Headlines

ਸ਼ਰਧਾਂਜਲੀ -ਸਾਡਾ ਮਿੱਤਰ ਪਿਆਰਾ ਸੀ ਬੂਟਾ ਸਿੰਘ ਸ਼ਾਦ

ਪੰਜਾਬੀ ਦੇ ਲੱਖਾਂ ਪਾਠਕਾਂ ਦਾ ਚਹੇਤਾ ਨਾਵਲਕਾਰ ਸੀ ਉਹ-

ਪ੍ਰਿੰ. ਸਰਵਣ ਸਿੰਘ————-

ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ, ਬੱਘੀ ਵਿਚ ਤਬੇਲੇ ਦੇ ਖੜ੍ਹੀ ਰਹਿਣੀ
ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ…
ਸਾਧੂ ਦਯਾ ਸਿੰਘ ਨੇ ‘ਜਿ਼ੰਦਗੀ ਬਿਲਾਸ’ ਵਿਚ ਸੱਚ ਹੀ ਲਿਖਿਆ ਹੈ। ਆਖ਼ਰ ਉਮਰ ਦੀ ਡੋਰ ਨੇ…। ਸਾਡੇ ਮਿੱਤਰ ਪਿਆਰੇ ਲੇਖਕਾਂ ਦੀਆਂ ਡੋਰਾਂ ਵਾਰੋ ਵਾਰੀ ਟੁੱਟੀ ਜਾ ਰਹੀਆਂ ਨੇ। ਹੁਣ ਸਾਡਾ ਰੌਣਕੀ ਯਾਰ ਬੂਟਾ ਸਿੰਘ ਸ਼ਾਦ ਵੀ ਇਸ ਜਹਾਨ ਦੀਆਂ ਖੇਡਾਂ ਖੇਡਦਾ ਅਗਲੇ ਜਹਾਨ ਚਲਾ ਗਿਆ। ਕਦੇ ਨਾਵਲਕਾਰ ਕਰਮਜੀਤ ਕੁੱਸਾ ਚਲਾ ਗਿਆ ਸੀ, ਕਦੇ ਗੁਰਦਿਆਲ ਜੈਤੋ, ਕਦੇ ਕੰਵਲ ਢੁੱਡੀਕੇ ਤੇ ਕਦੇ ਗੁਰਦੇਵ ਰੁਪਾਣਾ। ਸ਼ਾਦ ਪੰਜਾਬੀ ਦਾ ਨਾਮਵਰ ਨਾਵਲਕਾਰ ਸੀ। ਲੱਖਾਂ ਪਾਠਕ ਸਨ ਉਹਦੇ। ਨਾਵਲਾਂ ਤੇ ਫਿਲਮਾਂ `ਚ ਉਹਦੀ ਤੂਤੀ ਹੀ ਨਹੀਂ ਸੀ ਬੋਲਦੀ, ਪੂਰਾ ਵਾਜਾ ਵੱਜਦਾ ਸੀ। ਬੰਬਈ ਵਿਚ ਪਈ ‘ਸ਼ਾਦ ਸਾਹਿਬ’ ‘ਸ਼ਾਦ ਸਾਹਿਬ’ ਹੁੰਦੀ ਸੀ। ਉਹ ਬਠਿੰਡੇ ਨੇੜਲੇ ਪਿੰਡ ਦਾਨ ਸਿੰਘ ਵਾਲੇ ਜੰਮਿਆ ਸੀ। ਅਸੀਂ ਅੱਸੀਆਂ ਤੋਂ ਟੱਪੇ ਹਾਣੀ ਸਾਂ ਤੇ ਬਠਿੰਡੇ ਦੇ ਬਲਵੰਤ ਗਾਰਗੀ ਵਾਂਗ ਮਲਵਈ ਸਾਂ। ਮਲਵਈ ਬੋਲ ਬਾਣੀ ਸਾਡੇ ਬੜੀ ਰਾਸ ਆਈ। ਮੈਨੂੰ ਉਹ ਸਰੂਰ `ਚ ‘ਕੀ ਹਾਲ ਐ ਭੌਰ ਦਾ’ ਕਹਿ ਕੇ ਬੁਲਾਉਂਦਾ। ਮੈਂ ਉਹਦੇ ਰੇਖਾ ਚਿੱਤਰ ਦਾ ਨਾਂ ‘ਰੋਹੀ ਦਾ ਭੌਰ’ ਰੱਖਿਆ ਸੀ ਜੋ 1982 `ਚ ਭਾਪਾ ਪ੍ਰੀਤਮ ਸਿੰਘ ਦੇ ਪਰਚੇ ‘ਆਰਸੀ’ ਵਿਚ ਛਪਿਆ ਸੀ।
ਤਿੰਨ ਮਈ ਨੂੰ ਸਵੇਰ ਸਾਰ ਜਦ ਮੈਂ ਉਹਦੇ ਅਕਾਲ ਚਲਾਣੇ ਦੀ ਖ਼ਬਰ ਪੜ੍ਹੀ ਤਾਂ ਮਨ ਇਕ ਦਮ ਮਸੋਸਿਆ ਗਿਆ। ਦੋਸਤ ਦੇ ਦੇਹਾਂਤ ਦਾ ਡਾਢਾ ਦੁੱਖ ਹੋਇਆ। ਉਹਦੇ ਬਾਰੇ ਕੁਝ ਲਿਖਣ ਲਈ ਮੈਂ ਪੁਰਾਣੇ ਕਾਗਜ਼ਾਂ ਪੱਤਰਾਂ `ਚੋਂ ਉਹਦਾ ਰੇਖਾ ਚਿੱਤਰ ਟੋਲਣ ਲੱਗਾ। ‘ਆਰਸੀ’ ਵਾਲਾ ਉਹ ਰੇਖਾ ਚਿੱਤਰ ਤਾਂ ਨਾ ਮਿਲਿਆ ਪਰ ਉਹਦੀ 3 ਜੁਲਾਈ 82 ਦੀ ਲਿਖੀ ਚਿੱਠੀ ਲੱਭ ਗਈ ਜੋ ਇਸ ਲੇਖ ਨਾਲ ਛਾਪੀ ਜਾ ਰਹੀ ਹੈ। ਉਸ ਦੀਆਂ ਕੁਝ ਸਤਰਾਂ ਹਨ… ਤੂੰ ਮੰਨ ਨਾ ਮੰਨ ਇਕ ਦਿਲਚਸਪ ਬੰਦੇ ਬਾਰੇ ਲਿਖਦਿਆਂ ਤੇਰੀ ਲੇਖਣੀ ਵਿਚ ਮਿਠਾਸ, ਕਰਾਰ ਤੇ ਸੁਆਦ ਭਰ ਗਿਆ। ਮੈਨੂੰ ਲੱਗਿਆ ਸਰਵਨ ਨਹੀਂ ਕੋਈ ਸ਼ਾਦ ਲਿਖ ਰਿਹਾ ਹੈ। ਪਰ ਤੇਰਾ ਸ਼ੁਕਰੀਆ ਅਦਾ ਕਰਨਾ ਹੀ ਪਵੇਗਾ। ਹੋਰ ਭੌਰਾ ਤੇਰਾ ਕੀ ਹਾਲ ਹੈ? ਬੰਦੇ `ਚੋਂ ਨਿੱਕੇ ਮੋਟੇ ਵੈਲ ਮੁੱਕ ਜਾਣ ਤਾਂ ਬੰਦਾ ਤੇਰੇ ਵਾਂਗ ਬੁੱਢਾ ਬੁੱਢਾ ਲੱਗਣ ਲੱਗ ਜਾਂਦੈ ਤੇ ਬੁੱਢਾ ਬੰਦਾ ਕਿਸ ਕੰਮ, ਜਿਵੇਂ ਜ਼ਹਿਰ ਬਿਨਾਂ ਨਾਗ। …ਮੇਰੀ ਕਲਮ ਨੂੰ ਜ਼ੰਗ ਲੱਗ ਗਿਐ। ਕਦੇ ਕਿਰਪਾਨੋਂ ਕੱਢਾਂਗਾ। ਸਿਰ `ਚ ਬਹੁਤ ਕੁਝ ਜਮ੍ਹਾਂ ਹੋ ਗਿਆ। ਤੇਰੇ ਲੇਖ ਤੋਂ ਲਗਦੈ ਕੰਵਲ ਸਾਹਿਬ ਨੇ ਕੁਮੈਂਟ ਕੀਤਾ। ਉਸ ਤੋਂ ਮਤਲਬ ਸੀ ਤੂੰ ਯਾਰੀ ਪੁਗਾਈ ਕਿ ਸ਼ਾਦ ਬਾਰੇ ਲਿਖਿਆ…।
`ਕੇਰਾਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ਹਾਕੀ ਦਾ ਵਿਸ਼ਵ ਕੱਪ ਕਵਰ ਕਰਨ ਲਈ ਮੈਂ ਬੰਬਈ ਗਿਆ ਸਾਂ। ਉਹ ਕੱਪ 28 ਦਸੰਬਰ 81 ਤੋਂ 11 ਜਨਵਰੀ 82 ਤਕ ਖੇਡਿਆ ਜਾਣਾ ਸੀ। ਉਦੋਂ ਮੈਂ ਸ਼ਾਦ ਦੇ ਬੰਗਲੇ ਵਿਚ ਹੀ ਰਿਹਾ। ਉਹ ਬੰਗਲਾ ਪਹਿਲਾਂ ਗੀਤਾ ਬਾਲੀ ਦਾ ਹੁੰਦਾ ਸੀ। ਦੋ ਹਫ਼ਤੇ `ਕੱਠੇ ਰਹਿਣ ਕਰਕੇ ਅਸੀਂ ਇਕ ਦੂਜੇ ਦੇ ਭੇਤੀ ਹੋ ਗਏ। ਜਦ ਮੈਂ ਗੁਸਲਖਾਨੇ `ਚ ਨਹਾਉਣ ਲੱਗਦਾ ਤਾਂ ਉਹ ਅਕਸਰ ਆਖਦਾ, “ਏਸੇ ਗੁਸਲਖਾਨੇ `ਚ ਕਦੇ ਗੀਤਾ ਬਾਲੀ ਨਹਾਉਂਦੀ ਸੀ। ਨਹਾ ਲੈ ਉਹਨੂੰ ਯਾਦ ਕਰਕੇ!” ਮੈਂ ਪੁੱਛਦਾ, “ਸਾਬਣ ਦੀ ਟਿੱਕੀ ਕਿਤੇ ਉਹਦੀ ਰੱਖੀ ਹੋਈ ਤਾਂ ਨਹੀਂ?”
ਉਹਨੀਂ ਦਿਨੀ ਉਹ ‘ਬਰਾੜ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ‘ਨਿਸ਼ਾਨ’ ਫਿਲਮ ਬਣਾ ਰਿਹਾ ਸੀ ਜਿਸ ਵਿਚ ਜਤਿੰਦਰ, ਰਾਜੇਸ਼ ਖੰਨਾ, ਰੇਖਾ, ਪੂਨਮ ਤੇ ਅਮਰੀਸ਼ ਪੁਰੀ ਵਰਗੇ ਅਦਾਕਾਰ ਸਨ। ਉਸ ਨੇ ਮੈਨੂੰ ਐਕਟਰਾਂ ਤੇ ਐੱਕਟਰਸਾਂ ਨਾਲ ਮਿਲਾਇਆ ਤੇ ਫਿਲਮ ਬਣਦੀ ਵੀ ਵਿਖਾਈ ਜੋ ਮੇਰੇ ਲਈ ਖੇਡਾਂ ਤੋਂ ਵੱਖਰਾ ਨਜ਼ਾਰਾ ਸੀ। ਰੇਖਾ ਜਿਹੋ ਜਿਹੀ ਫਿਲਮੀ ਪਰਦੇ `ਤੇ ਦਿਸਦੀ ਸੀ, ਜ਼ਮੀਨ `ਤੇ ਨਹੀਂ। ਉਥੇ ਮੈਨੂੰ ਫਿਲਮੀ ਦੁਨੀਆ ਦੇ ਗੁੱਝੇ ਤੇ ਪਰਤੱਖ ਦਰਸ਼ਨ ਹੋਏ। ਮੈਂ ਹਾਕੀ ਦੇ ਮੈਚ ਵੇਖ ਕੇ ਦਿਨ ਛਿਪੇ ਉਹਦੇ ਬੰਗਲੇ `ਚ ਪਹੁੰਚਦਾ ਤਾਂ ਉਹ ਮੈਥੋਂ ਪਹਿਲਾਂ ਆਇਆ ਟਹਿਲਦਾ ਹੁੰਦਾ। ਘਰੇ ਉਹ ਚਾਦਰਾ ਬੰਨ੍ਹ ਕੇ ਰੱਖਦਾ ਤੇ ਦੇਸੀ ਜੁੱਤੀ ਨਾਲ ਕਲੀਆਂ ਵਾਲਾ ਕੁੜਤਾ ਪਾਉਂਦਾ। ਉਹਦੇ ਦੋਵੇਂ ਨੌਕਰ ਖਾਣ ਪੀਣ ਦਾ ਸਮਾਨ ਤਿਆਰ ਕਰ ਰਹੇ ਹੁੰਦੇ। ਉਹ ਪੀ ਤਾਂ ਲੈਂਦਾ ਪਰ ਮੀਟ ਨਾ ਖਾਂਦਾ। ਉਂਜ ਮੁਸਕਣੀਏਂ ਹੱਸਦਾ ਕਹਿੰਦਾ, “ਮੇਰੇ ਨਾਵਲ ਪੜ੍ਹਨ ਵਾਲੇ ਸਮਝਦੇ ਹੋਣਗੇ ਬਈ ਇਹ ਤਾਂ ਕੱਟਾ ਵੀ ਨੀ ਛੱਡਦਾ ਹੋਣਾ!” ਉਹਦੇ ਨਾਵਲਾਂ ਬਾਰੇ ਖੁੱਲ੍ਹ ਕੇ ਗੱਲਾਂ ਹੁੰਦੀਆਂ। ਉਥੇ ਮੈਂ ਉਸ ਨੂੰ ਧੁਰ ਅੰਦਰੋਂ ਜਾਣਿਆ। ਵਾਪਸ ਢੁੱਡੀਕੇ ਮੁੜ ਕੇ ਮੈਂ ਉਹਦਾ ਰੇਖਾ ਚਿੱਤਰ ਲਿਖਿਆ ਜੋ ‘ਆਰਸੀ’ ਨੇ ਮੂਹਰੇ ਕਰ ਕੇ ਛਾਪਿਆ।
ਬੂਟਾ ਸਿੰਘ ਸ਼ਾਦ ਦਾ ਜੱਦੀ ਪੁਸ਼ਤੀ ਨਾਂ ਬੂਟਾ ਸਿੰਘ ਬਰਾੜ ਸੀ। ਉਹ ਛੇ ਭਰਾ ਸਨ। ਉਹਦਾ ਵਿਆਹ ਜਿਵੇਂ ਛੋਟੀ ਉਮਰ `ਚ ਹੋਇਆ ਸੀ ਉਵੇਂ ਛੇਤੀ ਹੀ ਛੱਡ-ਛਡਾਅ ਹੋ ਗਿਆ। ਉਸ ਨੇ ਕਦੇ ਉਹਦਾ ਜਿ਼ਕਰ ਵੀ ਨਾ ਕੀਤਾ। ਦੁਬਾਰਾ ਵਿਆਹ ਵੀ ਨਾ ਕਰਾਇਆ ਜਿਸ ਕਰਕੇ ਉਮਰ ਦੇ ਆਖ਼ਰੀ ਅੱਠ ਸਾਲ ਉਹ ਭਤੀਜਿਆਂ ਕੋਲ ਰਿਹਾ। ਉਸ ਨੂੰ ਪਹਿਲੀ ਵਾਰ ਮੈਂ 1965-66 ਵਿਚ ‘ਆਰਸੀ’ ਦੇ ਦਫਤਰ ਵਿਚ ਮਿਲਿਆ ਸਾਂ। ਉਦੋਂ ਮੇਰੀ ਕਹਾਣੀ ‘ਨੱਚਾਰ’ ਤੇ ਉਹਦੀ ਕਹਾਣੀ ‘ਮੋਰਨੀ’ ਆਰਸੀ `ਚ ਛਪੀਆਂ ਸਨ। ਉਹ ਬੜਾ ਬਣਦਾ ਫੱਬਦਾ ਜੁਆਨ ਸੀ। ਕਣਕਵੰਨਾ ਰੰਗ, ਮੋਟੀਆਂ ਗੋਲ ਅੱਖਾਂ ਤੇ ਤਿੱਖਾ ਨੱਕ। ਅੰਤਾਂ ਦਾ ਮੋਹਖੋਰਾ। ਉਹ ਅੰਗਰੇਜ਼ੀ ਦੀ ਐੱਮ. ਏ. ਸੀ, ਮੈਂ ਪੰਜਾਬੀ ਦੀ। ਮੈਂ ਪਹਿਲਾਂ ਦਿੱਲੀ ਦੇ ਕਾਲਜਾਂ ਤੇ ਫਿਰ ਢੁੱਡੀਕੇ ਦੇ ਕਾਲਜ ਵਿਚ ਪੜ੍ਹਾਉਣ ਲੱਗ ਪਿਆ। ਉਹ ਕਦੇ ਡੱਬਵਾਲੀ, ਕਦੇ ਫਰੀਦਕੋਟ, ਕਦੇ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਪੜ੍ਹਾਉਂਦਾ ਆਖ਼ਰ ਕੁੜੀਆਂ ਦੇ ਸਿੱਧਵਾਂ ਕਾਲਜ ਵਿਚ ਪੜ੍ਹਾਉਣ ਲੱਗਾ। ਫਿਰ ਸਾਡਾ ਮੇਲ ਕਦੇ ਢੁੱਡੀਕੇ, ਕਦੇ ਮੇਰੇ ਸਹੁਰੀਂ ਚੌਕੀ ਮਾਨ ਤੇ ਕਦੇ ਸਿਧਵਾਂ ਕਾਲਜ ਵਿਚ ਹੁੰਦਾ ਰਿਹਾ।
ਉਹਨੀਂ ਦਿਨੀਂ ਸਾਡੇ ਕਾਲਜ ਦੀ ਕਬੱਡੀ ਟੀਮ ਬਠਿੰਡੇ ਮੈਚ ਖੇਡਣ ਗਈ। ਉਥੇ ਉਸ ਨੇ ਚੁਬਾਰਾ ਲਿਆ ਹੋਇਆ ਸੀ ਜੀਹਦੇ ਮੱਥੇ `ਤੇ ‘ਕੱੁਲੀ ਯਾਰ ਦੀ’ ਲਿਖਿਆ ਹੋਇਆ ਸੀ। ਅਸੀਂ ਰਾਤ ਨੂੰ ‘ਕੱੁਲੀ ਯਾਰ ਦੀ’ ਵਿਚ ਹੀ ਸੁੱਤੇ। ਉਹ ਉਦੋਂ ‘ਕੱੁਲੀ ਯਾਰ ਦੀ’ ਫਿਲਮ ਬਣਾ ਰਿਹਾ ਸੀ ਜਿਸ ਦਾ ਉਹ ਖ਼ੁਰ ਹੀਰੋ ਸੀ ਤੇ ਇੰਦਰਾ ਬਿੱਲੀ ਹੀਰੋਇਨ। ਉਸ ਫਿਲਮ ਵਿਚ ਉਹ ਪੱਗ ਵਾਲਾ ਹਰਿੰਦਰ ਬਣਿਆ ਜੋ ਭਾਰਤੀ ਸਿਨਮੇ ਦਾ ਪਹਿਲਾ ਸਿੱਖ ਹੀਰੋ ਮੰਨਿਆ ਗਿਆ।
ਜਦੋਂ ਉਹ ਕੁੜੀਆਂ ਦੇ ਸਿੱਧਵਾਂ ਕਾਲਜ ਵਿਚ ਇਕੋ ਮਰਦ ਪ੍ਰੋਫੈ਼ਸਰ ਸੀ ਤਾਂ ਉਹ ਆਪ ਹੀ ‘ਕੁੱਤਿਆਂ ਵਾਲੇ ਸਰਦਾਰ’ ਨਾਵਲ ਦਾ ਹੀਰੋ ਰਣਜੀਤ ਬਣਿਆ। ਉਹਦੀ ‘ਯਾਰ ਮੈਡਮ’ ਹੀਰੋਇਨ। ਉਹਦੇ ਕਹਾਣੀ ਸੰਗ੍ਰਹਿ ‘ਕੱਚੀ ਸੜਕ ਦਾ ਗੀਤ’ ਵਿਚਲੀ ਸੜਕ ਅਸਲ ਵਿਚ ਜੀਟੀ ਰੋਡ ਤੋਂ ਸਿਧਵਾਂ ਕਾਲਜ ਨੂੰ ਮੁੜਦੀ ਸੜਕ ਦਾ ਟੋਟਾ ਸੀ। ਉਸੇ ਸੜਕੀ ਟੋਟੇ ਤੋਂ ਦੀ ਜਾਂਦਿਆਂ ਆਉਂਦਿਆਂ ਮੇਰੀ ਬਣਨ ਵਾਲੀ ਪਤਨੀ ਹਰਜੀਤ ਚੌਕੀ ਮਾਨ ਨੇ ਗਿਆਰਵੀਂ ਤੋਂ ਬੀਐੱਡ ਤਕ ਦੀ ਪੜ੍ਹਾਈ ਕੀਤੀ ਸੀ। ਇਉਂ ‘ਕੱਚੀ ਸੜਕ ਦਾ ਗੀਤ’ ਤਾਂ ਉਹ ਅਸਲ ਵਿਚ ਮੇਰੇ ਲਈ ਬਣਿਆ ਜਿਸ ਦਾ ਮੁੱਖਬੰਦ ਜਸਵੰਤ ਸਿੰਘ ਕੰਵਲ ਨੇ ਲਿਖਿਆ। ਬੂਟਾ ਦਾਨੇਵਾਲੀਆ ਤਾਂ ਸਿੱਧਵਾਂ ਦੀਆਂ ਕੱਚੀਆਂ ਸੜਕਾਂ `ਤੇ ਦੌੜਾਂ ਲਾਉਂਦਾ ਬੱਸ ਨਾਵਲ ਕਹਾਣੀਆਂ ਲਿਖਣ ਤੇ ਫਿਲਮਾਂ ਬਣਾਉਣ ਜੋਗਾ ਹੀ ਰਹਿ ਗਿਆ!
ਫਿਰ ਉਹ ਦਿਨ ਵੀ ਆ ਗਿਆ ਜਿੱਦਣ ਕਾਲਜ ਦੀ ਪ੍ਰੋਫੈ਼ਸਰੀ ਛੱਡ ਕੇ ਉਹ ਬੰਬਈ ਚਲਾ ਗਿਆ ਤੇ ਬੂਟਾ ਸਿੰਘ ਸ਼ਾਦ ਬਣ ਕੇ ‘ਬਰਾੜ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਫਿਲਮਾਂ ਬਣਾਉਣ ਲੱਗ ਪਿਆ। ਬੰਬਈ ਉਹ 1970 ਤੋਂ 2015 ਤਕ ਰਿਹਾ ਤੇ ਫਿਰ ਸਾਰਾ ਕੁਝ ਵੇਚ ਵੱਟ ਕੇ ਪਹਿਲਾਂ ਮੁਹਾਲੀ ਤੇ ਫਿਰ ਸਿਰਸਾ-ਮੰਡੀ ਏਲਨਾਬਾਦ ਵਿਚਾਲੇ ਢਾਣੀ ਕੁੰਭਥਲ ਵਿਖੇ ਖਰੀਦੀ ਜ਼ਮੀਨ `ਤੇ ਬੁਢਾਪਾ ਕੱਟਣ ਭਤੀਜਿਆਂ ਕੋਲ ਆ ਗਿਆ। ਉਥੇ ਉਸ ਨੇ ਲਗਭਗ ਗੁੰਮਨਾਮੀ ਵਿਚ ਹੀ ਦਿਨ ਕੱਟੇ।
ਸ਼ਾਦ ਨੇ ਤੀਹ ਕੁ ਨਾਵਲ ਤੇ ਛੇ ਕਹਾਣੀ ਸੰਗ੍ਰਹਿ ਛਪਵਾਏ, ਰੱਜ ਕੇ ਰਾਇਲਟੀ ਲਈ ਤੇ ਪੁੱਜ ਕੇ ਫਿਲਮਾਂ `ਚੋਂ ਨਾਮਣਾ ਤੇ ਨਾਵਾਂ ਕਮਾਇਆ। ਉਹਦੇ ਹਜ਼ਾਰਾਂ ਨਹੀਂ ਲੱਖਾਂ ਪਾਠਕ ਤੇ ਦਰਸ਼ਕ ਸਨ ਜੋ ਅਜੇ ਵੀ ਹਨ। ਉਹ ਪਹਿਰ ਦੇ ਤੜਕੇ ਉੱਠਣ ਵਾਲਾ ਨਾਵਲਕਾਰ ਸੀ ਪਰ ਨਾਵਲੀ ਬਿਰਤਾਂਤ ਵਧੇਰੇ ਕਰਕੇ ਅੱਧੀ ਰਾਤ ਦੇ ਹਨ੍ਹੇਰੇ ਦੀ ਚੋਰੀ ਯਾਰੀ ਵਾਲਾ ਸਿਰਜਦਾ ਸੀ। ਉਹਦੇ ਨਾਵਲਾਂ ਵਿਚ ਇਸ਼ਕ ਮੁਸ਼ਕ ਦੇ ਅਜਿਹੇ ਸੰਵਾਦ ਹੁੰਦੇ ਜਿਹੜੇ ਜੁਆਨ ਪਾਠਕਾਂ ਨੂੰ ਪੱਟੀ ਫਿਰਦੇ। ਉਸ ਨੇ ਨਾਨਕ ਸਿੰਘ ਤੇ ਕੰਵਲ ਵਾਂਗ ਪੰਜਾਬੀ ਨਾਵਲਾਂ ਦੇ ਬੇਅੰਤ ਪਾਠਕ ਪੈਦਾ ਕੀਤੇ ਜੋ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਕੰਵਲ ਦੇ ਨਾਵਲ ‘ਰਾਤ ਬਾਕੀ ਹੈ’ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣੇ ਇਕ ਨਾਵਲ ਦਾ ਨਾਂ ਹੀ ‘ਅੱਧੀ ਰਾਤ ਪਹਿਰ ਦਾ ਤੜਕਾ’ ਰੱਖਿਆ। ਉਹਦੇ ਵਾਂਗ ਹੀ ਲੋਕ ਗੀਤ ਵਰਤੇ। ਜਦ ਉਹ ਛਪਿਆ ਤਾਂ ਨਾਵਲਾਂ ਦੇ ਪ੍ਰਸਿੱਧ ਆਲੋਚਕ ਜੋਗਿੰਦਰ ਸਿੰਘ ਰਾਹੀ ਨੇ ਉਸ ਨੂੰ ਪੰਜਾਬੀ ਦੇ ਪੰਜ ਵਧੀਆ ਨਾਵਲਾਂ ਵਿਚ ਸ਼ੁਮਾਰ ਕੀਤਾ। ਸ਼ਾਦ ਅਕਸਰ ਕਿਹਾ ਕਰਦਾ ਸੀ, ਮੇਰੇ ਨਾਵਲ ਹਰੇਕ ਹੱਟੀ/ਭੱਠੀ ਤੇ ਬੰਬੀ/ਮੋਟਰ `ਤੇ ਪੜ੍ਹੇ ਜਾਂਦੇ ਨੇ। ਕੁੜੀਆਂ ਤਾਂ ਮੇਰੇ ਨਾਵਲ ਰਾਤਾਂ ਨੂੰ ਸਿਰ੍ਹਾਣਿਆਂ ਹੇਠ ਰੱਖਦੀਆਂ ਤੇ ਲੁਕੋ-ਲੁਕੋ ਕੇ ਪੜ੍ਹਦੀਆਂ। ਕੁੜੀਆਂ ਦੇ ਹੋਸਟਲਾਂ `ਚੋਂ ਹੋਰ ਕੁਛ ਲੱਭੇ ਜਾਂ ਨਾ ਲੱਭੇ ਪਰ ਮੇਰੇ ਨਾਵਲ ਜ਼ਰੂਰ ਲੱਭਣਗੇ।
ਉਹਦੇ ਨਾਵਲ ਸੱਚਮੁੱਚ ਹੀ ਖੇਤਾਂ `ਚ ਖੁੱਲ੍ਹੇਆਮ ਪਰ ਘਰਾਂ `ਚ ਲਕੋਅ ਕੇ ਪੜ੍ਹਨ ਵਾਲੇ ਸਨ। ਇਹੋ ਕਾਰਨ ਹੈ ਕਿ ਉਹਦੇ ਬਹੁਤੇ ਨਾਵਲ ਘਰਾਂ ਦਾ ਸਿ਼ੰਗਾਰ ਨਹੀਂ ਬਣ ਸਕੇ, ਮੋਟਰਾਂ ਤੇ ਬੰਬੀਆਂ ਦਾ ਸਿ਼ੰਗਾਰ ਜ਼ਰੂਰ ਰਹੇ। ਬਹੁਤੇ ਆਲੋਚਕਾਂ ਨੇ ਇਸੇ ਕਰਕੇ ਹੀ ਉਹਦੇ ਨਾਵਲਾਂ ਵੱਲੋਂ ਪਾਸਾ ਵੱਟੀ ਰੱਖਿਆ। ਉਹਦੇ ਨਾਵਲਾਂ ਵਿਚਲਾ ਨੰਗੇਜ਼ ਨੌਜੁਆਨੀ ਨੂੰ ਤਾਂ ਭਾਇਆ ਪਰ ਪ੍ਰੌਢ ਪਾਠਕਾਂ ਵੱਲੋਂ ਦੁਰਕਾਰਿਆ ਗਿਆ। ‘ਅੱਧੀ ਰਾਤ ਪਹਿਰ ਦਾ ਤੜਕਾ’ ਲਿਖਣ ਪਿਛੋਂ ਉਹਦੇ ਨਾਵਲਾਂ ਵਿਚ ਪਹਿਰ ਦਾ ਤੜਕਾ ਪਿੱਛੇ ਪੈਂਦਾ ਗਿਆ ਜਦ ਕਿ ਅੱਧੀ ਰਾਤ ਦਾ `ਨੇ੍ਹਰਾ ਹੋਰ ਵਧਦਾ ਗਿਆ। ਚੋਰਾਂ ਯਾਰਾਂ ਨੂੰ ਨੇ੍ਹਰਾ ਈ ਚੰਗਾ ਲੱਗਦੇ। ਗੀਤ ਐ ਨਾ, ਚੌਕੀਦਾਰ ਅਜੇ ਨੀ ਸੁੱਤਾ, ਨੀ ਸੋਹਣਾ ਆਉਣ ਨੂੰ ਫਿਰੇ… ਖੋਲ੍ਹ ਚੁਬਾਰੇ ਵਾਲੀ ਬਾਰੀ, ਨੀ ਮੈਂ ਵੇਖਿਆ ਸੌ ਸੌ ਵਾਰੀ, ਗੇੜੇ ਮਾਰ ਗਿਆ ਚੰਨ ਚਾਲੀ…। ਅਜਿਹੀ ਚੋਰੀ ਯਾਰੀ ਦੀ ਚਿਤਾਵਣੀ ਮੈਂ ਉਹਨੂੰ ਦਿੰਦਾ ਵੀ ਰਿਹਾ ਪਰ ਮੈਨੂੰ ਉਹ ‘ਬੁੱਢਾ ਹੋ ਗਿਆ’ ਤੇ ‘ਜ਼ਹਿਰ ਬਿਨਾਂ ਨਾਗ’ ਦੀਆਂ ਦਲੀਲਾਂ ਦਿੰਦਾ ਰਿਹਾ!
ਨਾਵਲ  ‘ਕੁੱਤਿਆਂ ਵਾਲੇ ਸਰਦਾਰ’ ਦਾ ਆਰੰਭ ਪੜ੍ਹੋ: ਚਿੱਠੀ ਆਈ ਹਰੇ ਰੰਗ ਦੀ, ਵਿਚੋਂ ਮਹਿਕ ਸੱਜਣ ਦੀ ਆਏ। ਰਣਜੀਤ ਲਾਇਬਰੇਰੀ `ਚ ਬੈਠਾ ਅਖ਼ਬਾਰ ਦੀਆਂ ਮੋਟੀਆਂ ਸੁਰਖ਼ੀਆਂ `ਤੇ ਨਜ਼ਰ ਮਾਰ ਰਿਹਾ ਸੀ। ਉਸ ਦੇ ਬਰਾਬਰ ਕਿੰਨੀਆਂ ਹੀ ਕੁੜੀਆਂ ਮੇਜ਼ `ਤੇ ਝੁਕੀਆਂ ਅਖ਼ਬਾਰ ਤੇ ਰਸਾਲੇ ਪੜ੍ਹਨ ਦਾ ਬਹਾਨਾ ਕਰ ਰਹੀਆਂ ਸਨ। ਰਣਜੀਤ ਇਕੱਲਾ ਮਰਦ ਸੀ ਜੋ ਇਸ ਜ਼ਨਾਨੇ ਕਾਲਜ ਵਿਚ ਅੰਗਰੇਜ਼ੀ ਦਾ ਪਰੋਫ਼ੈਸਰ ਸੀ। ਕੁੜੀਆਂ ਦੀਆਂ ਗੱਲਾਂ ਦਾ ਵਿਸ਼ਾ ਸੀ ‘ਜਵਾਨੀ’। ਕੁੜੀਆਂ ਬਹਾਨੇ ਭਾਲਦੀਆਂ ‘ਸਰ’ ਨਾਲ ਗੱਲੀਂ ਆ ਲੱਗਦੀਆਂ। ਉਸ ਦੇ ਪਾਸੀਂ ਚਿੱਟੀ ਵਰਦੀ `ਚ ਕੁੜੀਆਂ ਸਫੈਦ ਘੁੱਗੀਆਂ ਜਾਪਦੀਆਂ ਸਨ ਜੋ ਨਜ਼ਰਾਂ ਦਾ ਚੋਗਾ ਭਾਲ ਰਹੀਆਂ ਸਨ। “ਸਰ ਤੁਹਾਡੀ ਚਿੱਠੀ” ਕੰਵਲ ਨੇ ਚਿੱਠੀ ਦੇਂਦਿਆਂ ਨਜ਼ਰਾਂ ਰਾਹੀਂ ਵੀ ਕੁਛ ਕਿਹਾ। ਰਣਜੀਤ ਨੇ ਜਰਾ ਕੁ ਉਸ ਦੀਆਂ ਝੀਲ ਨਜ਼ਰਾਂ `ਚ ਤੱਕ ਕੇ ਚਿੱਠੀ ਫੜ ਲਈ। ਕੰਵਲ ਦੇ ਚਿਹਰੇ `ਤੇ ਅੱਲ੍ਹੜ ਜਵਾਨੀ ਦਾ ਨੂਰ ਸੀ। ਸੁਰਖ਼ ਹੋਠਾਂ `ਤੇ ਪਿਆਸ ਲਿਖੀ ਪਈ ਸੀ…।
1973 ਤੋਂ 2016 ਤਕ ਇਸ ਨਾਵਲ ਦੀਆਂ 40 ਐਡੀਸ਼ਨਾਂ ਛਪੀਆਂ। ਆਲੋਚਕਾਂ ਨੂੰ ਪੜਚੋਲਣਾ ਚਾਹੀਦੈ ਕਿਤੇ ਬੂਟਾ ਸਿੰਘ ਸ਼ਾਦ ਦੀ ਨਾਵਲੀ ਸ਼ੈਲੀ, ਪੇਂਡੂ ਮਲਵਈ ਸ਼ਬਦਾਵਲੀ, ਚੁਸਤ ਵਾਕ, ਦਿਲਖਿੱਚਵੇਂ ਸੰਵਾਦ, ਰੌਚਿਕ ਕਹਾਣੀ, ਰੁਮਾਂਸ, ਨਾਵਲੀ ਗੋਂਦ ਦਾ ਹੁਨਰ, ਰੰਗ, ਰਸ, ਸੁਗੰਧ ਅਤੇ ਅਲੰਕਾਰਾਂ, ਕਹਾਵਤਾਂ, ਮੁਹਾਵਰਿਆਂ ਤੇ ਲੋਕ ਗੀਤਾਂ ਦੀਆਂ ਜਿਣਸੀ ਛੋਹਾਂ ਨਾਲ ਲੈਸ ਤਾਂ ਨਹੀਂ? `ਕੱਲੀ ਅਸ਼ਲੀਲਤਾ ਨਾਲ ਤਾਂ ਲੱਖਾਂ ਪਾਠਕ ਪੱਟੇ ਨਹੀਂ ਜਾ ਸਕਦੇ। ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਦਾ ਕਥਨ ਹੈ, “ਇਕ ਵਾਰ ਮੈਂ ਆਪਣੇ ਨਿਗਰਾਨ ਡਾ. ਕੇਸਰ ਸਿੰਘ ਕੇਸਰ ਨੂੰ ਫੋਨ ਕੀਤਾ ਤਾਂ ਸੁਭਾਇਕੀਂ ਪੁੱਛਿਆ ਕੀ ਕਰ ਰਹੇ ਹੋ ਜੀ? ਅੱਗੋਂ ਜੋ ਉਨ੍ਹਾਂ ਕਿਹਾ ਸੁਣ ਕੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਕਹਿੰਦੇ ਬੂਟਾ ਸਿੰਘ ਸ਼ਾਦ ਦਾ ਨਾਵਲ ਐਡਿਟ ਕਰਨ ਬਾਰੇ ਸੋਚ ਰਿਹਾ ਹਾਂ। ਫਿਰ ਉਨ੍ਹਾਂ ਆਪਣੀ ਗੱਲ ਦਾ ਖੁਲਾਸਾ ਕੀਤਾ ਕਿ ਉਸ ਕੋਲ ਗਲਪੀ ਭਾਸ਼ਾ ਦਾ ਜੋ ਹੁਨਰ ਹੈ ਉਹ ਕਿਸੇ ਹੋਰ ਪੰਜਾਬੀ ਗਲਪਕਾਰ ਕੋਲ਼ ਨਹੀਂ। ਉਸ ਦੇ ਨਾਵਲਾਂ ਦਾ ‘ਕੰਟੈਂਟ’ ਜੇ ਐਡਿਟ ਹੋ ਜਾਵੇ ਤਾਂ ਉਹ ਪੰਜਾਬੀ ਦੇ ਮਹਾਨ ਨਾਵਲ ਬਣ ਸਕਦੇ ਹਨ। ਮੈਂ ਵੀ ਮਾਲਵੇ ਦੇ ਅਨੇਕਾਂ ਨੌਜਵਾਨਾਂ ਵਾਂਗ ਸ਼ਾਦ ਨੂੰ ਪੜ੍ਹਦਿਆਂ ਜਵਾਨ ਮਹਿਸੂਸ ਕਰਨ ਲੱਗਿਆ ਸਾਂ ਅਤੇ ਲਿਖਣ ਲਈ ਪ੍ਰੇਰਿਆ ਗਿਆ ਸਾਂ। ਪਿਛਲੇ ਸਾਲ ਤੋਂ ਮੈਂ ਉਨ੍ਹਾਂ ਦੀਆਂ ਕਹਾਣੀਆਂ ਦੇ ਅਧਿਐਨ ਦਾ ਪ੍ਰਾਜੈਕਟ ਵਿੱਢਿਆ ਹੋਇਆ ਹੈ, ਕਾਸ਼ ਉਨ੍ਹਾਂ ਦੇ ਜਿਉਂਦੇ ਜੀਅ ਉਹ ਪੂਰਾ ਹੋ ਜਾਂਦਾ। ਖ਼ੈਰ ਅਜਿਹੇ ਲੇਖਕ ਕਦੇ ਨਹੀਂ ਮਰਦੇ, ਉਹ ਸਦਾ ਪਾਠਕਾਂ ਦੇ ਚੇਤਿਆਂ ਵਿਚ ਜਿਉਂਦੇ ਰਹਿੰਦੇ ਹਨ।”
ਅਸਲ ਵਿਚ ਬੂਟਾ ਸਿੰਘ ਸ਼ਾਦ ਜਸਵੰਤ ਸਿੰਘ ਕੰਵਲ ਦੇ ਰੁਮਾਂਚਿਕ ਨਾਵਲਾਂ ਤੋਂ ਪ੍ਰੇਰਤ ਸੀ ਪਰ ਰੁਮਾਂਚਿਕ ਹੋਣ ਨਾਲ ਸੈਕਸੀ ਤੜਕਾ ਲਾਉਣ `ਚ ਉਹ ਮੰਟੋ, ਗਾਰਗੀ ਤੇ ਖ਼ੁਸ਼ਵੰਤ ਸਿੰਘ ਨੂੰ ਵੀ ਮਾਤ ਪਾਉਂਦਾ ਸੀ। ਉਹਦੇ ਨਾਵਲ, ਕਾਮਕ ਕੜਾਹੀ `ਚੋਂ ਨਿਕਲਦੇ ਗਰਮ ਕਰਾਰੇ ਪਕੌੜਿਆਂ ਵਾਂਗ ਵਿਕਦੇ ਰਹੇ ਜਿਨ੍ਹਾਂ ਦੇ ਸਿਰ `ਤੇ ਉਹਦੇ ਪ੍ਰਕਾਸ਼ਕਾਂ ਨੇ ਬੱਸ ਅੱਡਿਆਂ ਦੇ ਖੋਖਿਆਂ `ਚੋਂ ਨਿਕਲ ਕੇ ਪ੍ਰਕਾਸ਼ਨ ਹਾਊਸ ਖੋਲ੍ਹ ਲਏ ਤੇ ਕੋਠੀਆਂ ਉਸਾਰ ਲਈਆਂ।
ਪ੍ਰਕਾਸ਼ਕਾਂ ਨੇ ਉਹਤੋਂ ਉੱਤੋੜੁਤੀ ਦਰਜਨਾਂ ਨਾਵਲ ਤੇ ਕਹਾਣੀ ਸੰਗ੍ਰਹਿ ਲਿਖਵਾਏ ਜੋ ਉਸ ਨੇ ਸੋਲਾਂ ਸੋਲਾਂ ਘੰਟੇ ਲਗਾਤਾਰ ਕਲਮ ਚਲਾ ਕੇ ਸੋਲਾਂ ਦਿਨਾਂ `ਚ ਲਿਖ ਦਿੱਤੇ। ਕਈ ਤਾਂ ਹਫ਼ਤੇ ਦਸ ਦਿਨਾਂ `ਚ ਹੀ ਗੱਡੀ ਚਾੜ੍ਹੇ। ਤੇਜ਼ ਲਿਖਣ ਦਾ ਉਹ ਉਲੰਪਿਕ ਚੈਂਪੀਅਨ ਸੀ! ਉਹ ਅਨੇਕਾਂ ਗੱਲਾਂ ਵਿਚ ਅਲੋਕਾਰ ਲੇਖਕ ਸੀ ਜੋ ਅਲੋਕਾਰ ਜੀਵਨ ਜਿਉਂ ਕੇ ਚਲਾ ਗਿਆ। ਉਹਦੀ ਗਲਪਕਾਰੀ ਦੀ ਅਸਲੀ ਪਰਖ ਪੜਚੋਲ ਹੋਣੀ ਅਜੇ ਬਾਕੀ ਹੈ। ਉਸ ਦੀਆਂ ਪੁਸਤਕਾਂ ਦੇ ਕੁਝ ਨਾਂ ਹਨ: ਕਾਲੀ ਬੋਲੀ ਰਾਤ, ਹੀਰੋ, ਤੇਰਾ ਕੀਆ ਮੀਠਾ ਲਾਗੇ, ਰੂਹ ਦੇ ਹਾਣੀ, ਮਿੱਤਰ ਪਿਆਰੇ ਨੂੰ, ਪਾਪੀ ਪਾਪ ਕਮਾਂਵਦੇ, ਬਾਝ ਭਰਾਵਾਂ ਸੱਕਿਆਂ, ਮੇਰੀ ਮਹਿੰਦੀ ਦਾ ਰੰਗ ਉਦਾਸ, ਬੰਜਰ ਧਰਤੀ ਟਹਿਕਦਾ ਫੁੱਲ, ਅੱਖਾਂ ਦੇਖ ਨਾ ਰੱਜੀਆਂ, ਲਾਲੀ, ਰੰਗ ਤਮਾਸ਼ੇ, ਰਾਤਾਂ ਕਾਲੀਆਂ `ਕੱਲੀ ਨੂੰ ਡਰ ਆਵੇ, ਅੱਧੀ ਰਾਤ ਪਹਿਰ ਦਾ ਤੜਕਾ, ਕੁੱਤਿਆਂ ਵਾਲੇ ਸਰਦਾਰ, ਮੁੱਲ ਵਿਕਦਾ ਸੱਜਣ, ਇਸ਼ਕ, ਦੁੱਖਾਂ ਵਾਲਿਆਂ ਨੂੰ ਗੱਲਾਂ ਸੁਖ ਦੀਆਂ ਕਿੱਸੇ ਜੋੜ ਜਹਾਨ ਸੁਣਾਂਵਦਾ ਈ, ਗੋਰਾ ਰੰਗ ਟਿੱਬਿਆਂ ਦਾ ਰੇਤਾ, ਸੈਦਾਂ ਜੋਗਣ, ਮੋਰਨੀ, ਖੱਟ ਕੇ ਲਿਆਂਦਾ ਟੱਲ, ਕੱਚੀ ਸੜਕ ਦਾ ਗੀਤ ਅਤੇ ਫਿਲਮਾਂ ਕੁੱਲੀ ਯਾਰ ਦੀ, ਸੱਚਾ ਤੇਰਾ ਰੂਪ, ਧਰਤੀ ਸਾਡੀ ਮਾਂ, ਗਿੱਧਾ, ਵੈਰੀ, ਲਾਲੀ, ਸੈਦਾਂ ਜੋਗਣ, ਮਿੱਤਰ ਪਿਆਰੇ ਨੂੰ, ਕੋਰਾ ਬਦਨ ਤੇ ਨਿਸ਼ਾਨ ਆਦਿ।
ਮੈਂ ਉਹਦੇ ਭਤੀਜੇ ਐਡਵੋਕੇਟ ਅਜਾਇਬ ਸਿੰਘ ਬਰਾੜ ਨੂੰ ਅਫਸੋਸ ਦਾ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਨਾਵਲ ਪੂਰਾ ਕਰ ਰਿਹਾ ਸੀ। ਕਣੀਆਂ ਪਈਆਂ, ਨੰਗੇ ਸਿਰ ਠੰਢ ਲੱਗ ਗਈ ਤੇ ਸੈਰ ਕਰਦੇ ਸ਼ਾਦ ਸਾਹਿਬ ਨੂੰ ਧੁਰ ਦਰਗਾਹੋਂ ਸੱਦਾ ਆ ਗਿਆ। 3 ਮਈ ਨੂੰ ਉਹਦਾ ਸਸਕਾਰ ਹੋਇਆ ਤੇ 11 ਮਈ ਨੂੰ ਮੰਡੀ ਏਲਨਾਬਾਦ ਨੇੜੇ ਕੁੰਭਥਲਾਂ `ਚ ਹੀ ਭੋਗ ਪਿਆ। ਇਹੋ ਹੋਣੀ ਸੀ ਸਾਡੇ ਮਿੱਤਰ ਪਿਆਰੇ ‘ਰੋਹੀ ਦੇ ਭੌਰ’ ਬੂਟਾ ਸਿੰਘ ਸ਼ਾਦ ਦੀ। ਜੀਵਨ ਦਾ ਤੱਤ ਸਾਰ ਇਹੋ ਹੈ:

ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ।

ਸ਼ਾਦ ਵਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਜੁਲਾਈ 1982 ਵਿਚ ਲਿਖੇ ਪੱਤਰ ਦੀ ਕਾਪੀ-