Headlines

ਸਰੀ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਤਿੰਨ ਸਾਲ ਬਾਦ ਹੋਏ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕ-

ਸਰੀ, 23 ਅਪ੍ਰੈਲ (ਹਰਦਮ ਮਾਨ, ਮਹੇਸ਼ਇੰਦਰ ਸਿੰਘ ਮਾਂਗਟ )- ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਖਾਲਸਾ ਸਾਜਨਾ ਦਿਵਸ, ਵਿਸਾਖੀ ਦੇ  ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ, ਇੰਡੀਆ ਤੋ ਬਾਹਰ ਆਪਣੀ ਵਿਸ਼ਾਲਤਾ ਲਈ ਪ੍ਰਸਿੱਧੀ ਪ੍ਰਾਪਤ ਇਸ ਧਾਰਮਿਕ ਇਕੱਠ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਕੋਵਿਡ ਮਹਾਂਮਾਰੀ ਉਪਰੰਤ ਪੂਰੇ ਤਿੰਨ ਸਾਲ ਬਾਦ ਹੋਏ ਇਸ ਨਗਰ ਕੀਰਤਨ ਵਿਚ ਸ਼ਾਮਿਲ ਹਰ ਇਕ ਚਿਹਰੇ ‘ਤੇ ਇਕ ਵੱਖਰਾ ਜਲੌਅ ਝਲਕ ਰਿਹਾ ਸੀ।

ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਸ਼ਾਮ 4 ਵਜੇ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ। ਗਰੰਥੀ ਸਿੰਘ ਵਲੋਂ ਕੀਤੀ ਗਈ ਅਰਦਾਸ ਉਪਰੰਤ ਖਾਲਿਸਤਾਨ ਦੇ ਨਾਅਰਿਆਂ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਸਮਾਪਤੀ ਵੀ  ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨਾਲ ਹੋਈ।

ਸਰੀ ਦੇ ਵੱਖ -ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸਿੰਘ ਗੱਤਕੇ ਦੇ ਜ਼ੋਹਰ ਦਿਖਾ ਰਹੇ ਸਨ। ਇਸ ਨਗਰ ਕੀਰਤਨ ਵਿਚ ਪਹਿਲੀ ਵਾਰ ਦੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਦੇ ਹੱਥਾਂ ਵਿਚ ਫੜ੍ਹੇ ਕੇਸਰੀ ਝੰਡੇ ਉਪਰ ਖਾਲਿਸਤਾਨ ਉਕਰਿਆ ਹੋਇਆ ਸੀ। ਨਗਰ ਕੀਰਤਨ ਦੇ ਪੂਰੇ ਰੂਟ ਉਪਰ ਕਾਰੋਬਾਰੀਆਂ, ਸ਼ਰਧਾਲੂਆਂ ਵੱਲੋਂ ਵੱਖ -ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ ਅਤੇ ਲੋਕ ਇਨ੍ਹਾਂ ਖਾਣਿਆਂ ਦਾ ਸਵਾਦ ਮਾਣ ਰਹੇ ਸਨ। ਗਰਮਾ ਗਰਮ ਪਕੌੜਿਆਂ ਤੋ ਇਲਾਵਾ ਛੋਲੇ ਭਠੂਰੇ, ਕੜੀ ਚਾਵਲ, ਸਾਗ ਮੱਕੀ ਦੀ ਰੋਟੀ, ਜਲੇਬੀਆਂ ਤੋਂ ਇਲਾਵਾ ਪੀਜਾ-ਬਰਗਰ ਵੀ ਸੁਆਦਲੇ ਪਕਵਾਨਾਂ ਵਿਚ ਸ਼ਾਮਿਲ ਸਨ। ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਤੇ ਚਾਹ ਦੇ ਲੰਗਰਾਂ ਵਿਚ ਯੋਗਦਾਨ ਵੀ ਪਾਇਆ।

ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ ਜਿੱਥੋਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ। ਇਕ ਪਾਸੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ, ਮੈਗਜ਼ੀਨ, ਅਖਬਾਰ, ਪੈਂਫਲਿਟ ਵੰਡੇ ਜਾ ਰਹੇ ਸਨ।

ਪ੍ਰਸਿੱਧ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਰੈਡ ਐਮ ਐਫ ਦੀ ਸਟੇਜ ਤੋਂ ਧਾਰਮਿਕ ਗੀਤਾਂ ਨਾਲ ਸੰਗਤਾਂ ਵਿਚ ਜੋਸ਼ ਤੇ ਉਤਸ਼ਾਹ ਭਰਿਆ।

ਇਸ ਵਾਰ ਨਗਰ ਕੀਰਤਨ ਦੌਰਾਨ ਨੌਜਵਾਨਾਂ ਦੀ ਸ਼ਮੂਲੀਅਤ ਭਾਰੀ ਉਤਸ਼ਾਹਪੂਰਵਕ ਰਹੀ। ਬਹੁਗਿਣਤੀ ਕੌਮਾਂਤਰੀ ਵਿਦਿਆਰਥੀ ਤੇ ਵਿਦਿਆਰਥਣਾਂ ਰਵਾਇਤੀ ਪੋਸ਼ਾਕਾਂ ਪਹਿਨਕੇ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਖਾਲਿਸਤਾਨੀ ਬੈਨਰ ਵਾਲੇ ਕੇਸਰੀ ਝੰਡੇ ਵੀ ਜਿਆਦਾਤਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਦਿਖਾਈ ਦਿੱਤੇ।

ਨਗਰ ਕੀਰਤਨ ਦੇ ਰਸਤੇ ਵਿਚ ਵੀ ਜਿਥੇ ਖਾਲਿਸਤਾਨੀ ਝੰਡੇ ਝੁਲਾਏ ਗਏ ਉਥੇ ਭਾਈ ਅੰਮ੍ਰਿੁਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਸਰਕਾਰੀ ਜਬਰ ਦੀ ਨਿੰਦਾ ਕਰਦੇ ਪੋਸਟਰ ਵੀ ਲਗਾਏ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਚਿਹਰੇ ਚੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਨੂੰ ਉਭਾਰਦੇ ਪੋਸਟਰ ਵੀ ਚਰਚਾ ਵਿਚ ਬਣੇ ਰਹੇ।

ਸਿਆਸੀ ਆਗੂਆਂ ਨੇ ਭਰੀ ਹਾਜ਼ਰੀ-ਫੈਡਰਲ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਅਰ, ਐਨ ਡੀ ਪੀ ਆਗੂ ਜਗਮੀਤ ਸਿੰਘ, ਕੈਲਗਰੀ, ਬੀ ਸੀ ਪ੍ਰੀਮੀਅਰ ਡੇਵਿਡ ਈਬੀ, ਮੰਤਰੀ ਮੰਡਲ ਦੇ ਸਾਥੀ , ਕੈਲਗਰੀ ਤੋ ਐਮ ਪੀ ਜਸਰਾਜ ਸਿੰਘ ਹੱਲਣ, ਐਡਮਿੰਟਨ ਤੋ ਐਮ ਪੀ ਟਿਮ ਉਪਲ, ਕੰਸਰਵੇਟਿਵ ਐਮ ਪੀ ਕੈਰੀ ਲਿਨ, ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਪਰਮ ਬੈਂਸ, ਕੈਬਨਿਟ ਮਨਿਸਟਰ ਹੈਰੀ ਬੈਂਸ, ਰਵੀ ਕਾਹਲੋਂ,  ਜਗਰੂਪ ਬਰਾੜ, ਐਮ ਐਲ ਏ ਜਿੰਨੀ ਸਿਮਸ, ਐਮ ਐਲ ਏ ਅਮਨਦੀਪ ਸਿੰਘ ਤੇ ਹੋਰ ਕਈ ਪ੍ਰਾਂਤਕ ਆਗੂਆਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ ਤੇ ਸਿੱਖ ਜਗਤ ਨੂੰ ਖਾਲਸਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਜਿਵੇਂ ਕਿ ਆਸ ਕੀਤੀ ਜਾਂਦੀ ਸੀ ਪਰ ਕਿਸੇ ਵੀ ਫੈਡਰਲ ਆਗੂ ਨੇ ਮੁੱਖ ਸਟੇਜ ਉਪਰ ਜਾਕੇ ਕੋਈ ਭਾਸ਼ਨ ਨਹੀ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ ਨਗਰ ਕੀਰਤਨ ਵਿਚ ਹਾਜ਼ਰੀ ਨਹੀ ਭਰੀ। ਉਹ ਪਿਛਲੇ ਦਿਨੀਂ ਵੈਨਕੂਵਰ ਨਗਰ ਕੀਰਤਨ ਤੋ ਇਕ ਦਿਨ ਪਹਿਲਾਂ ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਵਿਖੇ ਮੱਥਾ ਟੇਕਣ ਪੁੱਜੇ ਸਨ। ਸਮਝਿਆ ਜਾਂਦਾ ਹੈ ਕਿ ਇਸ ਵਾਰ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਵਲੋਂ ਇਹ ਸਮਾਗਮ ਖਾਲਿਸਤਾਨੀ ਸੰਘਰਸ਼ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਸ਼ਾਇਦ ਇਸੇ ਨੂੰ ਧਿਆਨ ਵਿਚ ਰੱਖਦਿਆਂ ਫੈਡਰਲ ਆਗੂਆਂ ਨੇ ਮੁੱਖ ਮੰਚ ਉਪਰ ਜਾਣ ਤੋ ਟਾਲਾ ਵੱਟਿਆ ਹੋ ਸਕਦਾ ਹੈ। ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵੀ ਮੁੱਖ ਮੰਚ ਉਪਰ ਨਹੀ ਪੁੱਜੇ ਤੇ ਉਹਨਾਂ ਨੇ ਵੀ ਰੇਡੀਓ ਰੈਡ ਐਮ ਐਫ ਦੀ ਸਟੇਜ ਉਪਰੋਂ ਹੀ ਸੰਗਤਾਂ ਨੂੰ ਖਾਲਸਾ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ-ਨਗਰ ਕੀਰਤਨ ਵਿਚ ਪਹਿਲੀ ਵਾਰ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ ਗਿਆ। ਸੈਂਕੜੇ ਪੁਸਤਕ ਪ੍ਰੇਮੀਆਂ ਨੇ ਇੱਥੋਂ ਕਿਤਾਬਾਂ ਖਰੀਦ ਕੇ ਸਤੀਸ਼ ਗੁਲਾਟੀ ਦੇ ਉਪਰਾਲੇ ਨੂੰ ਹੁੰਗਾਰਾ ਦਿੱਤਾ। ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਚਿੱਤਰਕਾਰ ਜਰਨੈਲ ਸਿੰਘ, ਜਰਨਲਿਸਟ ਸੁਰਿੰਦਰ ਚਾਹਲ, ਸ਼ਾਇਰ ਹਰਦਮ ਮਾਨ, ਅੰਗਰੇਜ਼ ਬਰਾੜ, ਨਵਰੂਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਡਾ. ਸਈਅਦ ਮੁਹੰਮਦ ਫਰੀਦ, ਰਾਜਿੰਦਰ ਸਿੰਘ ਪੰਧੇਰ, ਹਰਮਨ ਸਿੰਘ ਪੰਧੇਰ ਅਤੇ ਹੋਰ ਕਈ ਸਾਹਿਤਕ ਸ਼ਖ਼ਸੀਅਤਾਂ ਨੇ ਪੁਸਤਕ ਪ੍ਰਦਰਸ਼ਨੀ ਵਿਚ ਹਾਜਰ ਹੋ ਕੇ ਸਤੀਸ਼ ਗੁਲਾਟੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।

ਨਗਰ ਕੀਤਰਨ ਦੇ ਪ੍ਰਬੰਧਕਾਂ, ਸੇਵਾਦਾਰਾਂ, ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਸਨ। ਇਸ ਦਿਨ ਮੌਸਮ ਵਿਭਾਗ ਵਲੋਂ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਦਿਨ ਸਾਫ ਰਹਿਣ ਤੇ ਵਿਰਲੀ ਟਾਂਵੀ ਧੁੱਪ ਕਾਰਣ ਸੰਗਤਾਂ ਵਿਚ ਨਗਰ ਕੀਰਤਨ ਵਿਚ ਸ਼ਮੂਲੀਅਤ ਲਈ ਉਤਸ਼ਾਹ ਬਣਿਆ ਰਿਹਾ।