Headlines

ਸਿੱਖ ਅਕੈਡਮੀ ਵੱਲੋਂ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ‘ਕਲਾ ਅਤੇ ਕਿਤਾਬ’ ਪ੍ਰਦਰਸ਼ਨੀ

ਸਰੀ, 20 ਅਪ੍ਰੈਲ (ਹਰਦਮ ਮਾਨ)- ਸਿੱਖ ਅਕੈਡਮੀ ਸਰੀ ਵੱਲੋਂ ਅਕੈਡਮੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਕਲਾ ਅਤੇ ਵਿਰਸੇ ਨਾਲ ਜੋੜਣ ਦੇ ਉਦੇਸ਼ ਤਹਿਤ ਅਕੈਡਮੀ ਦੇ ਹਾਲ ਵਿਚ ਦੋ ਦਿਨਾਂ ਪ੍ਰਦਰਸ਼ਨੀ ਲਾਈ ਗਈ। ਸਕੂਲ ਦੇ ਸੀਨੀਅਰ ਪ੍ਰਿੰਸੀਪਲ ਡਾ. ਰਿਸ਼ੀ ਸਿੰਘ ਅਤੇ ਸਿੱਖ ਅਕੈਡਮੀ ਦੀ ਪ੍ਰੈਜ਼ੀਡੈਂਟ ਅਮਨ ਕੌਰ ਢੀਂਡਸਾ ਦੇ ਵਿਸ਼ੇਸ਼ ਯਤਨਾਂ ਸਦਕਾ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਕੀਤੀ ਗਈ ਇਸ ਪ੍ਰਦਰਸ਼ਨੀ ਵਿਚ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਨੇ ਆਪਣੀਆਂ ਕਲਾ ਕ੍ਰਿਤਾਂ ਨਾਲ ਬੱਚਿਆਂ ਨਾਲ ਸਾਂਝ ਪਾਈ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਸ਼ਾਇਰ ਹਰਦਮ ਸਿੰਘ ਮਾਨ ਨੇ ਬਾਲ-ਪੁਸਤਕਾਂ ਦੀ ਪ੍ਰਦਰਸ਼ਨੀ ਰਾਹੀਂ ਬੱਚਿਆਂ ਨੂੰ ਪੁਸਤਕਾਂ ਨਾਲ ਪਿਆਰ ਕਰਨ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਸਿੱਧ ਗਤਕਾ ਮਾਸਟਰ ਜਗਜੀਤ ਸਿੰਘ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਪੁਰਾਤਨ ਸ਼ਾਸ਼ਤਰਾਂ ਦੇ ਦਰਸ਼ਨ ਕਰਵਾਏ ਅਤੇ ਬੱਚਿਆਂ ਨੂੰ ਇਨ੍ਹਾਂ ਸ਼ਾਸ਼ਤਰਾਂ ਬਾਰੇ ਜਾਣਕਾਰੀ ਦਿੱਤੀ। ਜਪ ਐਂਡ ਗਲੋਅ ਦੇ ਜਤਿੰਦਰ ਸਿੰਘ ਨੇ ਵੀ ਲੋਹ-ਬਰਤਨਾਂ ਅਤੇ ਹੋਰ ਸਿੱਖ ਵਸਤੂਆਂ ਦੀ ਨੁਮਾਇਸ਼ ਰਾਹੀਂ ਬੱਚਿਆਂ ਨੂੰ ਵਿਰਸੇ ਨਾਲ ਜੋੜਿਆ।

ਅਕੈਡਮੀ ਦੇ ਬੱਚਿਆਂ ਨੇ ਵੀ ਸਿੱਖ ਵਿਰਾਸਤ ਮਹੀਨਾ ਮਨਾਉਂਦਿਆਂ ਆਪਣੇ ਅਧਿਆਪਕ ਮਿਸਜ਼ ਸਫੁੱਲ, ਮਿਸਜ਼ ਰੰਧਾਵਾ, ਵਾਈਸ ਪ੍ਰਿੰਸੀਪਲ ਪੁਨੀਤ ਬਰਾੜ ਅਤੇ ਵਾਈਸ ਪ੍ਰਿੰਸੀਪਲ ਅੰਬਾ ਦੀ ਅਗਵਾਈ ਹੇਠ ਆਪਣੇ ਹੱਥੀਂ ਤਿਆਰ ਕੀਤੀਆਂ ਪੰਜਾਬ ਦੇ ਪੇਂਡੂ ਸੱਭਿਆਚਾਰ, ਵਿਸਾਖੀ, ਗੁਰਦੁਆਰਾ ਸਾਹਿਬਾਨ, ਧਾਰਮਿਕ ਚਿੱਤਰਾਂ ਅਤੇ ਹੋਰ ਕਈ ਕ੍ਰਿਤਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦੀਆਂ ਇਨ੍ਹਾਂ ਕਲਾਤਮਿਕ ਕ੍ਰਿਤਾਂ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਦੋ ਦਿਨਾਂ ਦੀ ਇਸ ਪ੍ਰਦਰਸ਼ਨੀ ਦੌਰਾਨ ਸਰੀ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਿੱਖ ਅਕੈਡਮੀ ਵਿਚ ਆ ਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਕਾਰਜ ਕੀਤਾ। ਇਨ੍ਹਾਂ ਸ਼ਖ਼ਸੀਅਤਾਂ ਵਿਚ ਬਲਵੰਤ ਸਿੰਘ ਵਿਰਕ, ਗੁਰਪਰਤਾਪ ਸਿੰਘ ਵਿਰਕ, ਵੈਨਗੋ ਫਰਨੀਚਰ ਦੇ ਜੀਤ ਸਿੰਘ, ਜਸਵਿੰਦਰ ਸਿੱਧੂ, ਰੇਡੀਓ ਹੋਸਟ ਰਾਣੀ ਮਾਂਗਟ, ਬਰਨਬੀ ਦੇ ਸਕੂਲ ਟਰੱਸਟੀ ਹਰਮਨ ਸਿੰਘ ਪੰਧੇਰ, ਐਲਿਜਾਬੈਂਥ ਸਕੂਲ ਦੀ ਪੰਜਾਬੀ ਅਧਿਆਪਕਾ ਸਰਬਜੀਤ ਕੌਰ, ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ ਕੁਲਾਰ, ਸਟੂਡੀਓ 7 ਦੇ ਨਵਲਪਰੀਤ ਰੰਗੀ, ਸ਼ਾਇਰ ਮੋਹਨ ਗਿੱਲ, ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਗੁਰਦੀਪ ਸਿੰਘ ਸਮਰਾ ਅਤੇ ਕਈ ਹੋਰ ਬਿਜਨਸਮੈਲ ਤੇ ਬੱਚਿਆਂ ਦੇ ਮਾਪੇ ਸ਼ਾਮਲ ਸਨ।

ਅਕੈਡਮੀ ਦੇ ਸੀਨੀਅਰ ਪ੍ਰਿੰਸੀਪਲ ਡਾ. ਰਿਸ਼ੀ ਸਿੰਘ ਨੇ ਕਿਹਾ ਕਿ ਇਹ ਪਹਿਲਾ ਯਤਨ ਸੀ ਜਿਸ ਵਿਚ ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਨੇ ਵਿਸ਼ੇਸ਼ ਉਤਸ਼ਾਹ ਦਿਖਾਇਆ। ਅਕੈਡਮੀ ਦੀ ਪ੍ਰੈਜ਼ੀਡੈਂਟ ਅਮਨ ਕੌਰ ਢੀਂਡਸਾ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੀਆਂ ਪ੍ਰਦਰਸ਼ਨੀਆਂ ਲਾ ਕੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਣ ਦੇ ਉਪਰਾਲੇ ਕੀਤੇ ਜਾਣਗੇ।