Headlines

ਜਤਿੰਦਰ ਸਿੰਘ ਗਿੱਲ ਖਿਲਾਫ ਧਾਰਮਿਕ ਵਰਕਰ ਪ੍ਰਭਜੋਤ ਸਿੰਘ ਵਲੋਂ ਲਗਾਏ ਦੋਸ਼ ਬੇਬੁਨਿਆਦ ਕਰਾਰ

ਐਬਟਸਫੋਰਡ- ਡਾਇਰੈਕਟਰ ਰੋਜ਼ਗਾਰ ਸਟੈਂਡਰਡ ਵਲੋਂ 8 ਮਈ 2023 ਨੂੰ ਦਿੱਤੇ ਗਏ ਇਕ ਫੈਸਲੇ ਵਿਚ ਗੁਰ ਸਿੱਖ ਟੈਂਪਲ ਅਤੇ ਸਿੱਖ ਹੈਰੀਟੇਜ ਮਿਊਜ਼ਮ ਸੁਸਾਇਟੀ ਦੇ ਤਤਕਾਲੀ ਸੈਕਟਰੀ ਜਤਿੰਦਰ ਸਿੰਘ ਗਿੱਲ ਖਿਲਾਫ ਕੀਤੀ ਗਈ ਸ਼ਿਕਾਇਤ ਨੂੰ ਗਲਤ ਸਬੂਤਾਂ ਅਤੇ ਪੁਖਤਾ ਤੱਥਾਂ ਦੀ ਘਾਟ ਕਾਰਣ ਰੱਦ ਕਰ ਦਿੱਤਾ ਹੈ ਤੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸ਼ਿਕਾਇਤਕਰਤਾ ਪ੍ਰਭਜੋਤ ਸਿੰਘ ਵਲੋਂ ਜੋ ਰੋਜ਼ਗਾਰ ਸਟੈੰਡਰਡ ਐਕਟ ਦੀ ਧਾਰਾ 74 ਦੀ ਉਲੰਘਣਾ ਕੀਤੇ ਜਾਣ ਅਤੇ ਰੋਜ਼ਗਾਰਦਾਤਾ ਦੁਆਰਾ ਗੁੰਮਰਾਹ ਤੇ ਧੋਖਾ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ, ਜਾਂਚ ਪੜਤਾਲ ਦੌਰਾਨ ਅਜਿਹਾ ਕੁਝ ਵੀ ਸਾਹਮਣੇ ਨਹੀ ਆਇਆ ਉਲਟਾ ਸ਼ਿਕਾਇਤ ਕਰਤਾ ਵਲੋਂ ਪੇਸ਼ ਕੀਤੀਆਂ ਗਈਆਂ ਰਸੀਦਾਂ ਨੂੰ ਵੀ ਫਰਜੀ ਕਿਹਾ ਗਿਆ ਹੈ।

ਜਿਕਰਯੋਗ ਹੈ ਕਿ ਹੈ ਕਿ ਸ਼ਿਕਾਇਤਕਰਤਾ ਪ੍ਰਭਜੋਤ ਸਿੰਘ ਨੇ ਰੋਜ਼ਗਾਰ ਮਿਆਰ ਐਕਟ (ਐਕਟ) ਦੀ ਧਾਰਾ 74 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰ ਸਿੱਖ ਟੈਂਪਲ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਸੋਸਾਇਟੀ (ਗੁਰ ਸਿੱਖ ਟੈਂਪਲ) ਨੇ ਗਲਤ ਜਾਣਕਾਰੀ ਦੇ ਕੇ ਐਕਟ ਦੀ ਉਲੰਘਣਾ ਕੀਤੀ ਹੈ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕੈਨੇਡਾ ਦੇ ਦੌਰੇ ਦੌਰਾਨ ਉਹ ਫਰਵਰੀ 2020 ਵਿਚ ਜਤਿੰਦਰ ਸਿੰਘ ਗਿੱਲ ਨੂੰ ਮਿਲਿਆ ਸੀ ਜਿਸਨੇ ਉਸਨੂੰ ਕੰਮ ਦੀ ਪੇਸ਼ਕਸ਼ ਕੀਤੀ ਸੀ। ਉਸਨੂੰ ਗੁਰ ਸਿੱਖ ਕਮੇਟੀ ਵਿੱਚ ਇੱਕ ਧਾਰਮਿਕ ਵਰਕਰ ਵਜੋਂ  ਨੌਕਰੀ ਦੀ ਪੇਸ਼ਕਸ਼ ਲਈ ਮੋਟੀ ਰਕਮ ਮੰਗੀ ਗਈ ਸੀ । ਉਸਨੇ ਮਿਸਟਰ ਗਿੱਲ ਅਤੇ ਜੇ.ਐਸ. ਨੂੰ ਇਮੀਗ੍ਰੇਸ਼ਨ ਫੀਸ ਵਜੋਂ $50,000.00 ਅਤੇ ਨਕਦ $10,000.00 ਪੇਸ਼ਗੀ ਭੁਗਤਾਨ ਕਰਨ ਦੇ ਵੀ ਦੋਸ਼ ਲਗਾਏ । ਪਰ ਇਸ ਬਦਲੇ ਉਸਨੂੰ ਕੋਈ ਨੌਕਰੀ ਨਹੀ ਦਿੱਤੀ ਗਈ ਤੇ ਉਲਟਾ ਡਿਪੋਰਟ ਕਰਵਾਉਣ ਦੀ ਧਮਕੀ ਵੀ ਦਿੱਤੀ ਗਈ। ਪਰ ਆਪਣੇ ਵਲੋਂ ਲਗਾਏ ਗਏ ਦੋਸ਼ਾਂ ਦੇ ਪੱਖ ਵਿਚ  ਉਹ ਕੋਈ ਵੀ ਦਸਤਾਵੇਜੀ ਸਬੂਤ ਪੇਸ਼ ਨਹੀ ਕਰ ਸਕਿਆ । ਉਸਨੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਜੋ ਵੀ ਗੱਲਬਾਤ ਹੋਈ ਜਤਿੰਦਰ ਗਿੱਲ ਨਾਲ ਹੋਈ। ਉਸਨੇ ਜਾਂਚ ਅਧਿਕਾਰੀ ਨੂੰ ਜੋ ਫੋਨ ਉਪਲਬਧ ਕਰਵਾਏ ਉਹ ਫੋਨ ਨੰਬਰ ਵੀ ਐਕਟਿਵ ਨਹੀ ਪਾਏ ਗਏ। ਜੋ ਦੋ ਪੇਅ ਸਟੱਬ ਪੇਸ਼ ਕੀਤੀਆਂ ਗਈਆਂ ਉਹ ਵੀ ਯੋਗ ਨਹੀ ਪਾਈਆਂ ਗਈਆਂ। ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ

ਸ਼ਿਕਾਇਤਕਰਤਾ ਨੇ ਰੋਜ਼ਗਾਰ ਸਟੈਂਡਰਡ ਸਬੰਧੀ ਜੋ ਵੀ ਸ਼ਿਕਾਇਤ ਕੀਤੀ ਸੀ, ਉਹਨਾਂ ਵਲੋਂ ਕੀਤੀ ਗਈ ਜਾਂਚ ਦੇ ਆਧਾਰ ਤੇ ਕਿਤੇ ਵੀ ਐਕਟ ਦੀ ਉਲੰਘਣਾ ਹੋਣ ਦੇ ਸਬੂਤ ਨਹੀ ਮਿਲੇ।

ਇਸੇ ਦੌਰਾਨ ਗੁਰਸਿੱਖ ਸੁਸਾਇਟੀ ਦੇ ਸੈਕਟਰੀ ਜਤਿੰਦਰ ਸਿੰਘ ਗਿੱਲ ਨੇ ਜਾਂਚ ਅਧਿਕਾਰੀ ਵਲੋਂ ਉਹਨਾਂ ਖਿਲਾਫ ਸ਼ਿਕਾਇਤ ਨੂੰ ਨਿਰਆਧਾਰ ਕਰਾਰ ਦਿੱਤੇ ਜਾਣ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਸਾਬਿਤ ਹੋ ਗਿਆ ਹੈ ਕਿ ਇਹ ਸ਼ਿਕਾਇਤ ਮੈਨੂੰ ਬਦਨਾਮ ਕੀਤੇ ਜਾਣ ਦੇ ਉਦੇਸ਼ ਨਾਲ ਕਰਵਾਈ ਗਈ ਸੀ ਪਰ ਉਹ ਇਸ ਮਾਮਲੇ ਵਿਚ ਸੱਚੇ ਸਨ। ਉਹਨਾਂ ਨੇ ਤਾਂ ਪ੍ਰਭਜੋਤ ਸਿੰਘ ਦੀ ਕੇਵਲ  ਇਕ ਗੁਰਸਿੱਖ ਵਜੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ।