Headlines

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਤਿੰਨ ਦਿਨਾਂ ਦੇ ਸਮਾਗਮਾਂ ਵਿਚ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਿਰਕਤ ਕੀਤੀ-

ਸਰੀ, (ਹਰਦਮ ਮਾਨ)-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਸਿੱਖ ਵਿਦਵਾਨਾਂ, ਰਾਜਨੀਤਕ ਆਗੂਆਂ, ਸਕੂਲੀ ਬੱਚਿਆਂ ਅਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸਿੱਖ ਕੌਮ ਦੇ ਮਹਾਨ ਨਾਇਕ ਨੂੰ ਯਾਦ ਕੀਤਾ।

ਸਮਾਗਮਾਂ ਦੀ ਸ਼ੁਰੂਆਤ ਪਹਿਲੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਪ੍ਰਕਾਸ਼ ਕਰਨ ਨਾਲ ਹੋਈ। ਇਸੇ ਦਿਨ ਸ਼ਾਮ ਨੂੰ ਸਜਾਏ ਗਏ ਕੀਰਤਨ ਦਰਬਾਰ ਦਾ ਆਰੰਭ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਦੇ ਰਾਗੀ ਜਥੇ ਨੇ ਕੀਤਾ। ਫਿਰ ਭਾਈ ਗੁਰਵਿੰਦਰ ਸਿੰਘ ਗੁਲਸ਼ਨ ਅਤੇ ਭਾਈ ਅਮਰਜੀਤ ਸਿੰਘ ਕਲੋਵਰਡੇਲ ਵਾਲਿਆਂ ਦੇ ਰਾਗੀ ਜਥਿਆਂ ਨੇ ਮਧੁਰ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਸਕੂਲੀ ਵਿਦਿਆਰਥੀਆਂ, ਨਾਮਧਾਰੀ ਸੰਗੀਤ ਅਕੈਡਮੀ, ਨਾਦ ਆਰਟਸ ਅਕੈਡਮੀ ਅਤੇ ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ ਦੇ ਸਿਖਿਆਰਥੀਆਂ ਨੇ ਵੀ ਸ਼ਬਦ ਗਾਇਣ ਕੀਤਾ।

ਦੂਜੇ ਦਿਨ ਦਾ ਸਮਾਗਮ ਰਿਵਰਸਾਈਡ ਸਿਗਨੇਚਰ ਬੈਂਕੁਇਟ ਹਾਲ ਵਿਚ ਹੋਇਆ। ਜੱਬਲ ਪਰਿਵਾਰ ਦੇ ਬੱਚਿਆਂ ਪੁਨੀਤ, ਜੈਆ, ਸੋਨਲਦੀਪ, ਭਾਰਗਵੀ, ਸਾਹਿਬ ਸਿੰਘ, ਪ੍ਰਭਅੰਸ਼ ਨੇ ਕੈਨੇਡਾ ਦੇ ਰਾਸ਼ਟਰੀ ਗੀਤ ਅਤੇ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਭ ਨੂੰ ਜੀ ਆਇਆਂ ਕਿਹਾ। ਉਪਰੰਤ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਰਾਮਗੜ੍ਹੀਆ ਵਿਰਾਸਤ ਦੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਕੌਮੀ ਹੀਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਰਾਸਤ ਦੇ ਪਹਿਰੇਦਾਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਕੌਮ ਦੀ ਬੇਨਿਆਜ਼ ਹਸਤੀ ਹੋਏ ਹਨ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ, ਦੂਰਅੰਦੇਸ਼ੀ ਤੇ ਉੱਦਮੀ ਕਿਰਦਾਰ ਵਾਲੇ ਯੋਧਾ ਸਨ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਡਾਇਰੈਕਟਰ ਗਿਆਨ ਸਿੰਘ ਸੰਧੂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਫ਼ਖ਼ਰ-ਏ-ਕੌਮ ਦਸਦਿਆਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਕਾਲ ਦੌਰਾਨ ਸਿੱਖ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੇ ਰਾਜ ਦੇ ਨਾਲ ਸੁਤੰਤਰ ਜ਼ਿਮੀਂਦਾਰ ਬਣਨ ਤੱਕ ਪਹੁੰਚ ਗਏ ਸਨ। ਉਨ੍ਹਾਂ ਆਜ਼ਾਦੀ ਪ੍ਰੇਮੀਆਂ ਨੂੰ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਸਿਖਲਾਈ ਦਿੱਤੀ ਅਤੇ ਸਿੱਖੀ ਵਿਰਾਸਤ ਨੂੰ ਸੰਭਾਲਨ ਅਤੇ ਗੁਰੂ ਖਾਲਸਾ ਪੰਥ ਦੀ ਸੇਵਾ ਕਰਨ ਲਈ ਪ੍ਰੇਰਿਆ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਦੀ ਇਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੇ ਜੀਵਨ, ਸਿੱਖ ਸੰਘਰਸ਼ ਅਤੇ ਉੱਚੇ-ਸੁੱਚੇ ਕਿਰਦਾਰ ਨਾਲ ਪੰਜਾਬ ਦੇ ਇਤਿਹਾਸ ’ਤੇ ਅਮਿੱਟ ਛਾਪ ਛੱਡੀ ਹੈ। ਉਹ ਮਹਾਨਜਰਨੈਲ, ਨਿਡਰ ਯੋਧੇ, ਸੁਲਝੇ ਹੋਏ ਨੀਤੀਵਾਨ, ਸਿੱਖੀ ਸਿਦਕ ਦੇ ਧਾਰਨੀ, ਗੁਰੂ ਉੱਤੇਅਟੁੱਟ ਵਿਸ਼ਵਾਸ ਰੱਖਣ ਵਾਲੇ, ਪੰਥ ਪਿਆਰ ਦੇ ਜਜ਼ਬੇ ਨਾਲ ਲਬਰੇਜ਼ ਸਨ। ਸਿੱਖ ਕੌਮ ਉਨ੍ਹਾਂ ਉੱਪਰ ਹਮੇਸ਼ਾ ਫ਼ਖ਼ਰ ਤੇ ਮਾਣ ਮਹਿਸੂਸ ਕਰਦੀ ਰਹੇਗੀ। ਬੀ.ਸੀ. ਅਸੈਂਬਲੀ ਦੇ ਸਪੀਕਰ ਰਾਜ ਚੌਹਾਨ, ਮੈਂਬਰ ਪਾਰਲੀਮੈਂਟ ਬਰੈਡ ਵਿਸ, ਡਾ. ਜਤਿੰਦਰ ਸਿੰਘ ਬੱਲ ਅਤੇ ਬਲਜੀਤ ਸਿੰਘ ਸੱਭਰਵਾਲ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ਵਿਚ ਸਮਾਗਮ ਕਰਵਾਉਣ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਸਿੱਧ ਤਬਲਾ ਵਾਦਕ ਸਰਬਜੀਤ ਸਿੰਘ (ਸੰਨੀ ਮਥਾਰੂ) ਨੇ ਆਪਣੇ ਤਬਲਾ ਵਾਦਨ ਨਾਲ ਸਭ ਦਾ ਮਨ ਮੋਹਿਆ। ਖਾਲਸਾ ਸਕੂਲ ਸਰੀ ਦੇ ਬੱਚਿਆਂ ਦੇ ਜੋਸ਼ੀਲੇ ਗੱਤਕਾ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਸ ਸਮਾਗਮ ਵਿਚ ਗੁਰਦੁਆਰਾ ਦਸਮੇਸ਼ ਦਰਬਾਰ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਅਕਾਲੀ ਸਿੰਘ ਸੋਸਾਇਟੀ ਵੈਨਕੂਵਰ, ਲਕਸ਼ਮੀ ਨਾਰਾਇਣ ਮੰਦਰ ਸਰੀ, ਫਾਈਵ ਰਿਵਰ ਕਮਿਊਨਿਟੀ ਸਰਵਿਸ ਸੁਸਾਇਟੀ ਦੇ ਪ੍ਰਤੀਨਿਧ ਵੀ ਸ਼ਾਮਲ ਹੋਏ।

ਆਖਰੀ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਪ੍ਰਵਾਹ ਹੋਇਆ। ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਦਿਆ ਮੰਤਰੀ ਰਚਨਾ ਸਿੰਘ ਅਤੇ ਟਰੇਡ ਮਨਿਸਟਰ ਜਗਰੂਪ ਬਰਾੜ ਨੇ ਇਸ ਮੌਕੇ ਸ਼ਾਮਲ ਹੋ ਕੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸਮਾਗਮ ਲਈ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੀ ਮੌਜੂਦਾ ਸਥਿਤੀ ਨੂੰ ਬੇਹੱਦ ਮਾਣਯੋਗ ਦੱਸਿਆ। ਸੁਰਿੰਦਰ ਸਿੰਘ ਜੱਬਲ, ਹਰਭਜਨ ਸਿੰਘ ਅਟਵਾਲ, ਦੀਦਾਰ ਸਿੰਘ ਧੰਜਲ, ਨਿਰਮਲ ਸਿੰਘ ਕਲਸੀ, ਪਰਮਜੀਤ ਕੌਰ ਜੱਬਲ, ਤੇਜਿੰਦਰ ਸਿੰਘ ਮਠਾੜੂ, ਬੰਤਾ ਸਿੰਘ ਸੱਭਰਵਾਲ ਆਦਿ ਬੁਲਾਰਿਆਂ ਅਤੇ ਕਵੀਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੇ ਵਿਚਾਰਾਂ ਅਤੇ ਕਵਿਤਾਵਾਂ ਰਾਹੀਂ ਸਿਜਦਾ ਕੀਤਾ। ਜਤਿੰਦਰ ਸਿੰਘ ਘੁੰਮਣ ਦੇ ਢਾਡੀ ਜਥੇ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੀਆਂ ਵਾਰਾਂ ਰਾਹੀਂ ਯਾਦ ਕੀਤਾ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਅਤੇ ਇਨ੍ਹਾਂ ਸਮਾਗਮਾਂ ਦੇ ਰੂਹੇ-ਰਵਾਂ ਸੁਰਿੰਦਰ ਸਿੰਘ ਜੱਬਲ ਨੇ ਤਿੰਨ ਦਿਨਾਂ ਦੇ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ, ਸੇਵਾਦਾਰਾਂ, ਸੁਸਾਇਟੀ ਦੇ ਮੈਂਬਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਸਮਾਗਮ ਦੌਰਾਨ ਵੱਖ ਵੱਖ ਪ੍ਰੋਗਰਾਮਾਂ ਵਿਚ ਭਾਗ ਲੈਣ ਵਾਲੇ ਸਿੱਖਿਆਰਥੀਆਂ, ਵਿਦਵਾਨਾਂ ਅਤੇ ਸੁਸਾਇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਰਹੇ ਸਾਰੇ ਸੁਸਾਇਟੀ ਪ੍ਰਧਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।