Headlines

 ਹੈਰੋਇਨ ਦੀ ਤਸਕਰੀ ਕਰਦੇ ਔਰਤ ਸਮੇਤ ਤਿੰਨ ਮੁਲਜ਼ਮ 655 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ 

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,16 ਅਪ੍ਰੈਲ
ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਦੀ ਤਸਕਰੀ ਕਰਦੇ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ 655 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਗ੍ਰਿਫਤਾਰ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਐਸਪੀ(ਡੀ) ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਏਐਸਆਈ ਗੁਰਮੁਖ ਸਿੰਘ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਘੜਕਾ ਰੋਡ ਚੋਹਲਾ ਸਾਹਿਬ ਗਸ਼ਤ ਦੇ ਸੰਬੰਧ ਵਿੱਚ ਮੌਜੂਦ ਸੀ ਕਿ ਮੁਖਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਕਿ ਗੁਰਪ੍ਰੀਤ ਕੌਰ ਉਰਫ ਜੋਤੀ ਪਤਨੀ ਸੁਖਚੈਨ ਸਿੰਘ, ਸੁਖਦੀਪ ਸਿੰਘ ਉਰਫ ਰਾਜਾ ਪੁੱਤਰ ਸੇਵਕ ਸਿੰਘ ਅਤੇ ਪ੍ਰਿਤਪਾਲ ਸਿੰਘ ਉਰਫ ਫਿਰਤੋ ਪੁੱਤਰ ਮੇਜਰ ਸਿੰਘ (ਸਾਰੇ ਵਾਸੀ ਚੋਹਲਾ ਸਾਹਿਬ) ਜੋ ਕਿ ਆਪਸ ਵਿੱਚ ਰਲ ਕੇ ਹੈਰੋਇਨ ਦੀ ਤਸਕਰੀ ਕਰ ਰਹੇ ਹਨ ਅਤੇ ਇਨ੍ਹਾਂ ਉੱਪਰ ਕਈ ਮੁਕੱਦਮੇ ਦਰਜ ਹਨ।ਇਹ ਤਿੰਨੇ ਜਣੇ ਹੈਰੋਇਨ ਦੀਆਂ ਖੇਪਾਂ ਮੋਬਾਈਲ ਫੋਨ ਰਾਹੀਂ ਆਪਣੇ ਗਾਹਕਾਂ ਨਾਲ ਸੰਪਰਕ ਕਰਕੇ ਆਪਣੇ ਘਰਾਂ ਦੇ ਨੇੜੇ ਜਾਂ ਬਾਹਰ ਤੁਰ ਫਿਰ ਕੇ ਵੇਚਦੇ ਹਨ।ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਵਾਰੀ-ਵਾਰੀ ਰੇਡ ਕਰਕੇ ਗੁਰਪ੍ਰੀਤ ਕੌਰ ਉਰਫ ਜੋਤੀ ਪਾਸੋਂ 280 ਗ੍ਰਾਮ ਹੈਰੋਇਨ, ਸੁਖਦੀਪ ਸਿੰਘ ਉਰਫ ਰਾਜਾ ਪਾਸੋਂ 275 ਗ੍ਰਾਮ ਹੈਰੋਇਨ ਅਤੇ ਪ੍ਰਿਤਪਾਲ ਸਿੰਘ ਉਰਫ ਫਿਰਤੋ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਐਸਐਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫਤਾਰ ਔਰਤ ਸਮੇਤ ਤਿੰਨਾਂ ਮੁਲਜ਼ਮਾਂ ਖਿਲਾਫ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਵਿਨੋਦ ਸ਼ਰਮਾ ਨੇ ਕਿਹਾ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਦੀਆਂ ਸਖ਼ਤ ਹਦਾਇਤਾਂ ‘ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।
ਫੋਟੋ ਕੈਪਸ਼ਨ: ਹੈਰੋਇਨ ਸਮੇਤ ਫੜ੍ਹੇ ਮੁਲਜ਼ਮਾਂ ਦੇ ਨਾਲ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਵਿਨੋਦ ਸ਼ਰਮਾ ਤੇ ਪੁਲਿਸ ਪਾਰਟੀ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)
***

ਦੋ ਸਕੇ ਭਰਾਵਾਂ ਨੂੰ 2 ਕਿਲੋ 800 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ
ਇੱਕ ਭਰਾ ਕਤਲ ਦੇ ਮੁਕੱਦਮੇ ਵਿੱਚ ਪੁਲਿਸ ਨੂੰ ਪਹਿਲਾਂ ਤੋਂ ਲੋੜੀਂਦਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,15 ਅਪ੍ਰੈਲ
ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਸ਼੍ਰੀ ਅਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਵਲੋਂ ਲਗਾਏ ਗਏ ਸਪੈਸ਼ਲ ਨਾਕੇ ਦੌਰਾਨ ਕੈਂਟਰ ਸਵਾਰ ਦੋ ਸਕੇ ਭਰਾਵਾਂ ਨੂੰ 2 ਕਿਲੋ 800 ਗ੍ਰਾਮ ਅਫੀਮ ਸਮੇਤ ਕਾਬੂ ਕਰ ਲਿਆ ਗਿਆ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਦੀਆਂ ਸਖ਼ਤ ਹਦਾਇਤਾਂ ਅਤੇ ਐਸਪੀ (ਡੀ) ਵਿਸ਼ਾਲਜੀਤ  ਸਿੰਘ ਦੀ ਅਗਵਾਈ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਟੀ-ਪੁਆਇੰਟ ਚੋਹਲਾ ਖੁਰਦ-ਫਤਿਆਬਾਦ ਰੋਡ ਉੱਪਰ ਲਗਾਏ ਸਪੈਸ਼ਲ ਨਾਕੇ ‘ਤੇ ਮੌਜੂਦ ਸੀ ਕਿ ਫਤਿਆਬਾਦ ਦੀ ਤਰਫੋਂ ਆ ਰਹੇ ਇੱਕ ਕੈਂਟਰ ਨੰਬਰ ਪੀ ਬੀ 02 ਈਸੀ 7410 ਜਿਸ ਵਿੱਚ ਦੋ ਨੌਜਵਾਨ ਬੈਠੇ ਸਨ ਨੂੰ ਰੋਕ ਕੇ ਜਦ ਉਕਤ ਵਿਅਕਤੀਆਂ ਕੋਲੋਂ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਹ ਘਬਰਾ ਗਏ। ਸ਼ੱਕ ਪੈਣ ‘ਤੇ ਕੈਂਟਰ ਦੀ ਤਲਾਸ਼ੀ ਦੌਰਾਨ ਡਰਾਈਵਰ ਦੀ ਸੀਟ ਥੱਲਿਓਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ। ਪੁਛਗਿੱਛ ਕਰਨ ‘ਤੇ ਕੈਂਟਰ ਸਵਾਰ ਦੋਹਾਂ ਨੌਜਵਾਨਾਂ ਦੀ ਪਹਿਚਾਣ ਸੁਖਜਿੰਦਰ ਸਿੰਘ ਅਤੇ ਹਰਪਾਲ ਸਿੰਘ ਉਰਫ ਭੱਲੂ (ਦੋਵੇਂ ਸਕੇ ਭਰਾ)ਪੁੱਤਰਾਨ ਦਰਬਾਰਾ ਸਿੰਘ ਵਾਸੀ ਲੰਡੇਕੇ ਜ਼ਿਲ੍ਹਾ ਮੋਗਾ ਵਜੋਂ ਹੋਈ। ਡੀਐਸਪੀ ਸ਼੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਪਤਾ ਚੱਲਿਆ ਕਿ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਵਿਚੋਂ ਇੱਕ ਹਰਪਾਲ ਸਿੰਘ ਉਰਫ ਭੱਲੂ ‘ਤੇ ਪਹਿਲਾਂ ਹੀ ਥਾਣਾ ਸਦਰ ਜਗਰਾਓਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਕੋਲੋਂ ਕਰੀਬ 9 ਲੱਖ ਰੁਪਏ ਖੋਹਣ ਦਾ ਮੁਕੱਦਮਾ ਨੰਬਰ 17 ਮਿਤੀ 12 ਮਾਰਚ 2021 ਨੂੰ ਦਰਜ ਹੈ ਤੇ ਉਸ ਮੁਕੱਦਮੇ ਵਿੱਚ ਇਹ ਭਗੌੜਾ ਹੈ।ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹੁਣ ਜਾਅਲੀ ਅਧਾਰ ਕਾਰਡ ਬਣਾ ਕੇ ਆਪਣਾ ਨਾਂਅ ਸੁਰਜੀਤ ਸਿੰਘ ਵਜੋਂ ਬਦਲਕੇ ਹੁਣ ਯੂਪੀ ਵਿੱਚ ਰਹਿ ਰਿਹਾ ਸੀ,ਜਿਸ ਕੋਲੋਂ ਜਾਅਲੀ ਅਧਾਰ ਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਉੱਕਤ ਦੋਵੇਂ ਭਰਾ ਉੱਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ ਅਤੇ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਐਸਐਚਓ ਥਾਣਾ ਚੋਹਲਾ ਸਾਹਿਬ ਵਿਨੋਦ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਫੋਟੋ ਕੈਪਸ਼ਨ:ਅਫੀਮ ਸਮੇਤ ਕਾਬੂ ਕੀਤੇ ਦੋ ਸਕੇ ਭਰਾਵਾਂ ਨਾਲ ਸ਼੍ਰੀ ਅਰੁਣ ਸ਼ਰਮਾ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ, ਵਿਨੋਦ ਸ਼ਰਮਾ ਐਸਐਚਓ ਥਾਣਾ ਚੋਹਲਾ ਸਾਹਿਬ ਅਤੇ ਪੁਲਿਸ ਪਾਰਟੀ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)