Headlines

ਵਿੰਨੀਪੈਗ ਵਿਚ ਦਿਲਰਾਜ ਤੇ ਮਿਸ ਨੀਲਮ ਦਾ ਲਾਈਵ ਸ਼ੋਅ ਯਾਦਗਾਰੀ ਰਿਹਾ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨੀਂ ਪ੍ਰਸਿਧ ਦੋਗਾਣਾ ਜੋੜੀ ਦਿਲਰਾਜ ਤੇ ਮਿਸ ਨੀਲਮ ਦਾ ਇਕ ਲਾਈਵ ਸ਼ੋਅ ਆਰਜੂ ਬੈਂਕੁਇਟ ਹਾਲ ਕੀਵੇਟਿਨ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਗਿਆ। ਇਸ ਦੌਰਾਨ ਗਾਇਕ ਜੋੜੀ ਨੇ ਆਪਣੇ ਹਿੱਟ ਗੀਤ-ਜੀਜਾ ਸਾਲੀ ਦੇ ਬੋਲ-ਵੇਖ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀਂ ਵਾਂਗ ਮੂੰਹ ਲਟਕਾਕੇ ਬੈਹਿਜੀ ਨਾ….ਤੋ ਲੈਂਕੇ ਕਿਤੇ ਛਣ ਛਣ ਹੋਜੇ ਦਿਓਰ ਤੇਰੇ ਦੇ ਘਰ ਨੀ ਸਮੇਤ ਅਨੇਕਾਂ ਗੀਤਾਂ ਉਪਰ ਦਰਸ਼ਕਾਂ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਿਖਰ ਉਦੋ ਹੋ ਨਿਬੜੀ ਜਦੋ ਮੁੱਖ ਮਹਿਮਾਨ ਵਜੋਂ ਪੁੱਜੇ ਐਮ ਪੀ ਕੇਵਿਨ ਲੈਮਰੂ ਵੀ ਗਾਇਕ ਜੋੜੀ ਨਾਲ ਸਟੇਜ ਉਪਰ ਜਾ ਨੱਚੇ। ਮੰਚ ਸੰਚਾਲਨ ਲੱਖਾ ਸਹਿਜਪਾਲ ਦੌਧਰ ਨੇ ਬਾਖੂਬੀ ਕਰਦਿਆਂ ਆਪਣੀ ਲੋਕ ਤੱਥਾਂ ਵਾਲੀ ਸ਼ੇਅਰੋ ਸ਼ਾਇਰੀ ਨਾਲ ਸਮਾਂ ਬੰਨ ਛੱਡਿਆ।

ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਲਿਬਰਲ ਐਮ ਪੀ ਕੇਵਿਨ ਲੈਮਰੂ, ਐਮ ਐਲ ਏ ਸਿੰਡੀ ਲੈਮਰੂ, ਐਮ ਐਲ ਏ ਮਿੰਟੂ ਸੰਧੂ, ਸੁਖਵਿੰਦਰ ਸਿੰਘ ਚੋਹਲਾ ਐਡੀਟਰ ਦੇਸ ਪ੍ਰਦੇਸ ਟਾਈਮਜ਼, ਪਵਨ ਉਪਲ, ਚਰਨਜੀਤ ਉਪਲ, ਸੁਰੇਸ਼ ਸ਼ਰਮਾ ਤੇ ਨਰੇਸ਼ ਸ਼ਰਮਾ ਸ਼ਾਮਲ ਹੋਏ। ਮੁੱਖ ਮਹਿਮਾਨ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਗਾਇਕ ਜੋੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰੋਤਿਆਂ ਤੇ ਮਹਿਮਾਨਾਂ ਲਈ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭ ਨੇ ਆਨੰਦ ਮਾਣਿਆ ਤੇ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

ਤਸਵੀਰਾਂ- ਜੌਰਜ