Headlines

ਸਰੀ ਵਿਚ ਗੋਲੀਬਾਰੀ-ਉੱਘਾ ਕਬੱਡੀ ਪ੍ਰੋਮੋਟਰ ਨੀਟੂ ਕੰਗ ਗੰਭੀਰ ਜ਼ਖਮੀ

ਸਰੀ ( ਦੇ ਪ੍ਰ ਬਿ)- ਅੱਜ ਸਵੇਰੇ ਸਰੀ ਦੇ ਬੇਅਰ ਕਰੀਕ ਪਾਰਕ ਦੇ ਨੇੜੇ ਇਕ ਘਰ ਦੇ ਡਰਾਈਵਵੇਅ ‘ਤੇ ਨਿਸ਼ਾਨਾ ਬਣਾਕੇ ਕੀਤੀ ਗਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਗੰਭੀਰ ਹੋਣ ਦੀ ਖਬਰ ਹੈ।

ਇਸ ਗੋਲਬਾਰੀ ਦੀ ਘਟਨਾ ਦੇ  30 ਮਿੰਟ ਬਾਅਦ 125 ਏ  ਸਟਰੀਟ ਅਤੇ ਕੋਲਬਰੂਕ ਰੋਡ ਉਪਰ ਇਕ ਸੜੀ ਹੋਈ ਗੱਡੀ ਮਿਲੀ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਵਲੋਂ ਇਸਦੀ ਵਰਤੋਂ ਕੀਤੀ ਹੋ ਸਕਦੀ ਹੈ । ਸਰੀ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ 144ਏ ਸਟਰੀਟ ਦੇ 8100-ਬਲਾਕ ਵਿੱਚ ਸਵੇਰੇ 8 ਵਜੇ ਤੋ ਬਾਦ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪੁੱਜੀ ਤਾਂ ਇਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਭਾਵੇਂਕਿ ਹਮਲੇ ਵਿਚ ਜਖਮੀ ਹੋਣ ਵਾਲੇ ਵਿਅਕਤੀ ਦੀ ਪਛਾਣ ਨਹੀ ਦੱਸੀ ਪਰ ਦੇਸ ਪ੍ਰਦੇਸ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਵਿਚ ਜ਼ਖਮੀ ਹੋਣ ਵਾਲਾ ਵਿਅਕਤੀ ਪ੍ਰਸਿੱਧ ਕਬੱਡੀ ਪ੍ਰੋਮੋਟਰ ਨੀਟੂ ਕੰਗ ਹੈ। ਇਕ ਨੇੜਲੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਨੀਟੂ ਕੰਗ ਸਵੇੇਰੇ ਘਰੋ ਨਿਕਲਣ ਲੱਗਾ ਸੀ ਕਿ ਹਥਿਆਰਬੰਦ ਹਮਲਾਵਰਾਂ ਨੇ ਉਸ ਉੁਪਰ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ ਉਸਦੇ ਦੋ ਗੋਲੀਆਂ ਲੱਗੀਆਂ । ਉਸਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ ਕੈਨੇਡਾ ਨਾਲ ਸਬੰਧਿਤ ਨੀਟੂ ਕੰਗ ਪਿਛਲੇ ਲੰਬੇ ਸਮੇਂ ਤੋ ਕਬੱਡੀ ਦੀ ਪ੍ਰੋਮੋਸ਼ਨ ਨਾਲ ਜੁੜੇ ਹੋਏ ਹਨ। ਬੀਤੇ ਦਿਨੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿਚ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਨੈਸ਼ਨਲ ਕਬੱਡੀ ਐਸੋਸੀਏਸ਼ਨ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਇਸਨੂੰ ਸਿਆਸੀ ਸਾਜਿਸ਼ ਕਰਾਰ ਦਿੱਤਾ ਸੀ।