Headlines

ਈ ਦੀਵਾਨ ਸੁਸਾਇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਆਯੋਜਿਤ

ਕੈਲਗਰੀ ( ਗੁਰਦੀਸ਼ ਕੌਰ ਗਰੇਵਾਲ)- ਸਿੱਖਾਂ ਨੇ ਆਪਣੀ ਯੋਗਤਾ ਅਤੇ ਜੱਦੋ ਜਹਿਦ ਸਦਕਾ, ਵਿਦੇਸ਼ਾਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ। ਸਿੱਟੇ ਦੇ ਤੌਰ ਤੇ, ਕੈਨੇਡਾ ਅਮਰੀਕਾ ਵਿਖੇ, ਅਪ੍ਰੈਲ ਦਾ ਮਹੀਨਾ ਸਰਕਾਰੀ ਤੌਰ ਤੇ ‘ਸਿੱਖ ਵਿਰਾਸਤੀ ਮਹੀਨਾ’ ਐਲਾਨਿਆ ਗਿਆ ਹੈ ਅਤੇ ਇਸ ਮਹੀਨੇ ਵੱਖ ਵੱਖ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ। ਇਸੇ ਲੜੀ ਤਹਿਤ ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ ਵੀ, 29 ਅਪ੍ਰੈਲ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ 10 ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਜਿਹਨਾਂ ਨੇ- ਖਾਲਸਾ ਪੰਥ, ਦਸਤਾਰ, ਸਿੱਖੀ ਅਤੇ ਦਸ਼ਮੇਸ਼ ਪਿਤਾ ਦੀ ਲਾਸਾਨੀ ਸ਼ਖਸੀਅਤ ਤੇ ਗੀਤ ਤੇ ਕਵਿਤਾਵਾਂ ਸੁਣਾ ਕੇ ਵਿਸਾਖੀ ਨੂੰ ਯਾਦ ਕੀਤਾ।

ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਜੀ ਦੂਰੋਂ ਨੇੜਿਉਂ ਪਹੁੰਚੇ, ਸਮੂਹ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਿਹਾ ਤੇ ਸਭਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਜਗਬੀਰ ਸਿੰਘ ਜੀ ਨੇ ਟੋਰੰਟੋ ਵਾਲੇ ਬੱਚਿਆਂ ਨੂੰ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ। ਬੱਚੀਆਂ ਅਮਿਤੋਜ਼ ਕੌਰ ਤੇ ਅਨੁਰੀਤ ਕੌਰ ਨੇ, ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸ਼ਬਦ ਸਰਵਣ ਕਰਾਇਆ ਅਤੇ ਜੈਪੁਰ ਤੋਂ ਆਏ- ਬ੍ਰਿਜਮਿੰਦਰ ਕੌਰ ਜੀ ਨੇ ਇੱਕ ਕਵਿਤਾ ਦੀ ਸਾਂਝ ਪਾਈ। ਉਸ ਤੋਂ ਬਾਅਦ ਗੁਰਦੀਸ਼ ਕੌਰ ਗਰੇਵਾਲ ਨੇ, ਮੰਚ ਸੰਚਾਲਨ ਦੀ ਸੇਵਾ ਸੰਭਾਲੀ ਤੇ ਕਵੀਆਂ ਦੀ ਜਾਣ ਪਛਾਣ ਕਰਾਉਂਦਿਆਂ, ਵਾਰੋ ਵਾਰੀ ਸਭ ਨੂੰ ਮੰਚ ਤੇ ਸੱਦਾ ਦਿੱਤਾ। ਕਵੀ ਦਰਬਾਰ ਦੀ ਆਰੰਭਤਾ ਕਰਦਿਆਂ ਉਹਨਾਂ ਕਿਹਾ ਕਿ- ‘ਦੁਨੀਆਂ ਦੀ ਕਿਸੇ ਕੌਮ ਨੂੰ ਆਪਣਾ ਜਨਮ ਦਿਹਾੜਾ ਪਤਾ ਨਹੀਂ- ਪਰ ਇੱਕ ਸਾਡੀ ਕੌਮ ਹੈ ਜਿਸ ਨੂੰ ਪਤਾ ਹੈ ਕਿ- ਸਾਡਾ ਜਨਮ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ ਅਤੇ ਸਾਡੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਮਾਤਾ ਸਾਹਿਬ ਕੌਰ ਜੀ ਹਨ!’ ਨਾਲ ਹੀ ਉਹਨਾਂ ਚਾਰ ਸਤਰਾਂ ‘ਸਿੱਖੀ ਦੀ ਫੁੱਲਵਾੜੀ’ ਤੇ ਸਾਂਝੀਆਂ ਕੀਤੀਆਂ।

ਇਸ ਕਵੀ ਦਰਬਾਰ ਵਿੱਚ, ਐਡਮੰਟਨ ਤੋਂ ਪਹੁੰਚੇ ਨੌਜਵਾਨ ਸ਼ਾਇਰ ਭੁਪਿੰਦਰਪਾਲ ਸਿੰਘ ਰੰਧਾਵਾ ਨੇ ਇੱਕ ਸ਼ਿਅਰ ਤੇ ਆਪਣਾ ਲਿਖਿਆ ਗੀਤ- ‘ਉਦੋਂ ਗੁਰੂ ਗੋਬਿੰਦ ਸਿੰਘ ਨੇ, ਖਾਲਸਾ ਸਾਜੀ ਕੌਮ ਨਿਆਰੀ’ ਬੁਲੰਦ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹ ਦਿੱਤਾ। ਉਤਰਾਖੰਡ ਤੋਂ ਆਈ ਪੰਥਕ ਸ਼ਾਇਰਾ ਸਰਬਜੀਤ ਕੌਰ ਸਰਬ ਨੇ ਪਹਿਲਾਂ ਆਪਣੇ ਉਸਤਾਦ ਕਰਮਜੀਤ ਸਿੰਘ ਨੂਰ ਦਾ ਸ਼ਿਅਰ ਪੜ੍ਹਿਆ ਤੇ ਫਿਰ ਆਪਣੀ ਬੈਂਤ ਛੰਦ ਵਿੱਚ ਲਿਖੀ ਕਵਿਤਾ- ‘ਸਾਨੂੰ ਚੁੱਕ ਕੇ ਜ਼ਿਮੀ ਤੋਂ ਜ਼ਰਿਆਂ ਨੂੰ, ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ੀ’ ਸੰਗਤ ਨਾਲ ਸਾਂਝੀ ਕੀਤੀ। ਟੋਰੰਟ ਤੋਂ ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਨੇ ਗੁਰਦੀਸ਼ ਕੌਰ ਦਾ ਲਿਖਿਆ ਗੀਤ, ‘ਆ ਨੀ ਵਿਸਾਖੀਏ’ ਸੰਗੀਤਬੱਧ ਕਰਕੇ ਮਹੌਲ ਸੁਰਮਈ ਬਣਾ ਦਿੱਤਾ। ਜੰਡਿਆਲਾ ਗੁਰੂ ਤੋਂ ਆਏ ਨਾਮਵਰ ਪੰਥਕ ਸ਼ਾਇਰ ਦਵਿੰਦਰ ਸਿੰਘ ਭੋਲਾ ਨੇ ਗੀਤ- ‘ਸਿਜਦਾ ਲੱਖ ਲੱਖ ਵਾਰ ਕਰਾਂ, ਦਸ਼ਮੇਸ਼-ਪੁੱਤਾਂ ਦੇ ਦਾਨੀ ਨੂੰ’ ਅਤੇ ਲੁਧਿਆਣੇ ਤੋਂ ਨੰਜਵਾਨ ਗਾਇਕ ਪਰਮਿੰਦਰ ਸਿੰਘ ਅਲਬੇਲਾ ਨੇ ਆਪਣਾ ਗੀਤ- ‘ਪੱਗ ਬੰਨ੍ਹਣੀ, ਪੱਗ ਬੰਨ੍ਹਣੀ ਹੈ, ਪਹਿਚਾਣ ਖਾਲਸੇ ਦੀ’ ਸੰਗਤ ਨਾਲ ਸਾਂਝੇ ਕੀਤੇ।

ਟੋਰੰਟੋ ਤੋਂ ਆਈ ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਭਵਾਨੀ ਛੰਦ ‘ਚ ਲਿਖੀ ਕਵਿਤਾ- ‘ਆਪੇ ਗੁਰ ਚੇਲਾ, ਖਾਲਸਾ ਸਜਾਇਆ ਜੀ’ ਨਾਲ ਸਾਂਝ ਪਾਈ ਜਦ ਕਿ ਸਿਆਟਲ ਤੋਂ ਪਹੁੰਚੇ ਸਾਧੂ ਸਿੰਘ ਝੱਜ ਨੇ-‘ਜੋ ਲੱਖਾਂ ਚੋਂ ਪਹਿਚਾਣੀ ਜਾਂਦੀ, ਕੌਮ ਐਸੀ ਤੂੰ ਸਜਾ ਗਿਆ’ ਅਤੇ ਇਥੋਂ ਹੀ ਆਏ ਨਾਮਵਰ ਸ਼ਾਇਰ ਅਵਤਾਰ ਸਿੰਘ ਆਦਮਪੁਰੀ ਨੇ- ‘ਪੰਜ ਪਿਆਰਿਆਂ ‘ਚੋਂ ਹੁੰਦੇ ਮੈਨੂੰ ਗੁਰੂ ਦੇ ਦੀਦਾਰੇ’ ਸੁਰੀਲੀ ਆਵਾਜ਼ ਵਿੱਚ ਸਾਂਝੀ ਕੀਤੀ। ਟੋਰੰਟੋ ਤੋਂ ਆਏ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਨੇ ਗੀਤ- ‘ਇਹ ਸਿੱਖੀ ਦੀ ਸ਼ਾਨ ਹੈ, ਦਸਤਾਰ ਸਜਾ ਲੈ’ ਤਰੰਨਮ ‘ਚ ਸੁਣਾ ਕੇ ਦਸਤਾਰ ਦੀ ਮਹੱਤਤਾ ਨੂੰ ਦਰਸਾਇਆ ਜਦ ਕਿ- ਕੈਲਗਰੀ ਤੋਂ ਖੋਜੀ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ- ‘ਇੱਕ ਸੀਸ ਹੋਰ ਚਾਹੀਦਾ, ਕੋਈ ਸੂਰਮਾ ਮੈਦਾਨ ਵਿੱਚੋਂ ਨਿੱਤਰੇ’ ਕਵੀਸ਼ਰੀ ਨੂੰ ਬੁਲੰਦ ਆਵਾਜ਼ ਵਿੱਚ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਸੰਗਤ ਦੀ ਬੇਨਤੀ ਤੇ ਹੋਸਟ ਗੁਰਦੀਸ਼ ਕੌਰ ਗਰੇਵਾਲ ਨੇ ਵੀ ਆਪਣੀ ਕਵਿਤਾ ‘ਖਾਲਸਾ’ ਸੰਗਤ ਨਾਲ ਸਾਂਝੀ ਕੀਤੀ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਵੀ ਕੀਤੀ। ਸੰਗਤ ਨੇ ਜੈਕਾਰਿਆਂ ਰਾਹੀਂ ਇਸ ਕਵੀ ਦਰਬਾਰ ਨੂੰ ਭਰਪੂਰ ਹੁੰਗਾਰਾ ਦਿੱਤਾ।

ਜਗਬੀਰ ਸਿੰਘ ਨੇ ਸਮੂਹ ਕਵੀਆਂ ਦਾ ਧੰਨਵਾਦ ਕੀਤਾ। ਸੰਗਤ ਵਿਚੋਂ ਡਾ. ਸੁਰਜੀਤ ਸਿੰਘ ਭੱਟੀ ਨੇ ਅਤੇ ਜਸਵੀਰ ਕੌਰ ਗਿੱਲ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਗੋਬਿੰਦ ਸਿੰਘ ਨੂੰ ਸਿਜਦਾ ਕੀਤਾ। ਸਮਾਗਮ ਦੀ ਸਮਾਪਤੀ ਤੇ ਕੈਲਗਰੀ ਤੋਂ ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਆਨੰਦ ਸਾਹਿਬ ਪੜ੍ਹਿਆ ਅਤੇ ਅਰਦਾਸ ਦੀ ਸੇਵਾ ਜਗਬੀਰ ਸਿੰਘ ਜੀ ਨੇ ਨਿਭਾਈ। ਸੋ ਇਸ ਤਰ੍ਹਾਂ ਸਰੋਤਿਆਂ ਤੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਇਹ ਕਵੀ ਦਰਬਾਰ ਸੰਪਨ ਹੋਇਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੈਲਗਰੀ
ਸੰਪਰਕ: +1 403 404 1450