Headlines

ਮਨੂਵਾਦ ਵਿਰੋਧੀ ਫਰੰਟ ਕੈਨੇਡਾ ਨੇ ਮਨੂ ਸਿਮਰਿਤੀ ਦੀਆਂ ਕਾਪੀਆਂ ਦੀ ਚਿਤਾ ਬਾਲੀ

*ਸਿਆਟਲ ਸਿਟੀ ਕੌਂਸਲਰ ਸ਼ਾਮਾ ਸਾਵੰਤ ਵਲੋਂ ਸਰੀ ਨਗਰ ਕੀਰਤਨ ਵਿਖੇ ਜ਼ਾਤ-ਪਾਤ ਦੇ ਵਿਤਕਰੇ ਖਿਲਾਫ ਕਾਨੂੰਨ ਲਈ ਪਟੀਸ਼ਨ ਮੁਹਿੰਮ-

ਸਰੀ ( ਗੁਰਵਿੰਦਰ ਸਿੰਘ)- ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਸੀਨੀਅਰ ਸੈਂਟਰ ਵਿਖੇ ਬੀਤੇ ਦਿਨੀ ‘ਮਨੂਵਾਦ ਵਿਰੋਧੀ ਫਰੰਟ’ ਕਾਇਮ ਕੀਤਾ ਗਿਆ। Anti Manuwaad Front (AMF) ਮਨੂਵਾਦ ਵਿਰੋਧੀ ਫਰੰਟ ਦਾ ਪਹਿਲਾ ਪੋਸਟਰ ਰਿਲੀਜ਼ ਕਰਨ ਵਾਲਿਆਂ ਵਿੱਚ ਸਿਆਟਲ ਦੀ ਸਿਟੀ ਕੌਂਸਲਰ ਸ਼ਾਮਾ ਸਾਵੰਤ, ਸੰਸਥਾ ਦੇ ਸਹਿ ਸੰਸਥਾਪਕ ਡਾ. ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਸੇਵਾਦਾਰ ਭਾਈ ਗਿਆਨ ਸਿੰਘ ਗਿੱਲ, ਮਨੁੱਖੀ ਅਧਿਕਾਰ ਕਾਰਕੁੰਨ ਅਤੇ ਦਲਿਤ ਆਗੂ ਬੀਬੀ ਕਮਲੇਸ਼ ਅਹੀਰ ਤੇ ਰੈਡੀਕਲ ਦੇਸੀ ਤੋਂ ਪੁਰਸ਼ੋਤਮ ਦੁਸਾਂਝ ਸ਼ਾਮਲ ਹੋਏ।
ਇਸ ਸੰਸਥਾ ਵੱਲੋਂ ਜਲਿਆਂ ਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ 104ਵੀਂ ਬਰਸੀ ਮੌਕੇ ਹੌਲੈਂਡ ਪਾਰਕ ਵਿਖੇ ਮਨੂ ਸਿਮ੍ਰਿਤੀ ਦੀਆਂ ਕਾਪੀਆਂ ਅੱਗ ਭੇਟ ਕੀਤੀਆਂ ਗਈਆਂ। ਮਹਾਨ ਵਿਦਵਾਨ ਅਤੇ ਦਲਿਤ ਨੇਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੀ ਪੂਰਵ ਸੰਧਿਆ ‘ਤੇ, ਦੱਖਣੀ ਏਸ਼ੀਆਈ ਕਾਰਕੁੰਨ, ਸਰੀ ਵਿੱਚ ਇਸ ‘ਨਸਲਵਾਦੀ ਪਾਠ’ ਮਨੂ ਸਮ੍ਰਿਤੀ ਦੀ ਚਿਤਾ ਜਲਾਉਣ ਲਈ ਇਕੱਠੇ ਹੋਏ, ਜੋ ਵਹਿਸ਼ੀ ਵਿਤਕਰੇ ਵਾਲੀ ਪ੍ਰਣਾਲੀ ਨੂੰ ਮਨਜ਼ੂਰੀ ਦਿੰਦਾ ਹੈ। ਮਨੂ ਸਮ੍ਰਿਤੀ ਆਰਥੋਡਾਕਸ ਤੇ ਜਾਤ-ਪਾਤ ਦੇ ਵਿਤਕਰੇ ਵਾਲਾ ਸਨਾਤਨੀ ਸਿਧਾਂਤ ਹੈ, ਜੋ ਹਿੰਦੂ ਸਮਾਜ ਨੂੰ ਚਾਰ ਜਾਤੀ ਸਮੂਹਾਂ ਵਿੱਚ ਵੰਡਦਾ ਹੈ ਅਤੇ ਅਖੌਤੀ ਅਛੂਤਾਂ ਜਾਂ ਦਲਿਤਾਂ ਨਾਲ ਵਿਤਕਰਾ ਕਰਦਾ ਹੈ।

ਡਾ: ਬੀ.ਆਰ. ਅੰਬੇਡਕਰ, ਜੋ ਸਨਾਤਨੀ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਜਾਤ-ਆਧਾਰਿਤ ਜ਼ੁਲਮ ਕਾਰਨ ਮਨੂ ਸਮ੍ਰਿਤੀ ਨੂੰ ਰੱਦ ਕਰ ਦਿੱਤਾ, ਨੇ 1927 ਵਿੱਚ ਆਪਣੇ ਸਮਰਥਕਾਂ ਨੂੰ ਇਸ ਵਿਵਾਦਿਤ ਕਿਤਾਬ ਨੂੰ ਸਾੜਨ ਲਈ ਲਾਮਬੰਦ ਕੀਤਾ ਸੀ। 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਦੀ ਪੂਰਵ ਸੰਧਿਆ ‘ਤੇ, ਨਵੇਂ ਬਣੇ ਐਂਟੀ- ਮਨੂਵਾਦ  ਫਰੰਟ (ਏਐਮਐਫ) ਮਨੂਵਾਦ ਵਿਰੋਧੀ ਫਰੰਟ ਦੇ ਮੈਂਬਰਾਂ ਨੇ ਸਰੀ ਦੇ ਹਾਲੈਂਡ ਪਾਰਕ ਵਿਖੇ ਮਨੂ ਸਮ੍ਰਿਤੀ ਖ਼ਾਰਜ ਕਰਨ ਦੇ ਇਤਿਹਾਸਕ ਕਾਰਜ ਨੂੰ ਦੁਹਰਾਇਆ ਅਤੇ ਮਨੂ ਸਿਮਰਿਤੀ ਦੀਆਂ ਕਾਪੀਆਂ ਦਹਨ ਕੀਤੀਆਂ। ਇਸ ਮੌਕੇ ਤੇ ਇਕੱਤਰ ਲੋਕਾਂ ਨੇ ਨਾ ਸਿਰਫ ਸਕ੍ਰਿਪਟ ਦੀਆਂ ਕਾਪੀਆਂ ਸਾੜੀਆਂ ਗਈਆਂ, ਸਗੋਂ ਜਾਤ-ਪਾਤ ਵਿਰੋਧੀ ਸਰਗਰਮ ਕਾਰਕੁੰਨਾਂ ਨੇ ਜਾਤੀ ਵਿਵਸਥਾ ਦੀ ਨਿੰਦਾ ਕਰਦੇ ਹੋਏ ਨਾਅਰੇ ਵੀ ਲਗਾਏ। ਮਨੂਵਾਦ ਵਿਰੋਧੀ ਫਰੰਟ AMF ਨੂੰ ਰਸਮੀ ਤੌਰ ‘ਤੇ ਦਲਿਤ ਇਤਿਹਾਸ ਮਹੀਨੇ ਦੇ ਪਹਿਲੇ ਦਿਨ 1 ਅਪ੍ਰੈਲ ਨੂੰ ਸਰੀ ਵਿੱਚ ਕਾਇਮ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਸਿਆਟਲ ਸਿਟੀ ਕੌਂਸਲਰ ਸ਼ਾਮਾ ਸਾਵੰਤ ਦੀ ਮੌਜੂਦਗੀ ਵਿੱਚ ਕੀਤੀ ਗਈ, ਜਿਸ ਨੇ ਜਾਤੀ ਆਧਾਰਿਤ ਵਿਤਕਰੇ ਵਿਰੁੱਧ ਆਰਡੀਨੈਂਸ ਦੇ ਪਿੱਛੇ ਅਹਿਮ ਭੂਮਿਕਾ ਨਿਭਾ ਰਹੀ ਸੀ।
ਮੈਟਰੋ ਵੈਨਕੂਵਰ ਵਿੱਚ ਸ਼ਾਮਾ ਸਾਵੰਤ ਅਤੇ ਉਸਦੇ ਸਮਰਥਕਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿੱਚ ਬੀਸੀ ਵਿੱਚ ਵੀ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। 22 ਅਪ੍ਰੈਲ ਦਿਨ ਸ਼ਨੀਵਾਰ ਨੂੰ, ਸਰੀ ਵਿਖੇ ਨਗਰ ਕੀਰਤਨ ਮੌਕੇ ਵੱਧ ਤੋਂ ਵੱਧ ਪਟੀਸ਼ਨਾਂ ਸਾਇਨ ਕਰਵਾਈਆਂ ਜਾਣਗੀਆਂ। ਮਨੂਵਾਦ ਵਿਰੋਧੀ ਫਰੰਟ ਵੱਲੋ 13 ਅਪ੍ਰੈਲ, ਅੰਬੇਡਕਰ ਦੀ ਜਯੰਤੀ ਨੂੰ ਮਨੁੂ ਸਮ੍ਰਿਤੀ ਦੀਆਂ ਕਾਪੀਆਂ ਬਾਲ ਕੇ, ਆਪਣੀਆਂ ਆਉਣ ਵਾਲੀਆਂ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਲਈ ਚੁਣਿਆ ਗਿਆ।
ਇਹ ਸਮਾਗਮ ਖਾਲਸੇ ਦੇ ਜਨਮ ਦਿਹਾੜੇ ਦੇ ਨਾਲ ਡੂੰਘਾ ਸੰਬੰਧ ਰੱਖਦਾ ਹੈ, ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਾਤ-ਪਾਤ ਨੂੰ ਖਤਮ ਕਰਨ ਲਈ ਖਾਲਸਾ ਪੰਥ ਸਾਜਿਆ ਸੀ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ‘ਮਨੂਵਾਦ ਵਿਰੋਧੀ ਫਰੰਟ’ (ਏ.ਐਮ.ਐਫ) ਦੇ ਸਹਿ-ਸੰਸਥਾਪਕ ਡਾ. ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ, ਪ੍ਰਸਿੱਧ ਅੰਬੇਡਕਰਵਾਦੀ ਕਮਲੇਸ਼ ਅਹੀਰ ਅਤੇ ਰਸ਼ਪਾਲ ਭਾਰਦਵਾਜ ਸ਼ਾਮਲ ਸਨ। ਬੁਲਾਰਿਆਂ ਨੇ ਸਰਬਸੰਮਤੀ ਨਾਲ ਭਾਰਤ ਵਿੱਚ ਮਨੂ ਸਮ੍ਰਿਤੀ ਦੇ ਲੇਖਕ ਦੇ ਬੁੱਤਾਂ ਨੂੰ ਹਟਾਉਣ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਮਨੂਵਾਦ ਦੀ ਨਫ਼ਰਤ ਭਰੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਵਿਰੁੱਧ ਜਥੇਬੰਦ ਹੋ ਕੇ, ਅੰਦੋਲਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੌਜੂਦਾ ਇੰਡੀਅਨ ਸਟੇਟ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਹਿੰਦੂਤਵੀ ਤਾਕਤਾਂ ਨੇ ‘ਧਰਮ ਨਿਰਪੱਖਤਾ ਅਤੇ ਜਮਹੂਰੀਅਤ’ ਦੀ ਆੜ ਹੇਠ ‘ਹਿੰਦੂ ਰਾਸ਼ਟਰਵਾਦ’ ਦੇ ਨਾਂ ‘ਤੇ ਦੇਸ਼ ‘ਤੇ ਰਾਜ ਕਰਨਾ ਜਾਰੀ ਰੱਖਿਆ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸੱਤਾਧਾਰੀ ਮਨੂਵਾਦੀਆਂ ਦੁਆਰਾ ਭਾਰਤ ਵਿੱਚ ਔਰਤਾਂ, ਦਲਿਤਾਂ ਅਤੇ ਹੋਰ ਘੱਟ ਗਿਣਤੀਆਂ ‘ਤੇ ਚੱਲ ਰਹੇ ਜਬਰ ਵਿਰੁੱਧ ਵੀ ਚੇਤਾਵਨੀ ਦਿੱਤੀ।
ਸੰਬੋਧਨ ਕਰਨ ਵਾਲਿਆਂ ਨੇ ਪੰਜਾਬ ਵਿੱਚ ਮੌਜੂਦਾ ਸੱਤਾਧਾਰੀਆਂ ਵੱਲੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਤੇ NSA ਲਗਾਉਣ ਅਤੇ ਭਾਰਤ ਭਰ ਵਿੱਚ ਕਾਲੇ ਕਾਨੂੰਨ ਲਾਗੂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਬੁਲਾਰਿਆਂ ਨੇ ਸੁੱਤੀ ਜਨਤਾ ਨੂੰ ਹਲੂਣਾ ਦੇਣ ਤੇ ਮਨੂ-ਸਿਮ੍ਰਿਤੀ ਦੇ ਜ਼ੁਲਮ ਖਿਲਾਫ ਲਾਮਬੰਦ ਕਰਨ ਲਈ, ਸ਼ਾਇਰ ਦਵਿੰਦਰ ਸਿੰਘ ਪੂਨੀਆ ਦੀਆਂ ਇਨ੍ਹਾਂ ਸਤਰਾਂ ਦੀ ਸਾਂਝ ਪਾਈ :

”ਮਨੂ ਦੀ ਸਿਮਰਤੀ ਤਿਰਸ਼ੂਲ ਚੁੱਕੀ ਫਿਰ ਰਹੀ ਹੈ
ਮਹਾਤਮਾ ਸੱਭਿਅਤਾ ਦਾ ਚੂਰ, ਗਰਿਮਾ ਗਿਰ ਰਹੀ ਹੈ
ਬਹੁਤ ਮੁਸ਼ਕਿਲ ਹੈ ਉਸ ਜਨਤਾ ਦੇ ਆਦਰ ਦੀ ਬਹਾਲੀ
ਜੋ ਰਵਿਦਾਸਾਂ ਕਬੀਰਾਂ ਤੋਂ ਸਦਾ ਮੁਨਕਿਰ ਰਹੀ ਹੈ”

ਤਸਵੀਰ : ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਸੀਨੀਅਰ ਸੈਂਟਰ ਵਿਖੇ ਮਨੂਵਾਦ ਵਿਰੋਧੀ ਫਰੰਟ ਕਾਇਮ ਕਰਨ ਸਮੇਂ ਹਾਜ਼ਿਰ ਸ਼ਖਸੀਅਤਾਂ।