Headlines

ਸਰੀ ਵਿਚ ਭਾਰਤੀ ਹਾਈ ਕਮਿਸ਼ਨਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਹਮਲੇ ਦੇ ਦੋਸ਼ੀਆਂ ਦੀ ਪੁਲਿਸ ਨੂੰ ਭਾਲ

ਆਰ ਸੀ ਐਮ ਪੀ ਵਲੋਂ ਸ਼ੱਕੀ ਹਮਲਾਵਰਾਂ ਦੇ ਵੀਡੀਓ ਕਲਿੱਪ ਜਾਰੀ-

ਸਰੀ ( ਦੇ ਪ੍ਰ ਬਿ) ਬੀਤੀ  19 ਮਾਰਚ ਦੀ ਸ਼ਾਮ ਨੂੰ ਸਰੀ ਦੀ 132 ਸਟਰੀਟ ਉਪਰ ਇਕ ਕਨਵੈਨਸ਼ਨ ਹਾਲ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਤੇ ਹੋਏ ਹਮਲੇ ਸੰਬੰਧੀ ਸਰੀ ਆਰ ਸੀ ਐਮ ਪੀ ਵਲੋਂ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਆਰ ਸੀ ਐਮ ਪੀ ਨੇ ਤਿੰਨ ਵੀਡੀਓ ਕਲਿਪ ਜਾਰੀ ਕਰਦਿਆਂ ਲੋਕਾਂ ਤੋਂ ਸ਼ੱਕੀਆਂ ਦੀ ਪਛਾਣ ਕਰਨ ਦੀ ਮੰਗ ਕੀਤੀ  ਹੈ।

ਇਸ ਹਮਲੇ ਵਿਚ ਪੀੜਿਤ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਬੀਤੇ ਦਿਨ ਆਰ ਸੀ ਐਮ ਪੀ ਨੇ  ਇੱਕ ਪ੍ਰੈਸ ਰੀਲੀਜ਼ ਕਰਦਿਆਂ ਕਿਹਾ ਹੈ ਕਿ ਉਹ ਹਮਲੇ ਵਿੱਚ ਸ਼ਾਮਲ ਮੰਨੇ ਜਾਂਦੇ ਤਿੰਨ ਸ਼ੱਕੀਆਂ ਦੇ ਦੋ  ਵੀਡੀਓ ਕਲਿੱਪ ਜਾਰੀ ਕਰ ਰਹੇ ਹਨ ਤਾਂ ਜੋ ਇਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਆਰ ਸੀ ਐਮ ਪੀ ਅਧਿਕਾਰੀ ਉਸ ਦਿਨ 132 ਸਟਰੀਟ ਦੇ  8500 ਬਲਾਕ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਹਾਜ਼ਰ ਸਨ ਕਿ ਜਦੋਂ  ਇਹ ਘਟਨਾ ਵਾਪਰੀ ।
ਆਰ ਸੀ ਐਮ ਪੀ ਦੁਆਰਾ ਜਾਰੀ ਕੀਤੀ ਗਈ ਪਹਿਲੀ ਵੀਡੀਓ ਵਿੱਚ ਇੱਕ 20 ਤੋ 30 ਸਾਲ ਵਿਚਾਲੇ ਇਕ ਸ਼ੱਕੀ ਵਿਅਕਤੀ ਨੂੰ ਦਿਖਾਇਆ ਗਿਆ ਹੈ, ਜਿਸਦੀ ਲੰਬੀ ਦਾੜੀ ਹੈ ਤੇ ਉਸ ਨੇ ਨੀਲੇ ਰੰਗ ਦੀ ਪਗੜੀ ਅਤੇ ਨੀਲੇ ਗੂੜ੍ਹੇ ਰੰਗ ਕੱਪੜੇ ਪਾਏ ਹੋਏ ਸਨ।
ਦੂਸਰਾ ਸ਼ੱਕੀ ਵਿਅਕਤੀ ਵੀ 20 ਤੋਂ 30 ਦੀ ਉਮਰ ਦੇ ਵਿਚਕਾਰ ਹੈ ਪਰ ਇਸਦੀ ਛੋਟੀ ਕਾਲੀ ਦਾੜ੍ਹੀ ਹੈ ਤੇ ਉਸਨੇ ਕਾਲੀ ਵੈਸਟ  ਅਤੇ ਛੋਟੀ ਕਾਲੀ ਪੱਗ ਪਹਿਨੀ ਹੋਈ ਸੀ। ਇਸ ਸ਼ੱਕੀ ਨੂੰ ਹੱਥ ਵਿੱਚ ਕੇਸਰੀ ਝੰਡਾ ਵੀ  ਫੜੇ ਹੋਏ  ਦੇਖਿਆ ਜਾ ਸਕਦਾ ਹੈ।
ਤੀਸਰੇ ਸ਼ੱਕੀ ਦੀ ਉਮਰ ਵੀਹ ਦੇ ਨੇੜੇ ਦੱਸੀ ਜਾ ਰਹੀ ਹੈ ਜਿਸਨੇ ਕਾਲੇ ਕੱਪੜੇ ਅਤੇ ਇੱਕ ਚਮਕਦਾਰ ਸੰਤਰੀ ਮਾਸਕ ਪਾਇਆ ਹੋਇਆ ਹੈ।
ਆਰ ਸੀ ਐਮ ਪੀ  ਨੇ ਪ੍ਰੈਸ ਰੀਲੀਜ ਵਿਚ ਕਿਹਾ ਹੈ ਕਿ ਆਰ ਸੀ ਐਮ ਪੀ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ, ਪਰ  ਇਸ ਦੌਰਾਨ ਕਿਸੇ ਉਪਰ ਹਮਲੇ ਵਰਗੇ ਗੈਰ-ਕਾਨੂੰਨੀ ਅਤੇ ਹਿੰਸਕ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪ੍ਰੈਸ ਰੀਲੀਜ ਵਿਚ ਕਿਹਾ ਗਿਆ ਹੈ ਕਿ ਅਗਰ ਕਿਸੇ ਵੀ ਵਿਅਕਤੀ ਨੂੰ ਇਹਨਾਂ ਸ਼ੱਕੀਆਂ ਬਾਰੇ ਜਾਣਕਾਰੀ ਹੈ ਜਾਂ ਜੇ ਕੋਈ ਕਿਸੇ ਸ਼ੱਕੀ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ, ਤਾਂ ਉਹ ਸਰੀ ਆਰ ਸੀ ਐਮ ਪੀ ਨਾਲ 604-599-0502 ‘ਤੇ ਸੰਪਰਕ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰੀ ਦੇ ਕਨਵੈਨਸ਼ਨ ਸੈਂਟਰ ਵਿਚ ਭਾਰਤੀ ਹਾਈ ਕਮਿਸ਼ਨਰ ਦੇ ਸਵਾਗਤ ਵਿਚ ਇਕ ਸਮਾਗਮ ਰੱਖਿਆ ਗਿਆ ਸੀ । ਇਸ ਮੌਕੇ ਸਥਾਨਕ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ। ਇਸ ਰੋਸ ਪ੍ਰਦਰਸ਼ਨ ਦੌਰਾਨ ਸਮਾਗਮ ਵਿਚ ਪੁੱਜਣ ਵਾਲੇ ਮਹਿਮਾਨਾਂ ਨੂੰ ਅਪਮਾਨਿਤ ਕਰਨ ਅਤੇ ਉਹਨਾਂ ਦੀ ਖਿਚ ਧੂਹ ਕੀਤੇ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਇਸੇ ਦੌਰਾਨ ਵਿਖਾਵਾਕਾਰੀਆਂ ਵਲੋਂ ਸਰੀ ਦੇ ਇਕ ਰੀਐਲਟਰ ਗੁਰਤੇਜ ਸਿੰਘ ਗਿੱਲ ਨਾਲ ਹੱਥੋਪਾਈ ਕਰਨ ਅਤੇ ਪੁਲਿਸ ਵਲੋਂ ਉਸਨੂੰ ਸੁਰੱਖਿਅਤ ਕੱਢ ਕੇ ਲਿਜਾਣ ਦੀ ਵੀਡੀਓ ਵੀ ਸਾਹਮਣੇ ਆਈ ਸੀ। ਬਾਦ ਵਿਚ ਰੀਐਲਟਰ ਗੁਰਤੇਜ ਗਿੱਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਉਪਰ ਹਮਲੇ ਦੌਰਾਨ ਉਸਦੇ ਗੁੱਝੀਆਂ ਸੱਟਾਂ ਲੱਗੀਆਂ ਤੇ ਉਸਦੀ ਇਕ ਪੱਸਲੀ ਵੀ ਟੁੱਟ ਗਈ ਸੀ।

https://bc.ctvnews.ca/rcmp-release-videos-of-3-suspects-in-brawl-at-surrey-protest-1.6384950