Headlines

ਪੰਜਾਬ ਭਵਨ ਸਰੀ ਵਿਖੇ ਲਘੂ ਫਿਲਮਾਂ ਦਾ ਪ੍ਰਦਰਸ਼ਨ

ਨਵਪ੍ਰੀਤ ਰੰਗੀ ਦੇ ਯਤਨਾਂ ਦੀ ਸ਼ਲਾਘਾ-

ਸਰੀ ( ਦੇ ਪ੍ਰ ਬਿ)– ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਮੇਲਾ ਅਤੇ ਚਿੱਤਰ ਕਲਾ ਪ੍ਰਦਰਸ਼ਨੀ ‘ਵਿਚ ਪ੍ਰਦੇਸ ਪੰਜਾਬ’ ਦੇ ਬੀਤੇ ਦਿਨੀਂ  ਉਦਘਾਟਨੀ ਸਮਾਰੋਹ ਉਪਰੰਤ ਵੱਖ-ਵੱਖ ਵਿਸ਼ਿਆਂ ਤੇ ਆਧਾਰਤ ਕਲਾ ਅਤੇ ਲਘੂ ਫਿਲਮਾਂ ਵਿਖਾਉਣ ਦਾ ਪ੍ਰੋਗਰਾਮ 21 ਅਪ੍ਰੈਲ ਦੀ ਸ਼ਾਮ ਨੂੰ  ਪੰਜਾਬ ਭਵਨ ਸਰੀ ਵਿਖੇ ਆਯੋਜਿਤ ਕੀਤਾ ਗਿਆ।

ਇਸ ਮੌਕੇ ਸ ਜਰਨੈਲ ਸਿੰਘ ਆਰਟਿਸਟ ਅਤੇ ਨਵਪ੍ਰੀਤ ਰੰਗੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਫਿਲਮ ਮੇਲੇ ਵਿਚ ਸ਼ਾਮਿਲ ਲਘੂ ਫਿਲਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਵੱਖ-ਵੱਖ ਵਿਸ਼ਿਆਂ ਉਪਰ ਪ੍ਰਦਰਸ਼ਿਤ ਫਿਲਮਾਂ ਬਾਰੇ ਉਪਰ ਹਾਜ਼ਰ ਵਿਦਵਾਨ ਦਰਸ਼ਕਾਂ ਨੇ ਸੰਖੇਪ ਟਿਪਣੀਆਂ ਵੀ ਕੀਤੀਆਂ ਤੇ ਲਘੂ ਫਿਲਮਾਂ ਦਾ ਲੋਕਾਂ ਅਤੇ ਨੌਜਵਾਨ ਪੀੜੀ  ਉਪਰ ਪ੍ਰਭਾਵ ਅਤੇ ਸੇਧ  ਬਾਰੇ ਚਰਚਾ ਕੀਤੀ।

ਬੁਲਾਰਿਆਂ ਨੇ ਨਵਪ੍ਰੀਤ ਰੰਗੀ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਕਲਾ ਪ੍ਰਦਰਸ਼ਨੀਆਂ ਅਤੇ ਫਿਲਮ ਮੇਲਿਆਂ ਦੀ ਅੱਜ ਸਮੇਂ ਦੀ ਲੋੜ ਹੈ। ਕੁਝ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਕਲਾ, ਸਾਹਿਤ ਅਤੇ ਪੰਜਾਬੀ ਮਾਂ ਬੋਲੀ ਸੰਬੰਧੀ ਵੈਨਕੂਵਰ ਖੇਤਰ ਵਿਚ ਹੋ ਰਹੀਆਂ ਸਰਗਰਮੀਆਂ ਨਾਲ ਜੋੜਣ ਦਾ ਕਾਰਜ ਅੱਜ ਦੇ ਸੰਦਰਭ ਵਿਚ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਸਭ ਨੂੰ ਆਪਣੇ ਪੱਧਰ ‘ਤੇ ਅਤੇ ਰਲ ਕੇ ਯਤਨ ਕਰਨੇ ਚਾਹੀਦੇ ਹਨ।

ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਵੀਂ ਪੀੜ੍ਹੀ ਨੂੰ ਕਲਾ ਨਾਲ ਜੋੜਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਵਿਚ ਬਾਲ ਚਿੱਤਰਕਾਰਾਂ ਦੀਆਂ ਕ੍ਰਿਤਾਂ ਦੀ ਲਾਈ ਗਈ ਪ੍ਰਦਰਸ਼ਨੀ ਵੀ ਇਨ੍ਹਾਂ ਯਤਨਾਂ ਦਾ ਇਕ ਹਿੱਸਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪੂਰਨ ਤੌਰ ‘ਤੇ ਆਸਵੰਦ ਹਾਂ ਕਿ ਆ ਰਹੀ ਪੀੜ੍ਹੀ ਦੇ ਕਲਾਕਾਰ ਕਲਾ ਅਤੇ ਸਾਹਿਤ ਦੇ ਖੇਤਰ ਵਿਚ ਆਧੁਨਿਕ ਅਤੇ ਮੌਲਿਕ ਕਿਰਤਾਂ ਨਾਲ ਜ਼ਿਕਰਯੋਗ ਯੋਗਦਾਨ ਪਾਉਣਗੇ।

ਇਸ ਮੌਕੇ ਮੰਚ ਸੰਚਾਲਨ ਦੀ ਜਿ਼ੰਮੇਵਾਰੀ ਸ਼ਾਇਰ ਮੋਹਣ ਗਿੱਲ ਨੇ ਨਿਭਾਈ।

ਪ੍ਰਦਰਸ਼ਿਤ ਲਘੂ ਫਿਲਮਾਂ ਦੀਆਂ ਕੁਝ ਝਲਕੀਆਂ-