ਮਿਊਂਸਪਲ ਪੁਲਿਸ ਬਨਾਮ ਆਰ ਸੀ ਐਮ ਪੀ ਮੁੱਦਾ..
-ਸੁਖਵਿੰਦਰ ਸਿੰਘ ਚੋਹਲਾ…….
ਬੀਤੇ ਸ਼ੁੱਕਰਵਾਰ ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਅਤੇ ਸੋਲਿਸਟਰ ਜਨਰਲ ਮਾਈਕ ਫਾਰਨਵਰਥ ਵਲੋਂ ਸਰੀ ਪੁਲਿਸ ਬਨਾਮ ਆਰ ਸੀ ਐਮ ਪੀ ਦੇ ਮੁੱਦੇ ਉਪਰ ਸਰਕਾਰ ਦੀ ਮਨਸ਼ਾ ਜਾਹਰ ਕਰਦਿਆਂ ਸਿਟੀ ਕੌਂਸਲ ਨੂੰ ਮਿਊਂਸਪਲ ਪੁਲਿਸ ਦੀ ਕਾਇਮੀ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਕੀਤੀ ਗਈ ਸਿਫਾਰਸ਼ ਤੋਂ ਇੰਜ ਲੱਗਦਾ ਸੀ ਕਿ ਲੰਬੇ ਸਮੇਂ ਤੋ ਲਟਕਿਆ ਆ ਰਿਹਾ ਮੁੱਦਾ ਸੁਲਝ ਗਿਆ ਹੈ ਪਰ ਹਾਲਾਤੇ ਮੰਜ਼ਰ ਮੁੱਦਾ ਹੋਰ ਲਟਕਣ ਤੇ ਪੇਚੀਦਾ ਹੋਣ ਦੇ ਨਾਲ ਵੰਡੀਆਂ ਵਧਾਉਣ ਵੱਲ ਇਸ਼ਾਰਾ ਕਰਦੇ ਹਨ।
ਜਨਤਕ ਸੁਰੱਖਿਆ ਮੰਤਰੀ ਵਲੋਂ ਭਾਵੇਂ ਲੰਬੇ ਸਮੇਂ ਤੋ ਲਟਕਦੇ ਆ ਰਹੇ ਇਸ ਮਸਲੇ ਦੇ ਹੱਲ ਲਈ ਸਰਕਾਰ ਦੀ ਰਾਇ ਨੂੰ ਸਿਫਾਰਸ਼ ਦਾ ਨਾਮ ਦਿੱਤਾ ਗਿਆ ਹੈ ਪਰ ਸਪੱਸ਼ਟ ਰੂਪ ਸਰਕਾਰ ਨੇ ਸ਼ਹਿਰ ਵਿਚ ਮਿਊਂਸਪਲ ਪੁਲਿਸ ਦੀ ਕਾਇਮੀ ਦੇ ਪੱਖ ਵਿਚ ਆਪਣਾ ਫੈਸਲਾ ਸੁਣਾਇਆ ਹੈ ਤੇ ਨਾਲ ਹੀ ਇਸ ਪ੍ਰਕਿਰਿਆ ਨੂੰ ਸੁਖਾਵੇਂ ਢੰਗ ਨੇਪਰੇ ਚਾੜਨ ਲਈ ਵਿੱਤੀ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਹੈ। ਜਿਵੇਂ ਕਿ ਸਮਝਿਆ ਜਾਂਦਾ ਸੀ ਕਿ ਸਰਕਾਰ ਇਸ ਮੁੱਦੇ ਦਾ ਕੋਈ ਸੁਖਦਾਈ ਤੇ ਸਰਬ ਪ੍ਰਵਾਨਿਤ ਹੱਲ ਕਰਨ ਦੀ ਤਜਵੀਜ਼ ਪੇਸ਼ ਕਰੇਗੀ, ਅਜਿਹਾ ਕੁਝ ਨਹੀ ਵਾਪਰਿਆ। ਅਗਰ ਵਾਪਰਿਆ ਹੈ ਤਾਂ ਇਸ ਮੁੱਦੇ ਉਪਰ ਸ਼ਹਿਰੀਆਂ ਵਿਚਾਲੇ ਵੰਡ ਤੇ ਕੁੜੱਤਣ ਦੇ ਆਸਾਰ ਹੋਰ ਵਧ ਗਏ ਹਨ। ਮਿਊਂਸਪਲ ਪੁਲਿਸ ਦੇ ਪੱਖ ਵਿਚ ਮੁਹਿੰਮ ਚਲਾਉਣ ਵਾਲੇ ਲੋਕ ਇਸ ਫੈਸਲੇ ਨੂੰ ਆਪਣੀ ਜਿੱਤ ਵਾਂਗ ਲੈਂਦੇ ਹੋਏ ਖੁਸ਼ੀ ਪ੍ਰਗਟ ਕਰ ਰਹੇ ਹਨ ਜਦਕਿ ਆਰ ਸੀ ਐਮ ਪੀ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਚਾਹਵਾਨ ਲੋਕ ਸਰਕਾਰ ਦੇ ਫੈਸਲੇ ਤੋਂ ਨਾਖੁਸ਼ ਹੋਣ ਦੇ ਨਾਲ ਇਸਨੂੰ ਸਿਆਸਤ ਤੋ ਪ੍ਰੇਰਿਤ ਵੀ ਆਖ ਰਹੇ ਹਨ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਵੀ ਸਰਕਾਰ ਦੀ ਸਿਫਾਰਸ਼ ਨੂੰ ਸਿਆਸਤ ਤੋ ਪ੍ਰੇਰਿਤ ਦਸਦਿਆਂ ਠੋਕ ਵਜਾਕੇ ਕਿਹਾ ਹੈ ਕਿ ਸਿਟੀ ਆਰ ਸੀ ਐਮ ਪੀ ਨੂੰ ਅਧਿਕਾਰਤ ਪੁਲਿਸ ਸਰਵਿਸ ਬਣਾਈ ਰੱਖਣ ਦੇ ਆਪਣੇ ਫੈਸਲੇ ਤੇ ਕਾਇਮ ਰਹੇਗਾ| ਉਹਨਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਪੇਸ਼ ਕੀਤੀ ਰਿਪੋਰਟ ਨੇ ਸ਼ਹਿਰ ਵਿਚ ਪੁਲਿਸ ਬਾਰੇ ਉਨ੍ਹਾਂ ਦਾ ਮਨ ਨਹੀਂ ਬਦਲਿਆ| ਉਹਨਾਂ ਦੇ ਪ੍ਰਤੀਕਰਮ ਦੀ ਤੀਬਰਤਾ ਨੂੰ ਇਸ ਗੱਲ ਤੋ ਵਾਚਿਆ ਜਾ ਸਕਦਾ ਹੈ ਕਿ ਉਹਨਾਂ ਨੇ ਸਰਕਾਰ ਦੀ 148 ਸਫ਼ਿਆਂ ਦੀ ਰਿਪੋਰਟ ਨੂੰ ਸ਼ਹਿਰ ਵਾਸੀਆਂ ਦਾ ਨਿਰਾਦਰ ਦੱਸਿਆ ਹੈ|ਉਹਨਾਂ ਦੀ ਦਲੀਲ ਹੈ ਕਿ ਸ਼ਹਿਰ ਵਿਚ ਕਿਹੜੀ ਪੁਲਿਸ ਫੋਰਸ ਰੱਖਣੀ ਹੈ ਇਹ ਫੈਸਲਾ ਸਿਟੀ ਕੌਂਸਲ ਦਾ ਹੁੰਦਾ ਹੈ ਤੇ ਇਹ ਫੈਸਲਾ ਸਿਟੀ ਕੌਂਸਲ ਬਹੁਮਤ ਨਾਲ ਪਾਸ ਕਰ ਚੁੱਕੀ ਹੈ। ਇਸੇ ਦੌਰਾਨ ਸਾਬਕਾ ਮੇਅਰ ਡੱਗ ਮੈਂਕਲਮ ਨੇ ਬੀ ਸੀ ਸਰਕਾਰ ਦੇ ਫੈਸਲੇ ਨੂੰ ਆਪਣੀ ਜਿੱਤ ਕਰਾਰ ਦਿੰਦਿਆਂ ਮਿਊਂਪਲ ਪੁਲਿਸ ਟਰਾਂਜੀਸ਼ਨ ਨੂੰ ਸਿਰੇ ਚਾੜਨ ਦੀ ਮੰਗ ਕੀਤੀ ਹੈ। ਸਰੀ ਪੁਲਿਸ ਦੇ ਮੁਖੀ ਨੇ ਸਰਕਾਰ ਦੀ ਸਿਫਾਰਸ਼ ਉਪਰ ਰਾਹਤ ਮਹਿਸੂਸ ਕਰਦਿਆਂ ਆਸ ਪ੍ਰਗਟਾਈ ਹੈ ਕਿ ਸਰੀ ਮੇਅਰ ਆਪਣੀ ਜਿਦ ਛੱਡ ਦੇਵੇਗੀ ਤੇ ਨਵੀ ਪੁਲਿਸ ਫੋਰਸ ਦੀ ਕਾਇਮੀ ਲਈ ਰਾਹ ਪੱਧਰਾ ਹੋ ਜਾਵੇਗਾ।
ਇਸ ਮੁੱਦੇ ਉਪਰ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਸਰੀ ਦੀ ਪੁਲਿਸ ਟਰਾਂਜ਼ੀਸ਼ਨ ਦਾ ਮੁੱਦਾ ਬਹੁਤ ਲੰਬਾ ਖਿੱਚਿਆ ਗਿਆ ਹੈ ਅਤੇ ਇਸ ਨੂੰ ਜਿੰਨਾ ਛੇਤੀ ਸੰਭਵ ਹੋਵੇ ਬੰਦ ਕਰਨ ਦੀ ਲੋੜ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰੀ ਦੀ ਮੇਅਰ ਬਰੈਂਡਾ ਲੌਕ ਨਾਲ ਦੋ ਵਾਰ ਉਸਾਰੂ ਗੱਲਬਾਤ ਕੀਤੀ ਹੈ ਜਿਹੜੀ ਸੋਧੀ ਹੋਈ ਰਿਪੋਰਟ ਨਾਲ ਨਾਰਾਜ਼ ਹੋ ਗਈ ਲਗਦੀ ਹੈ ਜਦਕਿ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਦਾ ਇਹ ਜੋਰਦਾਰ ਪੱਖ ਹੈ ਕਿ ਸਰੀ ਵਿਚ ਆਰ ਸੀ ਐਮ ਪੀ ਦੀਆਂ ਸੇਵਾਵਾਂ ਕਾਇਮ ਰੱਖਣ ਦੀ ਬਜਾਏ ਸਰੀ ਪੁਲਿਸ ਸਰਵਿਸ ਟਰਾਂਜ਼ੀਸ਼ਨ ਦਾ ਕੰਮ ਮੁਕੰਮਲ ਕੀਤਾ ਜਾਵੇ | ਪ੍ਰੀਮੀਅਰ ਦਾ ਵਿਚਾਰ ਹੈ ਕਿ ਸ਼ਹਿਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜਿੰਨੀ ਜਲਦ ਹੋ ਸਕੇ ਬਹਿਸ ਬੰਦ ਕਰਕੇ ਅੱਗੇ ਵਧਣ ਦੀ ਲੋੜ ਹੈ| ਇਕ ਸਿਟੀ ਕੌਂਸਲਰ ਨੇ ਇਸ ਮੁੱਦੇ ਉਪਰ ਰਾਇਸ਼ੁਮਾਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਸਰਕਾਰ ਤੇ ਸਿਆਸੀ ਆਗੂਆਂ ਦਾ ਆਪੋ ਆਪਣਾ ਪੱਖ ਹੈ ਪਰ ਸ਼ਾਇਦ ਸਚਾਈ ਵੀ ਇਹ ਹੈ ਕਿ ਇਹ ਮੁੱਦਾ ਸ਼ੁਰੂ ਤੋ ਹੀ ਲੋਕ ਸੁਰੱਖਿਆ ਨੂੰ ਪਹਿਲ ਦੇਣ ਦੀ ਬਿਜਾਏ ਸਿਆਸੀ ਖੇਡ ਵਿਚ ਹੀ ਉਲਝਿਆ ਆ ਰਿਹਾ ਹੈ। ਸਰੀ ਵਿਚ ਗੈਂਗਵਾਰ ਕਾਰਣ ਨਿੱਤ ਹੋ ਰਹੀਆਂ ਮੌਤਾਂ ਤੇ ਜਨਤਕ ਸੁਰੱਖਿਆ ਨੂੰ ਲੈਕੇ ਚਿੰਤਾ ਪ੍ਰਗਟ ਕਰਦਿਆਂ ਸਰੀ ਦੀ ਆਪਣੀ ਪੁਲਿਸ ਫੋਰਸ ਸਥਾਪਿਤ ਕੀਤੇ ਜਾਣ ਦੀ ਮੰਗ ਅਤੇ ਮੁਹਿੰਮ ਤੋ ਲੈਕੇ ਆਰ ਸੀ ਐਮ ਪੀ ਦੇ ਕੰਮ ਕਾਜ ਤੇ ਵਿਹਾਰ ਦੀ ਆਲੋਚਨਾ ਦੇ ਨਾਲ ਸਿਆਸੀ ਮੁਫਾਦਾਂ ਤਹਿਤ ਤਰਜੀਹਾਂ ਨੇ ਇਸ ਮਸਲੇ ਨੂੰ ਪੇਚੀਦਾ ਬਣਾਉਣ ਵਿਚ ਕੋਈ ਕਸਰ ਨਹੀ ਛੱਡੀ। ਇਹ ਗੱਲ ਕੋਈ ਲੁਕੀ ਛੁਪੀ ਨਹੀ ਕਿ ਪਹਿਲਾਂ ਇਕ ਧਿਰ ਨੇ ਮਿਊਂਸਪਲ ਪੁਲਿਸ ਦੀ ਕਾਇਮੀ ਦੇ ਮੁੱਦੇ ਉਪਰ ਸਿਟੀ ਦੀ ਸੱਤਾ ਹਾਸਲ ਕੀਤੀ ਤੇ ਫਿਰ ਦੂਸਰੀ ਧਿਰ ਨੇ ਆਰ ਸੀ ਐਮ ਪੀ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਨਾਮ ਉਪਰ ਵੀ ਉਹੀ ਖੇਡ ਖੇਡੀ।
ਦੋਵਾਂ ਸਿਆਸੀ ਧਿਰਾਂ ਦਾ ਆਪੋ ਆਪਣਾ ਏਜੰਡਾ ਤਾਂ ਸਭ ਦੇ ਸਾਹਮਣੇ ਹੈ ਪਰ ਸਵਾਲ ਹੈ ਕਿ ਜਨਤਕ ਸੁਰੱਖਿਆ ਦਾ ਮੁੱਦਾ ਕਿਥੇ ਹੈ। ਕੀ ਸ਼ਹਿਰ ਦੀਆਂ ਗਲੀਆਂ ਵਿਚ ਨਿਤ ਦਿਨ ਗੋਲੀਬਾਰੀ ਤੇ ਕਤਲਾਂ ਦੀਆਂ ਘਟਨਾਵਾਂ ਬੰਦ ਹੋ ਗਈਆਂ ਹਨ। ਆਮ ਸ਼ਹਿਰੀ ਦੀ ਸੁਰੱਖਿਆ ਕਿੱਥੇ ਹੈ। ਆਮ ਸ਼ਹਿਰੀ ਲਈ ਅੱਜ ਵੀ ਇਹ ਸਵਾਲ ਅਹਿਮ ਹੈ।