Headlines

ਕੰਸਰਵੇਟਿਵ ਆਗੂ ਪੀਅਰ ਪੋਲੀਵਰ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ

ਸਰੀ, 23 (ਹਰਦਮ ਮਾਨ)- ਬੀਤੇ ਦਿਨ ਕੈਨੇਡਾ ਦੀ ਮੁੱਖ ਵਿਰੋਧੀ ਰਾਜਨੀਤਕ ਪਾਰਟੀ (ਕਨਸਰਵੇਟਿਵ) ਦੇ ਮੁਖੀ ਪੀਅਰ ਪੋਲੀਵਰ  ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ) ਵਿਖੇ ਨਤਮਸਤਕ ਹੋਏ। ਕਨਸਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਅਤੇ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਟਿੰਮ ੳੱਪਲ,ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਅਤੇ ਵਿੱਤੀ ਮਾਮਲਿਆਂ ਦੇ ਬੁਲਾਰੇ ਜਸਰਾਜ ਸਿੰਘ ਹੱਲਣ,ਸਾਊਥ ਸਰੀ ਵਾਈਟ ਰੌਕ ਦੇ ਮੈਂਬਰ ਪਾਰਲੀਮੈਂਟ ਕੈਰੀ ਲਿਨ ਫਿਨਲੀ ਅਤੇ ਲਾਂਗਲੀ ਐਲਡਰਗਰੋਵ ਦੇ ਮੈਂਬਰ ਪਾਰਲੀਮੈਂਟ ਟੇਕੋ ਵੈਨ ਪੋਪਟਾ ਅਤੇ ਕੁਝ ਹੋਰ ਪਤਵੰਤੇ ਵੀ ਉਹਨਾਂ ਦੇ ਨਾਲ ਸਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਸਭ ਦਾ ਨਿੱਘਾ ਸਵਾਗਤ ਕੀਤਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦਿਆਂ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਅਤੇ ਇਸ ਦੇ ਬਾਨੀ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਉਪਰੰਤ ਪੀਅਰ ਪੋਲੀਵੀਏ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਰਦੁਆਰਾ ਪ੍ਰਬੰਧਕ ਕਮੇਟੀ ਦਾ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।

ਗੁਰਦੁਆਰਾ ਪ੍ਰਬੰਧਕ  ਕਮੇਟੀ ਵੱਲੋਂ ਪ੍ਰਧਾਨ ਉਬੇਦ ਸਿੰਘ ਸਿੱਧੂ ਨੇ ਪੀਅਰ ਪੋਲੀਵੀਏੇ ਨੂੰ ਇਕ ਕਿਤਾਬਾਂ ਦਾ ਸੈਟ ਜਿਸ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਉਪਰ ਗੁਰਦੁਆਰਾ ਕਮੇਟੀ ਵੱਲੋਂ ਰਿਲੀਜ਼ ਕੀਤੀ ਗਈ ਪੁਸਤਕ ਅਤੇ ਆਸਾ ਸਿੰਘ ਜੌਹਲ ਦੀ ਜੀਵਨੀ ਬਾਰੇ ਪੁਸਤਕ ਸ਼ਾਮਲ ਸੀ, ਉਨ੍ਹਾਂ ਨੂੰ ਭੇਂਟ ਕੀਤੀ। ਪੀਅਰ ਪੋਲੀਵਰ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਆਪਣੇ ਅਤੇ ਸਾਥੀਆਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।