Headlines

ਐਬਟਸਫੋਰਡ ਸ਼ੋਅ ਦੀ ਸਫਲਤਾ ਨੇ ਹਰਭਜਨ ਮਾਨ ਦਾ ਮਾਣ ਵਧਾਇਆ…

ਐਬਟਸਫੋਰਡ (ਦੇ ਪ੍ਰ ਬਿ)—ਬੀਤੇ ਸ਼ਨੀਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਮਾਨ ਦੇ ਐਬਟਸਫੋਰਡ ਈਵੈਂਟ ਸੈਂਟਰ ਵਿਖੇ ਹੋਏ ਸ਼ੋਅ ਵਿਚ ਭਾਰੀ ਗਿਣਤੀ ਵਿਚ ਪੰਜਾਬੀ ਸਰੋਤਿਆਂ ਨੇ ਪੁੱਜਕੇ ਮਾਨ ਦਾ ਮਾਣ ਰੱਖਿਆ ਤੇ ਵਧਾਇਆ ਵੀ। ਕਿਉਂਕਿ ਇਸੇ ਦਿਨ ਹੀ ਇਕ ਹੋਰ ਉਘੇ ਤੇ ਪੰਜਾਬੀ ਸਰੋਤਿਆਂ ਵਿਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਗਾਇਕ ਸਿਰਤਾਜ ਦਾ ਵੈਨਕੂਵਰ ਵਿਚ ਸ਼ੋਅ ਸੀ। ਵੈਨਕੂਵਰ ਵਿਚ ਜੇ ਸਿਰਤਾਜ ਦਾ ਸ਼ੋਅ ਫੁੱਲ ਰਿਹਾ ਤਾਂ ਐਬਟਸਫੋਰਡ ਵਿਚ ਹਰਭਜਨ ਮਾਨ ਨੂੰ ਚਾਹੁਣ ਤੇ ਪਸੰਦ ਕਰਨ ਵਾਲੇ ਸਰੋਤਿਆਂ ਨੇ ਵੀ ਉਸਨੂੰ ਭਰਵਾਂ ਹੁੰਗਾਰਾ ਭਰਦਿਆਂ ਇਹ ਗਵਾਹੀ ਭਰੀ ਕਿ ਉਸਦਾ ਵੀ ਪੰਜਾਬੀ ਗਾਇਕੀ ਵਿਚ ਆਪਣਾ ਇਕ ਮੁਕਾਮ ਅਜੇ ਵੀ ਮਹਿਫੂਜ਼ ਹੈ।

ਸ਼ੋਅ ਦੌਰਾਨ ਸ਼ਿਆਹ ਕੁੜਤੇ ਚਾਦਰੇ ਤੇ ਸਿਤਾਰਿਆਂ ਜੜੀ ਉਨਾਬੀ ਜੈਕਟ ਵਿਚ ਸਜੇ ਹਰਭਜਨ ਮਾਨ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਦੇ ਮਨਾਂ ਤੇ ਦਸਤਕ ਦਿੱਤੀ ਤੇ ਉਹਨਾਂ ਦੇ ਮਨ ਪਸੰਦੀਦਾ ਤੇ ਸਦਾਬਹਾਰ ਗੀਤਾਂ ਨਾਲ ਮਾਹੌਲ ਨੂੰ ਸਰਸ਼ਾਰ ਕਰ ਛੱਡਿਆ। ਉਹਨਾਂ ਆਪਣੇ ਹਿੱਟ ਗੀਤਾਂ ਵਿਚ ਜੱਗ ਜਿਊਦਿਆਂ ਦੇ ਮੇਲੇ, ਜੱਗ ਜੰਕਸ਼ਨ ਰੇਲਾਂ ਦਾ ਤੋਂ ਲੈਕੇ ਗੱਲਾਂ ਗੋਰੀਆਂਂ ਦੇ ਵਿਚ ਟੋਏ.., ਕਾਲ ਜਲੰਧਰ ਤੋ…,ਤੇਰੀ ਭਿਜ ਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ…ਹਾਏ ਮੇਰੀ ਬਿੱਲੋ…, ਇਸ਼ਕੇ ਦਾ ਰੋਗ ਅਵੱਲੜਾ…, ਤੂੰ ਜਿੱਤ ਗੀ ਗਿੱਧਾ ਹਾਰ ਗਿਆ…, ਤਿੰਨ ਰੰਗ ਨਹੀ ਲੱਭਣੇ…, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਤੇ ਮੈਂ ਵਾਰੀ ਸ਼ੰਮੀ ਦੇ ਨਾਲ ਦਰਸ਼ਕਾਂ-ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਨੇ ਵੀ ਪ੍ਰਸਿੱਧ ਗੀਤਾਂ ਨੂੰ ਲੋਕ ਮਨਾਂ ਵਿਚ ਤਾਜ਼ਾ ਕਰਦਿਆਂ , ਉਹਨਾਂ ਦਾ ਸਾਥ ਦਿੱਤਾ।

ਜ਼ਿਕਰਯੋਗ ਹੈ ਕਿ ਹਰਭਜਨ ਮਾਨ ਅਜਿਹਾ ਮਾਣਮੱਤਾ ਕਲਾਕਾਰ ਹੈ ਜਿਸਨੇ ਪੰਜਾਬੀ ਗਾਇਕੀ ਦੇ ਨਾਲ ਪੰਜਾਬੀ ਸਿਨੇਮੇ ਨੂੰ ਇਕ ਨਵਾਂ ਤੇ ਖੂਬਸੂਰਤ ਮੋੜ ਦਿੰਦਿਆਂ ਪੰਜਾਬੀਆਂ ਨੂੰ ਸਿਨੇਮਾ ਘਰਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ । ਪੰਜਾਬੀ ਗਾਇਕੀ ਤੇ ਫਿਲਮਾਂ ਵਿਚ ਉਸਦੀ ਇਸ ਨਿਵੇਕਲੀ ਪਛਾਣ ਵਜੋਂ ਹੀ ਸ਼ਾਇਦ ਇਸ ਸ਼ੋਅ ਨੂੰ ਸਫਲ ਬਣਾਉਣ ਵਿਚ ਪਰਿਵਾਰਾਂ ਸਮੇਤ ਪੁੱਜੇ ਲੋਕਾਂ ਦੀ  ਭਰਵੀਂ ਸ਼ਮੂਲੀਅਤ ਹੁੰਗਾਰਾ ਬਣੀ।

ਸ਼ੋਅ ਦੇ ਮੁੱਖ ਪ੍ਰਬੰਧਕ ਦਵਿਦਰ ਕੰਗ ਨੇ ਵੱਡੀ ਗਿਣਤੀ ਵਿਚ ਪੁੱਜਣ ਵਾਲੇ ਸਰੋਤਿਆਂ ਤੇ ਪੰਜਾਬੀ ਪਿਆਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।