Headlines

ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਸਮਤਕ ਹੋਏ

ਸਰੀ, 16 ਅਪ੍ਰੈਲ (ਹਰਦਮ ਮਾਨ)-ਸਰੀ ਕ੍ਰਿਸਚੀਅਨ ਸਕੂਲ ਦੇ ਸੈਕੰਡਰੀ ਕੈਂਪਸ ਦੇ ਵਿਦਿਆਰਥੀ ਬੀਤੇ ਦਿਨ ਧਾਰਮਿਕ ਵਿਦਿਆ ਦੇ ਅਧਿਆਪਕ ਡੇਨ ਸਪਲਿੰਟਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਨਤਮਸਤਕ ਹੋਏ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੋਂ ਜਾਣੂੰ ਕਰਵਾਇਆ। ਵਿਦਿਆਰਥੀਆਂ ਨੇ ਗੁਰਦੁਆਰਾ ਹਾਲ ਵਿਚ ਨਜ਼ਰ ਆਉਣ ਵਾਲੀਆਂ ਵਸਤਾਂ ਅਤੇ ਲਿਖੀ ਹੋਈ ਗੁਰਬਾਣੀ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਇਹਨਾਂ ਪਹਿਲੂਆਂ ਬਾਰੇ ਸਿੱਖ ਫਲਸਫੇ ਨਾਲ ਸੰਬੰਧਤ ਸੁਆਲ ਵੀ ਪੁੱਛੇ। ਵਿਦਿਆਰਥੀਆਂ ਨੇ ਦਰਬਾਰ ਹਾਲ ਵਿਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਅਨੰਦ ਵੀ ਮਾਣਿਆ ਅਤੇ ਲੰਗਰ ਹਾਲ ਵਿਚ ਪਹੁੰਚ ਕੇ ਲੰਗਰ ਛਕਿਆ। ਉਹ ਲੰਗਰ ਦੀ ਮਰਿਆਦਾ ਅਤੇ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਸਿਖਿਆਵਾਂ ਤੋਂ ਬਹੁਤ ਹੀ ਪ੍ਰਭਾਵਤ ਹੋਏ ਅਤੇ ਲੰਗਰ ਛਕ ਕੇ ਪ੍ਰਬੰਧਕਾਂ ਦਾ ਧੰਨਵਾਦ ਕਰਕੇ ਰਵਾਨਾ ਹੋਏ।