Headlines

ਸੰਪਾਦਕੀ-ਪ੍ਰਧਾਨ ਮੰਤਰੀ ਦਾ ਟਰੂਡੋ ਫਾਉਂਡੇਸ਼ਨ ਨਾਲ ਸਬੰਧਾਂ ਤੋ ਇਨਕਾਰ…

ਨਿੱਤ ਨਵਾਂ ਸਕੈਂਡਲ…..

 

ਸੁਖਵਿੰਦਰ ਸਿੰਘ ਚੋਹਲਾ-

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਵਿਵਾਦਾਂ ਦੇ ਘੇਰੇ ਵਿਚ ਹਨ। ਨਿੱਤ ਦਿਨ ਕੋਈ ਨਾ ਕੋਈ ਅਜਿਹਾ ਵਿਵਾਦ ਸਾਹਮਣੇ ਆ ਜਾਂਦਾ ਹੈ ਜਿਸਦਾ ਪ੍ਰਧਾਨ ਮੰਤਰੀ ਟਰੂਡੋ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਜੋੜਿਆ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਉਹ ਵੁਈ ਚੈਰਿਟੀ ਅਤੇ ਐਸ ਐਨ ਸੀ ਲੈਵਾਲਿਨ ਮਾਮਲੇ ਵਿਚ ਬੁਰੀ ਤਰਾਂ ਘਿਰੇ ਰਹੇ ਹਨ ਪਰ ਹੁਣ ਉਹ ਇਸ ਵਿਵਾਦ ਵਿਚ ਘਿਰੇ ਹਨ ਜਿਸਦਾ ਸਿੱਧਾ ਸਬੰਧ ਮੁਲਕ ਦੀ ਸੁਰੱਖਿਆ ਤੇ ਪ੍ਰਭੂਸੱਤਾ ਨਾਲ ਜੁੜਿਆ ਹੋਇਆ ਹੈ। ਕੋਵਿਡ ਮਹਾਂਮਾਰੀ ਦੌਰਾਨ ਦੁਨੀਆ ਦੀ ਦੂਸਰੀ ਵੱਡੀ ਤਾਕਤ ਚੀਨ ਨਾਲ ਦੁਵੱਲੇ ਸਬੰਧਾਂ ਵਿਚ ਆਏ ਵਿਗਾੜ ਦੇ ਚਲਦਿਆਂ ਇਹ ਖੁਲਾਸਾ ਹੋਇਆ ਹੈ ਕਿ ਚੀਨ ਸਰਕਾਰ ਕੈਨੇਡੀਅਨ ਰਾਜਨੀਤੀ ਵਿਚ ਸਿੱਧੇ ਰੂਪ ਵਿਚ ਦਖਲਅੰਦਾਜੀ ਕਰਦੀ ਆ ਰਹੀ ਹੈ ਤੇ ਸਰਕਾਰੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਉਹ ਆਪਣੇ ਸਰੋਤਾਂ ਦੀ ਖੁੱਲਕੇ ਵਰਤੋਂ ਕਰਦੀ ਹੈ। ਕੈਨੇਡਾ ਵਿਚ ਚੀਨੀ ਮੂਲ ਦੇ ਲਿਬਰਲ ਪਾਰਟੀ ਨਾਲ ਜੁੜੇ ਆਗੂਆਂ ਨੂੰ ਪਾਰਲੀਮੈਂਟ ਹਿੱਲ ਦੀਆਂ ਪੌੜੀਆਂ ਚੜਾਉਣ ਅਤੇ ਉਹਨਾਂ ਰਾਹੀਂ ਚੀਨ ਦੇ ਹਿੱਤ ਵਿਚ ਲਾਬਿੰਗ ਕੀਤੇ ਜਾਣ ਦੇ ਕਈ ਰਹੱਸ ਜੱਗ ਜਾਹਰ ਹੋਏ ਹਨ। ਵਿਰੋਧੀ ਧਿਰਾਂ ਵਲੋਂ ਟਰੂਡੋ ਸਰਕਾਰ ਤੋ ਕੈਨੇਡੀਅਨ ਸਿਆਸਤ ਵਿਚ ਚੀਨੀ ਦਖਲਅੰਦਾਜੀ ਦੇ ਦੋਸ਼ਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਜੋਰ ਫੜ ਰਹੀ ਸੀ ਕਿ ਇਸੇ ਦੌਰਾਨ ਇਕ ਹੋਰ ਵੱਡਾ ਖੁਲਾਸਾ ਹੋਇਆ ਕਿ ਪ੍ਰਧਾਨ ਮੰਤਰੀ ਟਰੂਡੋ ਦੇ ਪਿਤਾ ਦੇ ਨਾਮ ਉਪਰ ਬਣੀ ਚੈਰੀਟੇਬਲ ਸੰਸਥਾ ਟਰੂਡੋ ਫਾਉਂਡੇਸ਼ਨ ਵੀ ਚੀਨ ਤੋ ਭਾਰੀ ਡੋਨੇਸ਼ਨ ਸਵੀਕਾਰ ਕਰਦੀ ਰਹੀ ਹੈ। ਪਹਿਲਾਂ ਇਹ ਖਬਰ ਸੀ ਕਿ ਚੀਨੀ ਮੂਲ ਦੇ ਇਕ ਧਨਾਢ ਵਿਅਕਤੀ ਨੇ ਟਰੂਡੋ ਫਾਉਂਡੇਸ਼ਨ ਨੂੰ ਦੋ ਲੱਖ ਡਾਲਰ ਦੀ ਡੋਨੇਸ਼ਨ ਦਿੱਤੀ ਹੈ ਪਰ ਬਾਦ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਧਨਾਢ ਵਿਅਕਤੀ ਸਿੱਧੇ ਰੂਪ ਵਿਚ ਚੀਨ ਦੀ ਇਕ ਸਰਕਾਰੀ ਸੰਸਥਾ ਨਾਲ ਜੁੜਿਆ ਹੋਇਆ ਹੈ। ਕੈਨੇਡਾ ਦੇ ਇਕ ਨਾਮਵਰ ਅਖਬਾਰ ਵਲੋਂ ਇਸ ਸਬੰਧੀ ਸਨਸਨੀਖੇਜ ਰਿਪੋਰਟ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਟੂਰਡੋ ਫਾਊਂਡੇਸ਼ਨ ਨੇ ਡੋਨੇਸ਼ਨ ਦੀ ਇਹ ਰਾਸ਼ੀ ਵਾਪਿਸ ਕਰ ਦਿੱਤੀ।

ਇਸ ਕਾਰਨ ਵਿਵਾਦ ਪੈਦਾ ਹੋਇਆਕਿਉਂਕਿ ਕੁਝ ਲੋਕਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਕਿ ਦਾਨ ਸੰਭਾਵੀ ਤੌਰ ਤੇ ਫਾਊਂਡੇਸ਼ਨ ਦੀ ਆਜ਼ਾਦੀ ਨਾਲ ਸਮਝੌਤਾ ਕਰ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕੈਨੇਡੀਅਨ ਸਿਆਸਤਦਾਨਾਂ ਲਈ ਹਿੱਤਾਂ ਦੇ ਟਕਰਾਅ ਦਾ ਕਾਰਨ ਬਣ ਸਕਦਾ ਹੈ। ਟਰੂਡੋ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਹ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਸਖਤ ਨੀਤੀ ਨੂੰ ਕਾਇਮ ਰੱਖਦਾ ਹੈ ਅਤੇ ਇਹ ਕਿ ਉਹ ਦਾਨ ਸਵੀਕਾਰ ਨਹੀਂ ਕਰਦਾ ਹੈ ਜੋ ਇਸਦੇ ਮੁੱਲਾਂ ਜਾਂ ਮਿਸ਼ਨ ਨਾਲ ਸਮਝੌਤਾ ਕਰ ਸਕਦਾ ਹੈ। ਹੁਣ ਫਾਊਡੇਸ਼ਨ ਦੇ ਸੀਈਓ ਵਲੋਂ ਆਪਣੇ ਅਹੁਦੇ ਤੋ ਅਸਤੀਫਾ ਦੇਕੇ ਵਿਵਾਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਉਸਦਾ ਆਪਣੇ ਪਿਤਾ ਦੇ ਨਾਮ ਉਪਰ ਇਸ ਫਾਉਂਡੇਸ਼ਨ ਨਾਲ ਕੋਈ ਸਬੰਧ ਨਹੀ। ਪਰ ਵਿਰੋਧੀ ਧਿਰ ਇਹ ਸਭ ਮੰਨਣ ਲਈ ਤਿਆਰ ਨਹੀਂ। ਵਿਰੋਧੀ ਧਿਰ ਦੀ ਮੰਗ ਹੈ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਵੇ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਆਪਣੇ ਪਰਿਵਾਰ ਸਮੇਤ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਜਮਾਇਕਾ ਗਏ ਸਨ ਤਾਂ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਖਰਚਾ ਵੀ ਕਿਸੇ ਚੈਰੀਟੇਬਲ ਸੰਸਥਾ ਵਲੋਂ ਕੀਤਾ ਗਿਆ ਸੀ। ਸੰਸਦ ਵਿਚ ਬਹਿਸ ਦੌਰਾਨ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਉਪਰ ਘੇਰਿਆ ਗਿਆ ਪਰ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੁਈ ਚੈਰਿਟੀ ਫਾਊਂਡੇਸ਼ਨ ਦੁਆਰਾ  ਟਰੂਡੋ ਫਾਊਂਡੇਸ਼ਨ ਨੂੰ ਦਿੱਤੇ ਗਏ $200,000 ਦਾਨ ਨਾਲ ਵੀ ਇਕ ਵਿਵਾਦ ਉਭਰਿਆ ਸੀ। ਇਹ ਦਾਨ ਉਸ ਸਮੇਂ ਕੀਤਾ ਗਿਆ ਸੀ ਜਦੋਂ ਵੁਈ ਚੈਰਿਟੀ ਕੈਨੇਡੀਅਨ ਸਰਕਾਰ ਤੋਂ ਵਿਦਿਆਰਥੀ ਗ੍ਰਾਂਟ ਪ੍ਰੋਗਰਾਮ ਸਬੰਧੀ ਠੇਕੇ ਦੀ ਮੰਗ ਕਰ ਰਹੀ ਸੀ।

ਇਸ ਦੌਰਾਨ  ਇਹ ਖੁਲਾਸਾ ਵੀ ਹੋਇਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ  ਟਰੂਡੋ ਅਤੇ ਉਨ੍ਹਾਂ ਦੀ ਮਾਂ ਮਾਰਗਰੇਟ ਟਰੂਡੋ, ਵੁਈ ਚੈਰਿਟ ਦੇ ਸਮਾਗਮਾਂ ਵਿੱਚ ਭਾਸ਼ਨ ਕਰਨ ਲਈ ਚੈਰਿਟੀ ਤੋਂ ਮੋਟੀ ਫੀਸ ਪ੍ਰਾਪਤ ਕਰਦੀਆਂ ਰਹੀਆਂ ਹਨ। ਆਲੋਚਕਾਂ ਨੇ ਸਵਾਲ ਕੀਤਾ ਕਿ ਕੀ ਦਾਨ ਪ੍ਰਧਾਨ ਮੰਤਰੀ ਲਈ ਹਿੱਤਾਂ ਦਾ ਟਕਰਾਅ ਨਹੀਂ ਸੀਅਤੇ ਕੀ ਇਸ ਨੇ ਵੁਈ ਚੈਰਿਟੀ ਨੂੰ ਠੇਕਾ ਦੇਣ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ।

ਮਸਲਾ ਇਸ ਤੱਥ ਤੋਂ ਹੋਰ ਵੀ ਗੁੰਝਲਦਾਰ ਹੋ ਗਿਆ ਸੀ ਕਿ ਜਸਟਿਨ ਟਰੂਡੋ ਅਤੇ ਉਸਦੇ ਪਰਿਵਾਰ ਦਾ ਵੁਈ ਚੈਰਿਟੀ ਨਾਲ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ ਤੇ ਉਹਨਾਂ ਨੇ  ਪਿਛਲੇ ਸਮੇਂ ਇਸ ਦੇ ਕਈ ਸਮਾਗਮਾਂ ਵਿੱਚ ਹਿੱਸਾ ਲਿਆ ਸੀ। ਵਿਵਾਦ ਨੇ ਅੰਤ ਵਿੱਚ ਹਿੱਤਾਂ ਦੇ ਟਕਰਾਅ ਅਤੇ ਨੈਤਿਕਤਾ ਕਮਿਸ਼ਨਰ ਦੁਆਰਾ ਇੱਕ ਜਾਂਚ ਕੀਤੀ ਗਈਜਿਸ ਵਿੱਚ ਪਾਇਆ ਗਿਆ ਕਿ ਟਰੂਡੋ ਨੇ ਵੁਈ ਚੈਰਿਟੀ ਨੂੰ ਠੇਕਾ ਦੇਣ ਦੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰਨ ਵਿੱਚ ਅਸਫਲ ਹੋ ਕੇ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਹੁਣ ਤਾਜਾ ਵਿਵਾਦ ਇਸਤੋਂ ਵੀ ਜਿਆਦਾ ਗੰਭੀਰ ਹੈ ਕਿਉਂਕਿ ਇਸ ਵਿਵਾਦ ਦਾ ਸਬੰਧ  ਟਰੂਡੋ ਪਰਿਵਾਰ ਵਲੋਂ ਕਿਸੇ ਸੰਸਥਾ ਤੋ ਕੇਵਲ ਸੁੱਖ ਸੁਵਿਧਾਵਾਂ ਪ੍ਰਾਪਤ ਕਰਨਾ ਹੀ ਨਹੀ ਬਲਿਕ ਮੁਲਕ ਦੀ ਸੁਰੱਖਿਆ, ਪ੍ਰਭੂਸੱਤਾ ਤੇ ਕੌਮਾਂਤਰੀ ਹਿੱਤਾਂ ਨਾਲ ਵੀ ਜੁੜਿਆ ਹੋਇਆ ਹੈ। ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਉਪਰ ਘੇਰਨ ਲਈ ਇਕਮੁੱਠ ਹਨ ਤੇ ਜਨਤਕ ਜਾਂਚ ਦੀ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਵਲੋਂ ਆਪਣੀ ਸਫਾਈ ਦਿੰਦਿਆਂ ਚਿਹਰੇ ਦੇ ਹਾਵ ਭਾਵ ਦਸਦੇ ਹਨ ਕਿ ਉਹ ਬੁਰੀ ਤਰਾਂ ਫਸੇ ਮਹਿਸੂਸ ਕਰ ਰਹੇ ਹਨ। ਆਗੇ ਆਗੇ ਦੇਖੀਏ ਹੋਤਾ ਹੈ ਕਿਆ…