Headlines

ਸਚਿਤ ਮਹਿਰਾ ਕੈਨੇਡਾ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ

ਭਾਰਤੀ ਮੂਲ ਦੇ ਪੰਜਾਬੀ ਨੇ ਫੈਡਰਲ ਪਾਰਟੀ ਦਾ ਪ੍ਰਧਾਨ ਬਣਨ ਦਾ ਇਤਿਹਾਸ ਸਿਰਜਿਆ-

ਓਟਵਾ-ਭਾਰਤੀ ਮੂਲ ਦੇ ਸਚਿਤ ਮਹਿਰਾ ਲਿਬਰਲ ਪਾਰਟੀ ਆਫ ਕੈਨੇਡਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ| ਸੱਤਾਧਾਰੀ ਪਾਰਟੀ ਦੇ ਨੇਤਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ ਜਦਕਿ ਪ੍ਰਧਾਨ ਪਾਰਟੀ ਦੀ ਮੈਂਬਰਸ਼ਿਪ ਵਿਚ ਸੁਧਾਰ ਤੋਂ ਲੈ ਕੇ ਫੰਡ ਇਕੱਤਰ ਕਰਨ ਅਤੇ ਦੇਸ਼ ਭਰ ਵਿਚ ਪਾਰਟੀ ਦੇ ਢਾਂਚੇ ਨੂੰ ਕਾਇਮ ਕਰਨ ਦੀਆਂ ਸੰਗਠਨਾਤਮਿਕ ਸਰਗਰਮੀਆਂ ਲਈ ਜ਼ਿੰਮੇਵਾਰ ਹੁੰਦਾ ਹੈ| ਮਹਿਰਾ ਨੂੰ ਓਟਵਾ ਵਿਚ ਪਾਰਟੀ ਦੀ ਤਿੰਨ ਦਿਨਾਂ ਕਨਵੈਨਸ਼ਨ ਦੇ ਖਤਮ ਹੋਣ ਸਮੇਂ ਚੁਣਿਆਂ ਗਿਆ| ਉਨ੍ਹਾਂ ਪਾਰਟੀ ਦੇ ਉਪ ਪ੍ਰਧਾਨ ਮੀਰਾ ਅਹਿਮਦ ਨੂੰ ਹਰਾਇਆ ਅਤੇ ਉਹ ਸੁਜ਼ੈਨ ਕੋਵਨ ਦੀ ਥਾਂ ਲੈਣਗੇ| ਨਤੀਜੇ ਦੇ ਐਲਾਨ ਪਿੱਛੋਂ ਮਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਨੈਸ਼ਨਲ ਲਿਬਰਲ ਕਨਵੈਨਸ਼ਨ ਪਾਰਟੀ ਅਤੇ ਇਕ ਟੀਮ ਵਜੋਂ ਇਕ ਸ਼ਾਨਦਾਰ ਪਲ ਰਿਹਾ ਹੈ| ਉਹ ਤੁਹਾਡੇ ਪ੍ਰਧਾਨ ਵਜੋਂ ਸੇਵਾ ਕਰਨ ਦਾ ਮਾਣ ਮਹਿਸੂਸ ਕਰ ਰਿਹਾ ਹੈ| ਮਹਿਰਾ ਮੈਨੀਟੋਬਾ ਵਿਚ ਵਿੰਨੀਪੈਗ ਸ਼ਹਿਰ ਨਾਲ ਸਬੰਧਤ ਹਨ| ਉਨ੍ਹਾਂ ਦਾ ਪਿਛੋਕੜ ਨਵੀਂ ਦਿੱਲੀ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਦੇ ਪਿਤਾ 1960 ਦੇ ਦਹਾਕੇ ਵਿਚ ਪੜ੍ਹਾਈ ਲਈ ਨਵੀਂ ਦਿੱਲੀ ਤੋਂ ਕੈਨੇਡਾ ਆ ਗਏ ਸਨ| ਮਹਿਰਾ ਇਕ ਕਾਰੋਬਾਰੀ ਹਨ ਜਦਕਿ ਉਨ੍ਹਾਂ ਦਾ ਪਰਿਵਾਰ ਈਸਟ ਇੰਡੀਆ ਰੈਸਟੋਰੈਂਟਸ ਕੰਪਨੀ ਚਲਾਉਂਦਾ ਹੈ ਜਿਸ ਦੀ ਵਿੰਨੀਪੈਗ ਤੇ ਓਟਵਾ ਵਿਚ ਚੇਨ ਹੈ|

ਪਿਛਲੇ ਸਾਲ ਅਕਤੂਬਰ ਵਿਚ ਮਹਿਰਾ ਨੇ ਪਾਰਟੀ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਸੀ ਅਤੇ ਫੈਡਰਲ ਲਿਬਰਲ ਏਜੰਸੀ ਆਫ ਕੈਨੇਡਾ ਦੇ ਚੇਅਰ, ਲਿਬਰਲ ਪਾਰਟੀ ਆਫ ਕੈਨੇਡਾ (ਮੈਨੀਟੋਬਾ) ਦਾ ਪ੍ਰਧਾਨ ਅਤੇ ਯੰਗ ਲਿਬਰਲਜ਼ ਆਫ ਕੈਨੇਡਾ ਦੇ ਪ੍ਰਧਾਨ ਵਜੋਂ ਤਜਰਬਿਆਂ ਦਾ ਜ਼ਿਕਰ ਕੀਤਾ ਸੀ| ਆਪਣੀ ਪ੍ਰਚਾਰ ਵਾਲੀ ਵੈੱਬਸਾਈਟ ’ਤੇ ਮਹਿਰਾ ਨੇ ਆਪਣੇ ਆਪ ਨੂੰ ਕਮਿਊਨਿਟੀ ਦੀ ਤਰੱਕੀ ਵਾਲਾ, ਕਾਰੋਬਾਰੀ ਮਾਲਕ, ਮੈਨੇਜਰ, ਡੈਡ, ਪਤੀ ਅਤੇ ਇਕ ਮਾਣਮੱਤਾ ਲਿਬਰਲ ਮੈਂਬਰ, ਦਾਨੀ ਅਤੇ 32 ਸਾਲ ਤੋਂ ਵੀ ਵੱਧ ਸਮੇਂ ਤੋਂ ਪ੍ਰੇਰੀਜ਼ ਦਾ ਵਲੰਟੀਅਰ ਦੱਸਿਆ ਹੈ| ਮਹਿਰਾ 2021 ਦੀ ਬਸੰਤ ਵਿਚ ਭਾਰਤ ਵਿਚ ਆਕਸੀਜਨੇਟਰਜ਼ ਪਹੁੰਚਾਉਣ ਲਈ ਫੰਡ ਇਕੱਤਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਵੀ ਰਿਹਾ ਸੀ ਕਿਉਂਕਿ ਉਸ ਸਮੇਂ ਕੋਵਿਡ-19 ਮਹਾਂਮਾਰੀ ਦੀ ਡੈਲਟਾ ਵੇਵ ਚਲ ਰਹੀ ਸੀ| ਮਹਿਰਾ ਨੇ ਹਿੰਦੀ ਤੇ ਪੰਜਾਬੀ ਨੂੰ ਭਾਰਤੀ ਭਾਸ਼ਾਵਾਂ ਦੀ ਜਾਣਕਾਰੀ ਰੱਖਣ ਵਜੋਂ ਸੂਚੀਬੱਧ ਕੀਤਾ ਹੈ | ਜਦੋਂ 2025 ਵਿਚ ਅਗਲੀਆਂ ਫੈਡਰਲ ਚੋਣਾਂ ਹੋਣਗੀਆਂ ਤਾਂ ਮਹਿਰਾ ਪਾਰਟੀ ਸੰਗਠਨ ਦੀ ਅਗਵਾਈ ਕਰਨਗੇ|

ਇਸੇ ਦੌਰਾਨ ਸੀਨੀਅਰ ਲਿਬਰਲ ਕਾਰਕੁੰਨ ਡਾ ਗੁਲਜ਼ਾਰ ਸਿੰਘ ਚੀਮਾ, ਏਪੀ ਪੰਛੀ, ਈਕੇ ਸੇਖੋਂ ਤੇ ਸਰੀ ਸੈਂਟਰ ਤੋ ਐਮ ਪੀ ਰਣਦੀਪ ਸਿੰਘ ਸਰਾਏ ਨੇ ਸਚਿਤ ਮਹਿਰਾ ਦੇ ਪ੍ਰਧਾਨ ਚੁਣੇ ਜਾਣ  ਤੇ ਉਹਨਾਂ ਨੂੰ ਵਧਾਈ ਦਿੱਤੀ ਹੈ।