Headlines

ਗੁ. ਦਸਮੇਸ਼ ਦਰਬਾਰ ਸਰੀ ਵਿਖੇ 20 ਅਪ੍ਰੈਲ ਨੂੰ ਸੰਗਤਾਂ ਕਰ ਸਕਣਗੀਆਂ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ

ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਸ਼ੁਸ਼ੋਭਿਤ ਹੋਵੇਗੀ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ-

ਸਰੀ ,18 ਅਪ੍ਰੈਲ ( ਦੇ ਪ੍ਰ ਬਿ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਸੰਗਤਾਂ 20 ਅਪ੍ਰੈਲ ਦਿਨ ਵੀਰਵਾਰ ਨੂੰ ਕਰ ਸਕਣਗੀਆਂ। ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੀ ਸੇਵਾ ਸੰਭਾਲ ਕਰ ਰਹੇ ਰਾਏ ਅਜ਼ੀਜ਼ ਉੱਲਾ ਖਾਨ ਸਾਹਿਬ ਨੇ ਦੇਸ਼ ਪ੍ਰਦੇਸ ਟਾਈਮਜ਼ ਨੂੰ ਉਕਤ ਜਾਣਕਾਰੀ ਦਿੰਦਿਆਂ  ਦੱਸਿਆ ਕਿ  ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ ਤੇ ਬੀਤੇ ਦਿਨ ਨਿੱਕੀ ਜਿਹੀ ਗਲਤ ਫਹਿਮੀ ਕਾਰਣ ਵਾਪਰੇ ਘਟਨਾਕ੍ਰਮ ਉਪਰ ਪਛਤਾਵਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਸਿੱਖ ਦੇ ਮਨ ਵਿਚ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਦਸਮੇਸ਼ ਦਰਬਾਰ ਵਲੋਂ  ਵਿਸਾਖੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਮੌਕੇ ਪਵਿੱਤਰ ਗੰਗਾਸਾਗਰ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ।  ਹੁਣ ਵੀਰਵਾਰ 20 ਅਪ੍ਰੈਲ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਸਾਹਿਬ ਦੇ ”ਮੇਨ ਹਾਲ” ਵਿਖੇ ਗੰਗਾਸਾਗਰ ਦੇ ਦਰਸ਼ਨ ਕਰਵਾਏ ਜਾਣਗੇ। ਗੁਰਦੁਆਰਾ ਸਾਹਿਬ ਵੱਲੋਂ ਸ਼ਨਿਚਰਵਾਰ, 22 ਅਪ੍ਰੈਲ ਨੂੰ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿਸ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਦੇ ਨਵਾਬ ਰਾਏ ਕੱਲਾ ਸਾਹਿਬ ਦੀ ਸੇਵਾ ਤੋਂ ਖ਼ੁਸ਼ ਹੋ ਕੇ, ਗੰਗਾ ਸਾਗਰ ਇਕ ਨਿਸ਼ਾਨੀ ਵਜੋਂ ਉਨ੍ਹਾਂ ਨੂੰ ਦਿੱਤਾ ਸੀ, ਜਿਸ ਨੂੰ ਉਨ੍ਹਾਂ ਦੇ ਵੰਸ਼ਜ ਨੇ ਲਗਾਤਾਰ ਸੰਭਾਲ ਕੇ ਰੱਖਿਆ ਹੈ। ਅੱਜ-ਕਲ ਇਸ ਦੀ ਸੇਵਾ ਉਹਨਾਂ ਦੀ ਨੌਵੀ ਪੀੜੀ ਦੇ ਵਾਰਿਸ ਰਾਏ ਅਜ਼ੀਜ਼ੁੳਲਾ ਖ਼ਾਨ ਸਾਹਿਬ ਕਰ ਰਹੇ ਹਨ।