਮਾਜ ਨੂੰ ਇਕ ਕੋਹੜ ਵਾਂਗ ਚੰਬੜੀ ਹੋਈ ਹੈ। ਜਾਤੀਵਾਦ ਦੇ ਨਾਮ ਹੇਠ ਸਮਾਜ ਦੇ ਕਥਿਤ ਹੇਠਲੇ ਵਰਗਾਂ ਨੂੰ ਕਥਿਤ ਉਚ ਜਾਤੀਆਂ ਦੇ ਵਿਤਕਰੇ ਤੇ ਅਨਿਆਂ ਦਾ ਸਾਹਮਣਾ ਕਰਨ ਦੇ ਨਾਲ ਨਫਰਤ ਤੇ ਹੀਣਤਾ ਦਾ ਵੀ ਸ਼ਿਕਾਰ ਬਣਾਇਆ ਜਾਂਦਾ ਹੈ।ਅਕਸਰ ਹੀ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਵਲੋਂ ਸਰਕਾਰੀ ਤੇ ਗੈਰ- ਸਰਕਾਰੀ ਸੰਸਥਾਵਾਂ ਵਿਚ ਵਿਤਕਰੇ ਤੇ ਅਨਿਆਂ ਦੀਆਂ ਸ਼ਿਕਾਇਤਾਂ ਦੇ ਨਾਲ ਜਾਤੀ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਵਿਚ ਧਰਮ, ਜਾਤ, ਜਾਂ ਲਿੰਗ ਦੇ ਆਧਾਰ ਤੇ ਵਿਤਕਰਾ ਕਰਨ ਦੀ ਮਨਾਹੀ ਕੀਤੀ ਗਈ ਪਰ ਇਸਦੇ ਬਾਵਜੂਦ ਜਾਤੀ ਵਿਤਕਰੇ ਤੇ ਅਨਿਆਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਸਮਾਜ ਵਿਚ ਜਾਤੀਵਾਦ ਦੀ ਬੁਨਿਆਦ ਇਤਨੀ ਮਜ਼ਬੂਤ ਹੈ ਕਿ ਇਸਦੇ ਖਿਲਾਫ ਬੋਲਣ ਅਤੇ ਜਾਤੀ ਪ੍ਰਥਾ ਨੂੰ ਨਿੰਦਣ ਦੇ ਬਾਵਜੂਦ ਲੋਕ ਆਪਣੀ ਜੀਵਨ ਧਾਰਾ ਨੂੰ ਇਸੇ ਨਾਲ ਜੋੜੀ ਬੈਠੇ ਹਨ। ਕਥਿਤ ਉਚੀਆਂ ਤੇ ਨੀਵੀਆਂ ਜਾਤੀਆਂ ਦੇ ਲੋਕ ਵਿਆਹ-ਸ਼ਾਦੀ ਦੇ ਸਮੇਂ ਇਸ ਜਾਤੀ ਪ੍ਰਥਾ ਚੋ ਬਾਹਰ ਨਿਕਲਣ ਨੂੰ ਤਿਆਰ ਨਹੀ। ਅੰਤਰਜਾਤੀ ਵਿਆਹਾਂ ਨੂੰ ਸਮਾਜ ਅੱਜ ਵੀ ਛੇਤੀ ਕੀਤੇ ਪ੍ਰਵਾਨ ਕਰਨ ਨੂੰ ਤਿਆਰ ਨਹੀ। ਭਾਰਤ ਵਿਚ ਜਾਤੀਵਾਦ ਨੂੰ ਖਤਮ ਕਰਨ ਦੀ ਬਿਜਾਏ ਇਸਨੂੰ ਬੜਾਵਾ ਦੇਣ ਵਿਚ ਅਮੀਰ ਵਰਗ ਤੇ ਸਿਆਸਤਦਾਨਾਂ ਦੀ ਅਲਗ ਭੂਮਿਕਾ ਹੈ ਪਰ ਕਿਹਾ ਜਾਂਦਾ ਹੈ ਕਿ ਭਾਰਤੀ ਸਮਾਜ ਵਿਚ ਫੈਲੀ ਇਹ ਅਜਿਹੀ ਬੀਮਾਰੀ ਹੈ ਜਿਸਦਾ ਕੋਈ ਇਲਾਜ ਨਹੀ। ਇਹ ਜਮਾਂਦਰੂ ਬੀਮਾਰੀ ਮਨੁੱਖ ਦੇ ਮਰਨ ਨਾਲ ਹੀ ਖਤਮ ਹੁੰਦੀ ਹੈ। ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਮਸ਼ਾਨਘਾਟ ਤੱਕ ਵੀ ਖਤਮ ਨਹੀ ਹੁੰਦੀ। ਉਚ ਜਾਤੀਆਂ ਨਾਲੋਂ ਦਲਿਤਾਂ ਦੇ ਵੱਖਰੇ ਸ਼ਮਸ਼ਾਨਘਾਟ ਇਸ ਕਹੌਤ ਨੂੰ ਸਹੀ ਠਹਿਰਾਉਣ ਲਈ ਕਾਫੀ ਹਨ।

ਭਾਰਤ ਵਿਚ ਮਹਾਨ ਕਹੀ ਜਾਣ ਵਾਲੀ ਹਿੰਦੂ ਸੰਸਕ੍ਰਿਤੀ ਦਾ ਇਹ ਜਾਤੀਵਾਦੀ ਕੋਹੜ ਭਾਰਤ ਵਿਚ ਤਾਂ ਸ਼ਾਇਦ ਕਦੇ ਵੀ ਖਤਮ ਨਹੀ ਹੋ ਸਕਦਾ ਪਰ ਅਫਸੋਸ ਕਿ ਭਾਰਤੀ ਮੂਲ ਦੇ ਵਿਕਸਿਤ ਮੁਲਕਾਂ ਵਿਚ ਪ੍ਰਵਾਸ ਕਰਨ ਵਾਲੇ ਲੋਕ ਇਸ ਬੀਮਾਰੀ ਨੂੰ ਆਪਣੇ ਨਾਲ ਹੀ ਉਠਾ ਲਿਆਏ ਹਨ। ਇੰਗਲੈਂਡ ਤੋ ਬਾਅਦ ਅਮਰੀਕਾ-ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵੱਸੇ ਭਾਰਤੀ ਮੂਲ ਦੇ ਲੋਕ ਜਾਤੀਵਾਦ ਦੀ ਇਸ ਬੀਮਾਰੀ ਵਿਚ ਗਰੱਸੇ ਹੋਏ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਿਤ ਭਾਰਤੀਆਂ ਨੂੰ ਆਪਣੀ ਨਫਰਤ ਤੇ ਹਾਊਮੈਂ ਦਾ ਸ਼ਿਕਾਰ ਬਣਾਉਣੋਂ ਬਾਜ ਨਹੀ ਆਉਂਦੇ। ਦੁਨੀਆ ਦਾ ਮਹਾਨ ਮੁਲਕ ਅਮਰੀਕਾ ਜਿਥੇ ਲਗਪਗ 50 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਵਸਦੇ ਹਨ। ਅੰਕੜੇ ਬੋਲਦੇ ਹਨ ਕਿ ਇਹਨਾਂ ਪਰਵਾਸੀ ਭਾਰਤੀਆਂ ਵਿਚੋਂ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਅਮਰੀਕੀ ਸਿਸਟਮ ਤੋ  ਨਹੀ ਆਪਣੇ ਹੀ ਲੋਕਾਂ ਤੋ ਵਿਤਕਰੇ ਤੇ ਜ਼ਲੀਲ ਹੋਣ ਦੀ ਸ਼ਿਕਾਇਤ ਹੁੰਦੀ ਹੈ। ਅਮਰੀਕੀ ਸੰਸਥਾਵਾਂ ਵਿਚ ਉਚ ਅਹੁਦਿਆਂ ਉਪਰ ਬੈਠੇ ਕਥਿਤ ਉਚ ਜਾਤੀਆਂ ਨਾਲ ਸਬੰਧਿਤ ਲੋਕ ਆਪਣੇ ਹੀ ਕਥਿਤ ਦਲਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਨਾਲ ਵਿਤਕਰਾ ਕਰਨ ਦੇ ਨਾਲ ਉਹਨਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਿਤ ਹੁੰਦਿਆਂ ਮਾਨਸਿਕ ਪੀੜਾ ਦੇਣ ਤੋਂ ਨਹੀ ਟਲਦੇ। ਇਸ ਸਾਲ ਦੇ ਸੁਰੂ ਵਿਚ ਅਮਰੀਕਾ ਵਿਚ ਸਿਆਟਲ ਸਿਟੀ ਕੌਂਸਲ ਨੇ ਇਸ ਜਾਤੀ ਵਿਤਕਰੇ ਖਿਲਾਫ ਪਾਬੰਦੀ ਲਈ ਮਤਾ ਲਿਆਕੇ ਅਮਰੀਕੀ ਸਿਸਟਮ ਵਿਚ ਜਿਥੇ ਇਸ ਜਾਤੀ ਵਿਤਕਰੇ ਦੀ ਪਛਾਣ ਨੂੰ ਮੰਨਿਆ ਹੈ, ਉਥੇ ਕਨੂੰਨੀ ਤੌਰ ਤੇ ਜਾਤੀਵਾਦੀ ਵਿਤਕਰੇ ਨੂੰ ਖਤਮ ਕਰਨ ਲਈ ਪਾਬੰਦ ਕੀਤਾ ਹੈ। ਅਮਰੀਕਾ ਉਪਰੰਤ ਕੈਨੇਡਾ ਜਿਥੇ ਕਿ 25 ਲੱਖ ਤੋ ਉਪਰ ਸਾਊਥ ਏਸ਼ੀਅਨ ਮੂਲ ਦੇ ਲੋਕ ਵਸਦੇ ਹਨ, ਵਿਚਾਲੇ ਵੀ ਅਜਿਹੇ ਜਾਤੀ ਵਿਤਕਰੇ ਤੇ ਜਾਤੀ ਸੂਚਕ ਸ਼ਬਦਾਂ ਨਾਲ ਜ਼ਲੀਲ ਕਰਨ ਤੇ ਉਤਪੀੜਨ ਦੀਆਂ ਅਨੇਕਾਂ ਰਿਪੋਰਟਾਂ ਹਨ। ਭਾਰਤੀ ਮੂਲ ਦੇ ਵਧੇਰੇ ਲੋਕਾਂ ਦੀ ਆਬਾਦੀ ਵਾਲੇ ਸਕੂਲਾਂ ਵਿਚ ਤਾਂ ਦਲਿਤ ਪਿਛੋਕੜ ਵਾਲੇ ਬੱਚਿਆਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਚਿੜਾਉਣ ਤੇ ਬੇਇਜ਼ਤ ਕੀਤੇ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕਥਿਤ ਉਚ ਜਾਤੀਆਂ ਦੇ ਬੱਚੇ ਆਪਣੇ ਮਾਪਿਆਂ ਵਲੋਂ ਸਿਖਾਏ ਗਏ ਜਾਤੀ ਨਫਰਤ ਵਾਲੇ ਸ਼ਬਦਾਂ ਦੀ ਵਰਤੋਂ ਸਾਂਵਲੇ ਰੰਗ ਵਾਲੇ ਬੱਚਿਆਂ ਲਈ ਕਰਦਿਆਂ, ਉਹਨਾਂ ਨੂੰ ਆਪਣੇ ਤੋਂ ਹੀਣਾ ਦੱਸਦੇ ਹਨ। ਓਨਟਾਰੀਓ ਦੇ ਸਕੂਲਾਂ ਵਿਚ ਅਜਿਹੇ ਜਾਤੀਵਾਦੀ ਤੇ ਨਫਰਤੀ ਬੋਲਾਂ ਦੀਆਂ ਲਗਾਤਾਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ।

ਟੋਰਾਂਟੋ ਡਿਸਟ੍ਰ੍ਕਿਟ ਸਕੂਲ ਬੋਰਡ ਦੇ ਇਕ ਭਾਰਤੀ ਮੂਲ ਦੇ ਮੈਂਬਰ ਨੇ ਸਕੂਲਾਂ ਵਿਚ ਅਜਿਹੀ ਜਾਤੀ ਨਫਰਤ ਖਿਲਾਫ ਕਾਰਵਾਈ ਲਈ ਇਕ ਮਤਾ ਲਿਆਂਦਾ ਹੈ ਜਿਸਨੂੰ ਬੋਰਡ ਵਲੋ ਪਾਸ ਕਰ ਦਿੱਤਾ ਗਿਆ ਹੈ।  ਓਨਟਾਰੀਓ ਮਾਨਵੀ ਅਧਿਕਾਰ ਕਮਿਸ਼ਨ ਵਲੋਂ ਇਸ ਮਤੇ ਨੂੰ ਕਨੂੰਨੀ ਮਾਨਤਾ ਦਿੱਤੀ ਜਾ ਰਹੀ ਹੈ। ਸਕੂਲ ਬੋਰਡ ਵਿਚ ਅਜਿਹਾ ਮਤਾ ਲਿਆਉਣ ਵਾਲਾ ਮੈਂਬਰ ਜੋ ਕਿ ਖੁਦ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਰਗੇ ਮੁਲਕ ਵਿਚ ਕੇਵਲ ਪੈਸੇ ਕਮਾਉਣ ਨਹੀ ਬਲਕਿ ਇਸ ਆਸ ਨਾਲ ਆਏ ਸਨ ਕਿ ਉਹ ਭਾਰਤ ਦੇ ਜਾਤਪਾਤ ਵਾਲੇ ਕੋਹੜ ਤੋ ਛੁਟਕਾਰਾ ਪਾ ਲੈਣਗੇ ਪਰ ਅਫਸੋਸ ਕਿ ਸਾਡੇ ਆਪਣੇ ਲੋਕਾਂ ਨੇ ਸਾਡੇ ਬੱਚਿਆਂ ਨੂੰ ਕੈਨੇਡੀਅਨ ਸਕੂਲਾਂ ਵਿਚ ਵੀ ਜਾਤੀ ਨਫਰਤ ਦਾ ਸ਼ਿਕਾਰ ਬਣਾਉਣ ਤੋ ਸੰਕੋਚ ਨਹੀ ਕੀਤਾ। ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਵਿਚਾਲੇ ਜਾਤੀਵਾਦੀ ਵਿਤਕਰੇ ਤੇ ਨਫਰਤ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਇਸ ਸਕੂਲ ਟਰੱਸਟੀ ਨੇ ਸਾਊਥ ਏਸ਼ੀਅਨ ਦਲਿਤ ਆਦਿਵਾਸੀ ਨੈਟਵਰਕ ਆਫ ਕੈਨੇਡਾ ਦੀ ਸਥਾਪਨਾ ਨਾਲ ਆਪਣੀ ਆਵਾਜ਼ ਸਿਸਟਮ ਤੱਕ ਪਹੁੰਚਾਉਣ ਦਾ ਯਤਨ ਆਰੰਭਿਆ ਸੀ ਜਿਸ ਵਿਚ ਹੁਣ ਉਹ ਕੁਝ ਸਫਲਤਾ ਮਿਲਣ ਦੀ ਉਮੀਦ ਕਰ ਰਿਹਾ ਹੈ।

ਇਸੇ ਤਰਾਂ ਪਿਛਲ਼ੀ ਦਿਨੀ ਡਾ ਅੰਬੇਦਕਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਸੁਸਾਇਟੀ ਆਫ ਕੈਨੇਡਾ ਅਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਸਾਂਝੇ ਉਦਮ ਨਾਲ ਜਾਤੀਵਾਦੀ ਗੁਲਾਮੀ ਤੋ ਛੁਟਕਾਰਾ ਅਤੇ ਬਰਾਬਰਤਾ ਦਿਵਸ ਨੂੰ ਸਮਰਪਿਤ ਡਾ ਅੰਬੇਦਕਰ ਇਂਟਰਨੈਸ਼ਨਲ ਸਿੰਪੋਜੀਅਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਿੰਪੋਜੀਅਮ ਵਿਚ ਭਾਰਤ, ਯੂਕੇ, ਫਰਾਂਸ, ਮਿਡਲ ਈਸਟ ਅਤੇ ਅਮਰੀਕਾ, ਕੈਨੇਡਾ ਤੋ ਲਗਪਗ 100 ਤੋ ਉਪਰ ਡੈਲੀਗੇਟਸ ਜਾਤੀਵਾਦੀ ਸਿਸਟਮ ਤੋ ਛੁਟਕਾਰਾ ਤੇ ਮਾਨਵੀ ਬਰਾਬਰੀ ਲਈ ਸਮਾਜਿਕ, ਸਿਆਸੀ ਤੇ ਆਰਥਿਕ ਮੁੱਦਿਆਂ ਤਹਿਤ ਗਹਿਨ ਵਿਚਾਰਾਂ ਕਰਨਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਇਹ ਹੈਰਾਨੀ ਪ੍ਰਗਟ ਕਰ ਸਕਦਾ ਹੈ ਕਿ ਡਾ ਅੰਬੇਦਰ ਇਂਟਰਨੈਸ਼ਨਲ ਸਿੰਪੋਜੀਅਮ ਵੈਨਕੂਵਰ ਵਿਚ ਕਿਉਂ ਕਰਵਾਇਆ ਜਾ ਰਿਹਾ ਹੈ। ਇਸਦਾ ਜਵਾਬ ਇਹ ਹੈ ਕਿ ਇਥੇ ਸਾਊਥ ਏਸ਼ੀਅਨ ਦੀ ਭਰਵੀ ਆਬਾਦੀ ਹੋਣ ਕਾਰਣ ਇਥੇ ਜਾਤੀਵਾਦੀ ਅਲਾਮਤਾਂ ਨਾਲ ਸਬੰਧਿਤ ਭੇਦਭਾਵ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਾਤੀਵਾਦੀ ਵਿਤਕਰੇ, ਅਲਾਮਤਾਂ ਨੂੰ ਸਮਝਣਾ ਤੇ ਉਸਦੇ ਖਿਲਾਫ ਆਵਾਜ ਬੁਲੰਦ ਕਰਨੀ ਤੇ ਸਮਾਜਿਕ ਬਰਾਬਰੀ ਦੀ ਕਾਇਮੀ ਲਈ ਵਿਚਾਰ ਚਰਚਾ ਜਰੂਰੀ ਹੈ ਤੇ ਸਮਾਜ ਤੱਕ ਇਹ ਗੱਲ ਪਹੁੰਚਾਉਣਾ ਵੀ ਜ਼ਰੂਰੀ ਹੈ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪ੍ਰਾਂਤ ਹੈ ਜਿਥੇ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ਦਲਿਤ ਹਿਸਟਰੀ ਮੰਥ ਐਲਾਨਿਆ ਗਿਆ ਹੈ। ਬੀ ਸੀ ਹਿਊਮੈਨ ਰਾਈਟਸ ਟ੍ਰਿਬਿਊਨਲ ਨੇ ਵੀ ਜਾਤੀਵਾਦੀ ਵਿਤਕਰੇ ਦੀਆਂ ਸ਼ਿਕਾਇਤਾਂ ਖਿਲਾਫ ਉਚਿਤ ਕਾਰਵਾਈ ਕੀਤੀ ਹੈ ਤੇ  ਕਈ ਕੇਸਾਂ ਵਿਚ ਦੋਸ਼ੀਆਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਹਨ।

ਜਾਤੀਵਾਦੀ ਕੋਹੜ ਵਿਚ ਗਰੱਸੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਲਈ ਇਕ ਚੰਗੇ ਤੇ ਨਰੋਏ ਸਮਾਜ ਦੀ ਕਾਇਮੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਸਮਾਜਿਕ ਬਰਾਬਰੀ ਤੇ ਜਾਤੀਵਾਦੀ ਗੁਲਾਮੀ ਤੋ ਛੁਟਕਾਰੇ ਲਈ ਚੇਤੰਨਤਾ ਦਾ ਪਸਾਰਾ ਕਰਨ ਵਾਲੇ ਲੋਕਾਂ ਨੂੰ ਆਪਣੀ ਮੁਹਿੰਮ ਕੇਵਲ ਆਪਣੀ ਬਰਾਦਰੀ ਨਾਲ ਸਬੰਧਿਤ ਆਗੂਆਂ ਉਪਰ ਕੇਂਦਰਿਤ ਰੱਖਣ ਦੀ ਬਿਜਾਏ ਇਤਿਹਾਸ ਦੇ ਉਹਨਾਂ ਮਹਾਂਨਾਇਕਾਂ ਨੂੰ ਵੀ ਯਾਦ ਰੱਖਣ ਦੀ ਲੋੜ ਹੈ ਜਿਹਨਾਂ ਨੇ ਜਾਤੀਵਾਦ ਦੇ ਕੋਹੜ ਨੂੰ ਸਾਫ ਕਰਨ ਲਈ ਕੁਦਰਤ ਕੇ ਸਭ ਬੰਦੇ ਦਾ ਸੰਦੇਸ਼ ਪੂਰੀ ਮਾਨਵਤਾ ਤੱਕ ਪਹੁੰਚਾਇਆ। ਪੂਰੇ ਭਾਰਤੀ ਇਤਿਹਾਸ ਵਿਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸ਼ਾਇਦ ਪਹਿਲੇ ਅਜਿਹੇ ਮਹਾਂਪੁਰਖ ਹੋਏ ਹਨ ਜਿਹਨਾਂ ਨੇ ਉਸ ਦੇਸ਼ ਦੀ ਅਸਲ ਬੀਮਾਰੀ ਦੀ ਜੜ ਜਾਤੀਵਾਦ ਨੂੰ ਖਤਮ ਕਰਨ ਲਈ ਕਥਿਤ ਨੀਵੀਆਂ ਜਾਤਾਂ ਚੋ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਸ ਧਰਤੀ ਦੇ ਲੋਕਾਂ ਨੂੰ ਹਾਕਮੀ ਜ਼ਬਰ, ਜੁਲਮ ਤੇ ਅਨਿਆਂ ਖਿਲਾਫ ਲੜਨ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਇਕ ਨਵੀਂ ਰਾਹ ਵਿਖਾਈ।