Headlines

ਪਹਿਲਾ ਸਾਊਥ ਏਸ਼ੀਅਨ ਫੈਮਲੀ ਫੈਸਟੀਵਲ 18 ਜੂਨ ਨੂੰ ਪੀ ਐਨ ਈ ਵੈਨਕੂਵਰ ਵਿਚ ਕਰਵਾਉਣ ਦਾ ਐਲਾਨ

ਦਿਨ ਭਰ ਚੱਲਣ ਵਾਲੇ ਫੈਸਟੀਵਲ ਵਿਚ ਚੋਟੀ ਦੇ ਕਲਾਕਾਰ ਹੋਣਗੇ ਦਰਸ਼ਕਾਂ ਦੇ ਰੂਬਰੂ-

ਫੈਸ਼ਨ ਸ਼ੋਅ, ਸ਼ਾਪਿੰਗ ਬਾਜ਼ਾਰ, ਖਾਣ ਪੀਣ ਦੇ ਸਟਾਲ ਤੇ ਨਾਚ -ਗਾਣੇ ਸਮੇਤ ਆਟੋ ਸ਼ੋਅ ਹੋਣਗੇ ਮੁੱਖ ਆਕਰਸ਼ਨ-

ਫੈਸਟੀਵਲ ਐਂਟਰੀ ਟਿਕਟ ਕੇਵਲ 35 ਡਾਲਰ ਦੀ-

ਸਰੀ ( ਦੇ ਪ੍ਰ ਬਿ)- ਪਹਿਲਾ ਸਾਊਥ-ਏਸ਼ੀਅਨ ਫੈਮਿਲੀ ਫੈਸਟੀਵਲ ਇਹਨਾਂ ਗਰਮੀਆਂ ਵਿੱਚ 18 ਜੂਨ ਨੂੰ ਪੀ ਐਨ ਈ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ ਹੈ।  ਇਸਦਾ ਐਲਾਨ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੈਸਟੀਵਲ ਦੇ ਮੁੱਖ ਪ੍ਰਬੰਧਕ ਰੌਨ ਧਾਲੀਵਾਲ ਤੇ ਹੈਪੀ ਜੋਸ਼ੀ ਨੇ ਕੀਤਾ। ਉਹਨਾਂ ਵੈਨਕੂਵਰ ਵਿਚ ਪਹਿਲੀ ਵਾਰ ਇਸ ਤਰਾਂ ਦੇ ਕਰਵਾਏ ਜਾ ਰਹੇ ਫੈਸਟੀਵਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਫੈਸਟੀਵਲ ਸੰਗੀਤ, ਕਲਾ, ਸੱਭਿਆਚਾਰਕ ਪ੍ਰਦਰਸ਼ਨੀਆਂ ਸਮੇਤ ਪੂਰਾ ਦਿਨ  ਮਸਤੀ ਭਰਿਆ ਹੋਵੇਗਾ। ਇਸ ਫੈਸਟੀਵਲ ਵਿੱਚ ਕੈਨੇਡਾ ਅਤੇ ਭਾਰਤ ਦੇ ਚੋਟੀ ਦੇ  ਡਿਜ਼ਾਈਨਰਾਂ ਦੀ ਵਿਸ਼ੇਸ਼ਤਾ ਵਾਲਾ ਇੱਕ ਫੈਸ਼ਨ ਸ਼ੋਅ ਵੀ ਹੋਵੇਗਾ। ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਚੱਲਣ ਵਾਲੇ ਇਸ ਫੈਸਟੀਵਲ ਦੌਰਾਨ ਗੀਤ ਸੰਗੀਤ ਦੇ ਮੰਚ ਉਪਰ ਪੰਜਾਬੀ ਦੇ ਚੋਟੀ ਦੇ ਸਟਾਰ ਜਿਹਨਾਂ ਵਿਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਾਰਬੀ ਮਾਨ, ਗਗਨ ਕੋਕਰੀ, ਹੈਪੀ ਰਾਏਕੋਟੀ,ਮਨਿੰਦਰ ਬੁੱਟਰ, ਗੁਰ ਸਿੱਧੂ, ਸੁਖ ਤੇ ਹੋਰ ਕਈ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਪੂਰੇ ਦਿਨ ਦੇ ਫੈਸਟੀਵਲ ਦੌਰਾਨ ਜਿਥੇ  ਅਣਗਿਣਤ ਸਮਾਗਮ ਸ਼ਾਮਲ ਹੋਣਗੇ ਉਥੇ ਫੈਸ਼ਨ ਸ਼ੋਅ ਤੋਂ ਇਲਾਵਾ, ਇੱਕ ਬਾਜ਼ਾਰ ਵੀ ਲਗਾਇਆ ਜਾਵੇਗਾ ਜਿੱਥੇ ਸੱਭਿਆਚਾਰਕ ਉਤਪਾਦ, ਰਵਾਇਤੀ ਗਹਿਣੇ ਅਤੇ ਵੱਖ ਵੱਖ ਤਰਾਂ ਦੀਆਂ ਪੋਸ਼ਾਕਾਂ ਵੀ ਪ੍ਰਦਰਸ਼ਿਤ ਹੋਣਗੀਆਂ। ਲਗਪਗ  25 ਤੋ ਉਪਰ ਰਾਈਡਾਂ ਸਮੇਤ ਖਾਣ ਪੀਣ ਤੇ ਮਨੋਰੰਜਨ ਦੇ ਹੋਰ ਸਾਧਨਾਂ ਨਾਲ ਭਰਪੂਰ ਇਸ ਫੈਸਟੀਵਲ ਦੀ ਐਂਟਰੀ ਟਿਕਟ ਕੇਵਲ 35 ਡਾਲਰ ਹੋਵੇਗੀ ਤੇ ਰਾਈਡਾਂ ਸਮੇਤ ਕੁਲ 55 ਡਾਲਰ ਹੋਵੇਗੀ । ਵੱਡੀ ਗੱਲ ਇਹ ਹੈ ਕਿ ਪਾਰਕਿੰਗ ਮੁਫਤ ਮੁਹੱਈਆ ਕਰਵਾਈ ਜਾਵੇਗੀ। ਪ੍ਰਬੰਧਕਾਂ ਨੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਦੱਸਿਆ ਕਿ ਵੈਨਕੂਵਰ ਵਿਚ ਸਾਊਥ ਏਸ਼ੀਅਨ ਫਾਈਚਾਰੇ ਦੇ ਇਸ ਵੱਡੇ ਫੈਮਲੀ ਫੈਸਟੀਵਲ ਦੀ ਤਿਆਰੀ ਵਿਚ ਲੰਡਨ ਚਾਏਵਾਲਾ ਤੇ ਹੋਰ ਸਪਾਂਸਰਾਂ ਦਾ ਵੱਡਾ ਸਹਿਯੋਗ ਹੈ। ਇਸ ਪਹਿਲੇ ਫੈਸਟੀਵਲ ਵਿਚ 15,000 ਲੋਕਾਂ ਦੇ ਮਨੋਰੰਜਨ ਲਈ ਹਰ ਤਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਨੇ ਲੋਕਾਂ ਨੂੰ  ਇਹਨਾਂ ਗਰਮੀਆਂ ਵਿਚ ਇਸ ਫੈਸਟੀਵਲ ਦਾ ਭਰਪੂਰ ਆਨੰਦ ਮਾਨਣ ਲਈ ਹੁੰਮ ਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਵਧੇਰ ਜਾਣਕਾਰੀ ਲਈ  ਹੈਪੀ ਜੋਸ਼ੀ ਨਾਲ ਫੋਨ ਨੰਬਰ 604-779-4840 ਤੇ ਰੌਨ ਧਾਲੀਵਾਲ ਨਾਲ ਫੋਨ ਨੰਬਰ  778-893-0017 ਤੇ ਸੰਪਰਕ ਕੀਤਾ ਜਾ ਸਕਦਾ ਹੈ।