Headlines

ਮੋਗੇ ਸ਼ਹਿਰ ਦਾ ਜੰਮ-ਪਲ ਅਮਨਮੀਤ ਫਿਲਮ “ਮੇਰਾ ਬਾਬਾ ਨਾਨਕ “ ਜ਼ਰੀਏ ਡੈਬੀਊ ਕਰਨ ਜਾ ਰਿਹਾ 

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- 19 ਮਈ ਨੂੰ  ਵਿਸ਼ਵ ਭਰ ਵਿਚ  ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਮੇਰਾ ਬਾਬਾ ਨਾਨਕ ਸਾਡੀ ਪਰਮਾਤਮਾ ਤੇ ਪੂਰਨ ਭਰੋਸੇ ਦੀ ਗੱਲ ਕਰਨ ਦੇ ਨਾਲ-ਨਾਲ ਜਿੰਦਗੀ ਚ ਆਉਂਦੇ ਦੁੱਖ-ਸੁੱਖ ਤੇ ਸਮਾਜਕ ਕੁਰੀਤੀਆਂ ਦੇ ਖਿਲਾਫ ਗੱਲ ਕਰਦੀ ਇੱਕ ਬਹੁਤ ਹੀ ਖੂਬਸੂਰਤ ਵਿਸ਼ੇ ਦੀ ਕਹਾਣੀ ਤੇ ਅਧਾਰਤ ਫਿਲਮ ਹੈ। ਮੋਗਾ ਸ਼ਹਿਰ ਦਾ ਜੰਮਪਲ ਅਮਨ ਮੀਤ ਇਸ ਫ਼ਿਲਮ ਜ਼ਰੀਏ ਮੇਨ ਲੀਡ ਵਿੱਚ ਡੈਬਿਊ ਕਰਨ ਜਾ ਰਿਹਾ ਹੈ ਜੋ ਕਿ ਸਾਬਤ ਸੂਰਤ ਸਿੱਖ ਹੈ। ਅਮਨਮੀਤ ਨੂੰ ਸਕੂਲ ਲੈਵਲ ਤੋਂ ਹੀ ਥੀਏਟਰ ਤੇ ਐਕਟਿੰਗ ਦਾ ਸ਼ੌਂਕ ਰਿਹਾ ਹੈ। ਕਾਲਜ ਦੀ ਪੜ੍ਹਾਈ ਦੌਰਾਨ ਉਸ ਦਾ ਸ਼ੌਂਕ ਹੋਰ ਪ੍ਰਫੁੱਲਤ ਹੋਇਆ। ਉਹ ਹੁਣ ਤੱਕ ਕਈ ਨਾਟਕ ਖੇਡ ਚੁੱਕਾ ਹੈ ਤੇ ਨਿਰਦੇਸ਼ਿਤ ਵੀ ਕਰ ਚੁੱਕਾ ਹੈ। ਫਿਲਮ ਦੀ ਕਹਾਣੀ ਦਾ ਲੇਖਕ ਤੇ ਨਿਰਦੇਸ਼ਕ ਉਹ ਖੁਦ ਹੀ ਹੈ। ਉਸਨੇ ਇਹ ਫਿਲਮ ਪੂਰੀ ਸ਼ਿਦਤ, ਮਿਹਨਤ ਤੇ ਜਿੰਦ ਜਾਨ ਲਾ ਕੇ ਬਣਾਈ ਹੈ। ਫਿਲਮ ਦਾ ਟਰੇਲਰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਫ਼ਿਲਮ ਵਿਚ ਵਿਕਰਮਜੀਤ ਵਿਰਕ ਵੀ ਮੁੱਖ ਰੋਲ ਵਿਚ ਨਜ਼ਰ ਆਵੇਗਾ। ਇਹਨਾਂ ਤੋਂ ਇਲਾਵਾ ਹਰਸ਼ਜੋਤ ਕੌਰ, ਕੁੱਲ ਸਿੱਧੂ, ਮਿੰਟੂ ਕਾਪਾ, ਹਰਪ੍ਰੀਤ ਬੈਂਸ, ਮਲਕੀਤ ਰੌਣੀ, ਮਹਾਂਬੀਰ ਭੁੱਲਰ, ਸੀਮਾ ਕੌਸ਼ਲ, ਅਨੀਤਾ ਮੀਤ, ਤਰਸੇਮ ਪਾਲ, ਰਣਦੀਪ ਭੰਗੂ, ਵਰਿੰਦਰ ਵਸਿਸ਼ਟ, ਨਿਰਮਤ ਪ੍ਰਤਾਪ ਸਿੰਘ, ਅੰਮ੍ਰਿਤ ਬਿੱਲਾ, ਸੁਖਬੀਰ ਕੌਰ ਤੇ ਜਸਵੀਰ ਗਿੱਲ ਵੀ ਦਮਦਾਰ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ, ਅਮਰ ਜਲਾਲ ਤੇ ਬੱਲਾਂ ਜਲਾਲ ਨੇ ਲਿਖੇ ਹਨ। ਫਿਲਮ ਦੇ ਗੀਤ ਨਛੱਤਰ ਗਿੱਲ, ਕੰਵਰ ਗਰੇਵਾਲ ਆਦਿ ਗਾਇਕਾਂ ਨੇ ਗਾਏ ਹਨ। ਜਦ ਕਿ ਉਹਨਾਂ ਨੂੰ ਸੰਗੀਤਕ ਧੁਨਾ ਵਿੱਚ ਮਨ ਪਾਲ ਸਿੰਘ, ਜਸਕੀਰਤ ਸਿੰਘ ਤੇ ਭਾਈ ਮੰਨਾ ਸਿੰਘ ਨੇ ਖੂਬਸੂਰਤ ਤਰੀਕੇ ਨਾਲ ਪਰੋਇਆ ਹੈ।
ਫਿਲਮ ਦੇ ਪ੍ਰੋਡਿਊਸਰ ਪਰਜੀਤ ਸਿੰਘ ਤੇ ਹਰਮਨਦੀਪ ਸਿੰਘ ਸਹੋਤਾ ਅੱਛੇ ਕੰਟੈਂਟ ਤੇ ਫਿਲਮ ਬਣਾਉਣ ਲਈ ਵਧਾਈ ਦੇ ਪਾਤਰ ਹਨ। ਦਰਸ਼ਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਸਾਫ ਸੁਥਰੀਆਂ ਤੇ ਪਰਿਵਾਰਕ ਫ਼ਿਲਮਾ ਵੇਖਣ ਨੂੰ ਤਰਜੀਹ ਦੇਣੀ ਬਣਦੀ ਹੈ। ਸਾਨੂੰ ਪੂਰਨ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ਤੇ ਖ਼ਰੀ ਉਤਰੇਗੀ।