Headlines

ਪੰਜਾਬੀ ਪ੍ਰੈਸ ਕਲੱਬ ਬੀ ਸੀ ਵਲੋਂ ਵਰਲਡ ਪ੍ਰੈਸ ਫਰੀਡਮ ਡੇਅ ਮੌਕੇ ਰੈਲੀ

ਬੁਲਾਰਿਆਂ ਨੇ ਪ੍ਰੈਸ ਦੀ ਆਜ਼ਾਦੀ ਤੇ ਦਰਪੇਸ਼ ਚੁਣੌਤੀਆਂ ਉਪਰ ਵਿਚਾਰ ਰੱਖੇ-

ਸਰੀ ( ਬਲਵੀਰ ਕੌਰ ਢਿੱਲੋਂ)- ਬੀਤੇ ਕੱਲ 3 ਮਈ 2023 ਨੂੰ ਸਰੀ ਦੇ ਬੇਅਰ ਕਰੀਕ ਪਾਰਕ ਵਿਖੇ  ਪੰਜਾਬੀ ਪ੍ਰੈਸ ਕਲੱਬ ਆਫ ਬੀ ਸੀ ਦੇ ਮੈਂਬਰਾਂ ਵੱਲੋਂ ਮੀਡੀਆ ਵਰਲਡ ਪ੍ਰੈਸ ਅਜ਼ਾਦੀ ਦਿਵਸ ਦੀ 30ਵੀਂ ਵਰੇਗੰਢ ਮੌਕੇ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੀ ਸ਼ੁਰੂਆਤ ਅਤੇ ਸਟੇਜ ਸੰਚਾਲਨ ਪ੍ਰੈਸ ਕਲੱਬ ਦੇ ਸੈਕਟਰੀ ਖੁਸ਼ਪਾਲ ਗਿੱਲ  ਵੱਲੋਂ ਕੀਤੀ ਗਈ। ਬਰਨਵਿਊ ਸਕੂਲ ਦੀ ਵਿਦਿਆਰਥਣ ਸੀਰਤ ਗਿੱਲ ਵੱਲੋਂ ਨੈਸ਼ਨਲ ਐਂਥਮ “ਓ ਕੇਨੇਡਾ” ਗਾ ਕੇ ਇਸ ਰੈਲ਼ੀ ਦੀ ਸ਼ੁਰੂਆਤ ਕੀਤੀ ਗਈ। ਮੈਂਬਰਾਂ ਵੱਲੋਂ ਪੱਤਰਕਾਰੀ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਕਲੱਬ ਦੀ ਪ੍ਰਧਾਨ  ਬਲਜਿੰਦਰ ਕੌਰ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੀ ਜਿੰਮੇਵਾਰੀ ਸਰਦਾਰ ਰਛਪਾਲ ਸਿੰਘ ਗਿੱਲ ਵੱਲੋਂ ਪ੍ਰਧਾਨ ਦੇ ਤੌਰ ਤੇ ਬਾਖੂਬੀ ਨਿਭਾਈ ਗਈ। ਸਰਦਾਰ ਰਛਪਾਲ ਸਿੰਘ ਗਿੱਲ ਨੇ ਆਏ ਹੋਏ ਸਾਰੇ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਪਾਰਲੀਮੈਂਟ ਮੈਂਬਰ ਮਾਣਯੋਗ ਸੁੱਖ ਧਾਲੀਵਾਲ ਨੇ ਪਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਰਲਡ ਪ੍ਰੈਸ ਅਜਾਦੀ ਦਿਵਸ ਦੀ 30ਵੀਂ ਵਰ੍ਹੇਗੰਢ ਤੇ ਭੇਜਿਆ ਹੋਇਆ ਸੁਨੇਹਾ ਪੜ੍ਹਿਆ ਅਤੇ  ਆਪਣੇ ਵਿਚਾਰ ਵੀ ਰੱਖੇ ।
ਬਰਨਬੀ ਸ਼ਹਿਰ ਦੇ ਸੀਨੀਅਰ ਕੌਂਸਲਰ ਸੈਵ ਧਾਲੀਵਾਲ ਹੁਣਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੁੱਖੀ ਰੰਧਾਵਾ, ਬਲਵੀਰ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਸਹੋਤਾ ਵੱਲੋਂ ਵੱਖ -ਵੱਖ ਰਾਜਨੀਤਿਕ ਲੀਡਰਾਂ ਦੇ ਆਏ ਹੋਏ ਸੁਨੇਹੇ ਪੜੇ ਗਏ। ਜਿਹਨਾਂ ਵਿੱਚ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਵਰ,  ਮੈਂਬਰ ਪਾਰਲੀਮੈਂਟ ਅਤੇ ਐਨ ਡੀ ਪੀ ਆਗੂ  ਜਗਮੀਤ ਸਿੰਘ, ਡੌਨ ਡੇਵਿਸ ਐਨ ਡੀ ਪੀ ਵੈਨਕੂਵਰ ਕਿੰਗਸਵੇਅ ਤੋਂ, ਜਿੰਨੀ ਸਿੰਮਜ ਐਮ ਐਲ ਏ ਸਰੀ ਪੈਨੋਰਾਮਾ, ਮੈਂਬਰ ਪਾਰਲੀਮੈਂਟ ਪਰਮ ਬੈਂਸ, ਬੀ ਸੀ ਦੇ ਪ੍ਰੀਮੀਅਰ ਡੇਵਿਡ ਈ ਬੀ ਵੱਲੋਂ ਆਏ ਹੋਏ ਸਾਰੇ ਸੁਨੇਹੇ ਪੜ੍ਹੇ ਗਏ। ਇਹਨਾਂ ਸੁਨੇਹਿਆਂ ਵਿੱਚ ਪ੍ਰੈਸ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਐਮ ਪੀ ਰਣਦੀਪ ਸਰਾਏ ਸ਼ਹਿਰ ਤੋਂ ਬਾਹਰ ਹੋਣ ਕਾਰਨ ਰੈਲੀ ਵਿੱਚ ਸ਼ਿਰਕਤ ਨਾ ਕਰ ਸਕੇ।
ਬੀ ਸੀ  ਲੈਜਿਸਲੇਚਰ ਦੇ ਮਾਣਯੋਗ ਸਪੀਕਰ ਰਾਜ ਚੌਹਾਨ ਹੁਣਾਂ ਦਾ ਸੁਨੇਹਾ, ਮਾਣਯੋਗ ਕੈਵਿਨ ਫਾਲਕਨ ਬੀ ਸੀ ਯੂਨਾਇਟਡ ਪਾਰਟੀ ਦੇ ਲੀਡਰ , ਡੈਨੀਅਲ ਟੈਟਰੋ ਬਰਨਬੀ ਸ਼ਹਿਰ ਦੇ ਕੌਂਸਲਰ, ਇਹਨਾਂ ਸਾਰਿਆਂ ਦੇ ਵੀਡੀਓ ਸੁਨੇਹੇ ਗੁਰਪ੍ਰੀਤ ਸਿੰਘ ਸਹੋਤਾ ਵੱਲੋਂ ਲਾਇਵ ਸੁਣਾਏ ਗਏ।
ਹਰਮਿੰਦਰ ਸਿੰਘ ਕੈਲੇ ਬੀ ਸੀ ਫੈਡਰੇਸ਼ਨ ਲੇਬਰ ਦੇ ਸੈਕਟਰੀ ਟਰੈਜ਼ਰ ਹੁਣਾਂ ਆਪਣੇ ਵਿਚਾਰ ਸਾਂਝੇ ਕੀਤੇ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲੀ ਵਾਰ ਬੀਸੀ ਦੀ ਹਿਸਟਰੀ ਵਿੱਚ ਦੋ ਅਸਾਮੀਆਂ ਪ੍ਰੈਜੀਡੈਂਟ ਅਤੇ ਐਗਜੈਕਟਿਵ ਜਿਸ ਵਿੱਚ ਪਹਿਲੀ ਵਾਰ ਇਹਨਾਂ ਦੋਨਾਂ ਵਿੱਚੋਂ ਇੱਕ ਅਹੁਦੇ ਉੱਤੇ ਕੋਈ ਰੰਗਦਾਰ ਕੈਂਡੀਡੇਟ ਚੁਣਿਆ ਗਿਆ, ਜੋ ਕਿ ਸਾਡੇ ਭਾਈਚਾਰੇ ਲਈ ਬੜੇ ਮਾਣ ਵਾਲ਼ੀ ਗੱਲ ਹੈ। ਪ੍ਰੈਸ ਕਲੱਬ ਦੇ ਮੈਂਬਰ ਸੀ ਜੇ ਸਿੱਧੂ, ਦਮਨਜੀਤ ਕੌਰ, ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਆਰਟਿਸਟ, ਹਰਜਿੰਦਰ ਸਿੰਘ ਥਿੰਦ ਰੈਡ ਐਫ ਐਮ ਦੇ ਸੀਨੀਅਰ ਹੋਸਟ, ਬਲਵੀਰ ਕੌਰ ਢਿੱਲੋਂ ਨੇ ਵਰਲਡ ਪ੍ਰੈਸ ਅਜਾਦੀ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਾਰੇ ਹੀ ਮੈਂਬਰਾਂ ਨੇ ਪੱਤਰਕਾਰਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਗੱਲ ਕੀਤੀ। ਬਿਨਾ ਕਿਸੇ ਦਬਾਅ ਦੇ ਸੱਚ ਤੇ ਖੜਨ ਅਤੇ ਸੱਚੀ ਸੁੱਚੀ ਪੱਤਰਕਾਰੀ ਕਰਨ ਦੀ ਨਸੀਹਤ ਕੀਤੀ। ਪੰਜਾਬੀ ਪ੍ਰੈਸ ਕਲੱਬ ਦੇ ਸੈਕਟਰੀ ਖੁਸ਼ਪਾਲ ਗਿੱਲ ਨੇ ਆਏ ਹੋਏ ਸਾਰੇ ਪੱਤਰਕਾਰਾਂ, ਪੰਜਾਬੀ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬੀ ਕੌਰ ਮੀਡੀਆ ਅਤੇ ਸਾਂਝਾ ਟੀਵੀ ਵੱਲੋਂ ਰੈਲੀ ਦੀ ਲਾਇਵ ਕਵਰੇਜ ਕੀਤੀ ਗਈ। ਓਮਨੀ ਨਿਊਜ਼ ਤੋਂ ਪ੍ਰਭਜੋਤ ਕਾਹਲੋਂ ਅਤੇ ਕੁਨੈਕਟ ਐਫ ਐਮ ਤੋਂ ਜੈਸਮੀਨ ਕੌਰ ਨੇ ਵੀ ਇਸ ਰੈਲੀ ਦੀ ਕਵਰੇਜ਼ ਕੀਤੀ।