Headlines

ਸੰਨੀ ਧਾਲੀਵਾਲ ਦੀਆਂ ਕਵਿਤਾਵਾਂ

ਸੰਨੀ ਧਾਲੀਵਾਲ ਐਡਮਿੰਟਨ ਦਾ ਨਿਵਾਸੀ ਹੈ ਤੇ ਹਾਈ ਸਕੂਲ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਤੋ ਉਚ ਵਿਦਿਆ ਪ੍ਰਾਪਤ ਸੰਨੀ ਧਾਲੀਵਾਲ ਸਾਹਿਤਕ ਰਸੀਆ ਹੋਣ ਦੇ ਨਾਲ ਖੁਦ ਵੀ ਕਵਿਤਾ ਲਿਖਣ ਵੱਲ ਰੁਚਿਤ ਹੈ। ਇਥੇ ਪੇਸ਼ ਹਨ ਉਸਦੀਆਂ ਕੁਝ ਤਾਜਾ ਕਾਵਿ ਰਚਨਾਵਾਂ      -ਸੰਪਾਦਕ।

ਮੌਲਾ ਬਲ਼ਦ
ਦੂਸਰੇ ਸ਼ਹਿਰ ਤੋਂ ਦੋਸਤ ਦਾ ਫ਼ੋਨ ਆਇਆ
ਕਹਿੰਦਾ, “ਯਾਰ, ਬਾਪੂ ਗੁੱਸੇ ਹੋ ਕੇ
ਪਿੰਡ ਵਾਪਸ ਚਲਾ ਗਿਆ
ਕਹਿੰਦਾ, “ਪਿਉ ਦਾ ਪੁੱਤ ਨਹੀਂ
ਜੇ ਵਾਪਸ ਕਨੇਡਾ ਆਇਆ”
ਯਾਰ, ਕਸੂਰ ਤਾਂ ਮੇਰਾ ਹੀ ਹੈ
ਮੇਰੇ ਮੂੰਹੋਂ ਨਿਕਲ ਗਿਆ
‘ਬਾਪੂ ਵਹਿਲਾ ਰੋਟੀਆਂ ਡਫਦਾ ਰਹਿਨੈ
ਕੋਈ ਘਰੇ ਝਾੜੂ ਪੋਚਾ ਲਾ ਦਿਆ ਕਰ’
ਬਾਪੂ ਨੂੰ ਬਹੁਤ ਗ਼ੁੱਸਾ ਲੱਗਿਆ
ਚਿਹਰੇ ਦਾ ਰੰਗ ਭੂਰੇ ਤੋਂ ਲਾਲ ਹੋ ਗਿਆ

ਇਸ ਫੋਨ ਕਾਲ ਤੋਂ ਬਾਅਦ
ਮੇਰਾ ਮੂਡ ਬਹੁਤ ਖ਼ਰਾਬ ਸੀ
ਡੈੱਕ ‘ਤੇ ਬੈਠਾ ਚਾਹ ਪੀ ਰਿਹਾ ਸੀ
ਕੋਸੀ ਕੋਸੀ ਧੁੱਪ ਸੀ, ਪਤਾ ਨਹੀਂ ਕਦੋਂ
ਨੀਲੇ ਅਸਮਾਨ ‘ਤੇ ਨਿਗਾਹ ਚਲੀ ਗਈ
ਛੋਟੇ ਬੱਦਲ ਦੇ ਪਿੱਛਿਓਂ
ਦਾਦੀ ਆਈ, ਹੱਸ ਕੇ ਕਹਿੰਦੀ
ਪੁੱਤ ਤੂੰ ਧੁੱਪ ਸੇਕਦੈਂ ?
ਤੈਨੂੰ ਆਪਣੇ ਮੌਲੇ ਬਲ਼ਦ ਦੀ
ਗੱਲ ਯਾਦ ਹੈ ਨਾ ?”
ਹਾਂ ਦਾਦੀ ਉਹ ਵੀ ਕੋਈ ਭੁੱਲਣ ਵਾਲੀ ਗੱਲ ਹੈ
ਪਰ ਦਾਦੀ ਤੂੰ ਦੁਬਾਰਾ ਸੁਣਾ”
ਚੱਲ! ਤੂੰ ਲਿਖ, ਮੈਂ ਬੋਲਦੀ ਹਾਂ :

ਬਾਪੂ ਤੇਰੇ ਕੋਲ ਬਲ਼ਦਾਂ ਦੀ ਜੋੜੀ ਸੀ
ਮੈਨੂੰ ਸਾਲ-ਸੂਲ਼ ਨ੍ਹੀਂ ਚੇਤਾ
ਪਰ ਇਹ ਕੋਈ ਵੱਢ-ਵੱਢਾਈ ਤੋਂ
ਸਾਲ ਪਹਿਲਾ ਦੀ ਗੱਲ ਆ
ਇੱਕ ਨਵਾਂ ਵਹਿੜਕਾ ਸੀ
ਤੇ ਦੂਜਾ ਥੋੜਾ ਸਿਆਣਾ ਸੀ
ਤੇਰਾ ਬਾਪੂ ਸਵੇਰੇ ਤਿੰਨ ਵਜੇ ਹਲ਼ ਜੋੜ ਲੈਂਦਾ
ਦਿਨ ਕਿਣ-ਮਿਣ ਵਾਲਾ ਹੋਵੇ
ਹਨੇਰੀ ਵਾਲਾ, ਬੱਦਲਵਾਈ
ਠੰਢ ਜਾਂ “ਸੰਨੀ ਡੇਅ” ਹੋਵੇ
ਬਿਨਾਂ ਨਾਗਾ ਉਹਨਾਂ ਨੇ ਬਹੁਤ ਕੰਮ ਕੀਤਾ
ਬਹੁਤ ਕਮਾਈ ਕੀਤੀ
ਇੱਕ ਦਿਨ ‘ਸਿਆਣਾ’ ਬੀਮਾਰ ਹੋ ਗਿਆ
ਹੁਣ ਉਹ ਸਿਆਣੇ ਤੋਂ ‘ਮੌਲਾ’ ਹੋ ਗਿਆ
ਢਿੱਲਾ ਹੋ ਗਿਆ
ਹੌਲ਼ੀ ਹੌਲ਼ੀ ਤੁਰਨ ਲੱਗਿਆ
ਉਹ ਬੁੱਢਾ ਹੋ ਗਿਆ
ਕੰਮਚੋਰ ਨਹੀਂ, ਕਮਜ਼ੋਰ ਹੋ ਗਿਆ
ਉਸ ਤੋਂ ਕੰਮ ਹੋਣੋਂ ਹਟ ਗਿਆ”

ਦਾਦੀ ਕਹਿੰਦੀ!
ਇੱਕ ਮਿੰਟ ਮੈਨੂੰ ਸਾਹ ਲੈ ਲੈਣ ਦੇ”
ਉਸਦੀ ਬਦਲੀ ਆਵਾਜ਼ ਤੋਂ ਲੱਗਦਾ ਸੀ
ਉਹ ਆਪਣੇ ਹੰਝੂ ਪੂੰਝ ਰਹੀ ਸੀ

ਸਾਰਾ ਟੱਬਰ ਕਹਿਣ ਲੱਗਿਆ
ਇਹ ਵਹਿਲਾ ਰਹਿੰਦੈ
ਕੋਈ ਕੰਮ-ਕਾਰ ਨ੍ਹੀਂ ਕਰਦਾ
ਖਾਂਦਾ ਪੀਂਦਾ ਵਧੀਆ
ਐਵੇਂ ਦਿਵਾਈਆਂ ‘ਤੇ ਖ਼ਰਚ ਕਰਾਉਂਦਾ
ਐਵੇਂ ਥਾਂ ਘੇਰੀ ਬੈਠਾ
ਅੱਧੀ ਖੁਰਲੀ ਮੱਲੀ ਬੈਠਾ
ਕੌਣ ਇਸ ਦਾ ਰੋਜ਼ ਗੋਹਾ ਚੁੱਕੇ
ਇਸ ਨੂੰ ਘਰੋਂ ਕੱਢੋ
ਇਹਦਾ ਫਾਹਾ ਵੱਢੋ
ਦੋ ਚਾਰ ਜਿਹੜੇ ਪੈਸੇ ਮਿਲਦੇ ਨੇ
ਉਹਨਾਂ ਨੂੰ ਜੇਬ ਵਿੱਚ ਪਾਓ
ਭਾਵੇਂ ਹੱਡਾ-ਰੋੜੀ ਦੇ ਰਾਹ ਪਾਓ”

ਤੇਰਾ ਬਾਪੂ ਕਹਿੰਦਾ, “ਖ਼ਬਰਦਾਰ !
ਜੇ ਕਿਸੇ ਨੇ ਮੁੜ ਕੇ ਇਹ ਗੱਲ ਕਹੀਂ ਤਾਂ
ਓਏ, ਇਹਦੀ ਕਮਾਈ ਨਾਲ ਤਾਂ ਜੁਆਨ ਹੋਏ
ਪੈਰਾਂ ਸਿਰ ਹੋਏ, ਰੱਜ ਕੇ ਰੋਟੀ ਖਾਣ ਲੱਗੇ
ਕੱਚੇ ਖੋਲਿਆਂ ਤੋਂ ਪੱਕਿਆਂ ਵਾਲੇ ਹੋਏ
ਹੁਣ ਇਹ ਘਰ ਵਿੱਚ ਹੀ ਰਹੇਗਾ
ਮੌਜ ਕਰੇਗਾ ਐਸ਼ ਕਰੇਗਾ
ਜੋ ਜੀਅ ਕਰੇ ਉਹ ਹੀ ਕਰੇਗਾ”

ਤੇਰੇ ਬਾਪੂ ਨੇ ਪਹਿਲਾਂ ਵਾਂਗ
ਪੱਠੇ ਪਾਉਣੇ, ਪਾਣੀ ਪਿਲਾਉਣਾ
ਧੁੱਪੇ ਛਾਵੇਂ ਕਰਨਾ, ਮੱਥਾ ਚੁੰਮਣਾ
ਦੁਵਾਈ ਦੇਣੀ, ਗੋਹਾ ਇਕੱਠਾ ਕਰਨਾ

ਜਿਸ ਦਿਨ ਉਹ
ਹੋਰ ਦੁਨੀਆਂ ਵਿੱਚ ਚਲੇ ਗਿਆ
ਤੇਰਾ ਬਾਪੂ ਬਹੁਤ ਉਦਾਸ ਹੋਇਆ
ਬਹੁਤ ਰੋਇਆ
ਸਾਰਾ ਦਿਨ ਭੁੱਖਾ ਰਿਹਾ
ਮੌਲਾ ਬਲਦ ਉਸ ਦੇ ਭਰਾਵਾ ਵਰਗਾ ਸੀ”
ਉਤਾਂਹ ਦੇਖਿਆ, “ਸੰਨੀ ਡੇਅ” ਦੀ ਥਾਂ ਬੱਦਲਵਾਈ ਸੀ
ਦਾਦੀ ਦਿਖਾਈ ਨਹੀਂ ਦਿੱਤੀ
ਪਰ ਇੱਕ ਆਵਾਜ਼ ਸੁਣਾਈ ਦਿੱਤੀ
‘ਇਹ ਵਿਹਲੇ ਨਹੀਂ ਹੁੰਦੇ
ਧਰਤੀ ਦਾ ਭਾਰ
ਇਹਨਾਂ ਨੇ ਚੁੱਕਿਆ ਹੋਇਆ ਹੈ।’

ਜ਼ਿੰਦਗੀ ਤੂੰ ਅਜਬ ਹੈਂ
ਜ਼ਿੰਦਗੀ ਤੂੰ ਬੜੀ ਅਜਬ ਚੀਜ਼ ਹੈਂ
ਬਹੁਤੀ ਵਾਰ
ਤੇਰੀ ਸਮਝ ਨਹੀਂ ਆਉਂਦੀ
ਕਦੀ ਤੂੰ “ਸੰਨੀ ਡੇਅ” ਲੈ ਕੇ ਆਉਂਦੀ ਹੈ
ਕਦੇ ਬੱਦਲਵਾਈ ਤੇ ਹਨੇਰੀ
ਕਦੇ ‘ਸੰਨੀ ਡੇਅ’ ਖੋਹ ਕੇ
‘ਸੋਗ ਡੇਅ’ ਹੱਥ ਫੜਾਉਦੀ ਹੈ

ਗਰਲ ਫ਼੍ਰੈਂਡ ਨਾਲ ਡੇਟ ਤੇ ਜਾਓ
90% ਆਪਣੇ ਵਾਰੇ ਦੱਸ ਦਿੰਦੀ ਹੈ
ਸਮਝਾ ਜਾਂਦੀ ਹੈ
ਪਰ
ਤੇਰੀ ਤਾਂ ਬਹੁਤੀ ਵਾਰ ਸਮਝ ਨਹੀਂ ਆਉਂਦੀ
ਤੂੰ ਉਦੋਂ ਵੱਡਾ ਸਾਰਾ ਘੁੰਡ ਕੱਢ ਲੈਂਦੀ ਹੈਂ
ਬਹੁਤ ਕੁਝ ਗੁਪਤ ਰੱਖਦੀ ਹੈਂ

ਤੈਨੂੰ ਸਮਝਣ ਲਈ ਤਾਂ
ਉਮਰ ਬੀਤ ਜਾਂਦੀ ਹੈ

ਕਦੇ ਤੂੰ ਕਿਸੇ ਬਿਮਾਰੀ ਦੇ ਬਹਾਨੇ
ਡਰਾਉਂਦੀ ਹੈਂ
ਧਮਕਾਉਂਦੀ  ਹੈ
ਡੁਸਕਣ ਲਾਉਂਦੀ ਹੈਂ
ਰੁਆ ਵੀ ਦਿੰਦੀ ਹੈਂ
ਚੀਕਾ ਮਰਵਾਉਂਦੀ ਹੈਂ
ਫਿਰ ਪਤਾ ਨਹੀਂ ਲਗਦਾ
ਤੂੰ ਕਿਤੇ ਬਹੁਤ ਦੂਰ ਭੱਜ ਜਾਂਦੀ ਹੈਂ

ਕਈ ਵਾਰ ਇੰਜ ਵੀ ਹੁੰਦਾ ਹੈ
ਤੂੰ ਕੁਤਕਤਾੜੀਆ ਕੱਢ ਕੇ ਹਸਾਉਂਦੀ ਹੈਂ
ਚਿਹਰੇ ਤੇ ਖੁਸ਼ੀ ਲਿਆਉਂਦੀ ਹੈਂ
ਥਾਹ ਥਹੀਆ ਕਰਾਉਂਦੀ ਹੈਂ
ਨੱਚਣ ਲਾਉਂਦੀ ਹੈਂ
ਟੱਪਣ ਲਾਉਂਦੀ ਹੈਂ
ਗੁਣ ਗੁਣਾਉਣ ਲਾਉਂਦੀ ਹੈ
ਦੰਦਾਂ ਤੋਂ ਬੁੱਲ੍ਹਾਂ ਦਾ ਪਰਦਾ ਹਟਾਉਂਦੀ ਹੈਂ
ਤੂੰ ਆਪਣੀ ਬੁੱਕਲ਼ ਵਿੱਚ ਲੈ ਲੈੰਦੀ ਹੈਂ
ਸਿਰ ਪਲੋਸ ਕੇ ਬੜਾ ਕੁਝ ਸਮਝਾਂ ਜਾਂਦੀ ਹੈ
ਤੇਰੀ ਸਮਝ ਨਹੀਂ ਆਉਂਦੀ

ਕਦੀ ਤੂੰ ‘ਸੰਨੀ’ ਦੀ ਕਵਿਤਾ ਵਰਗੀ ਲੱਗਦੀ ਹੈਂ
ਸਿੰਪਲ ਜਿਹੀ, ਸਰਲ ਜਿਹੀ
ਸਭ ਦੇ ਸਮਝ ਆਉਣ ਵਾਲੀ
ਸੁਨੇਹਾ ਹੱਥ ਫੜਾਉਣ ਵਾਲੀ
ਤੇਰੀ ਕੋਈ ਸਮਝ ਨਹੀਂ ਆਉਂਦੀ

ਕਦੇ ਤੂੰ ਕੈਲਕੂਲਸ ਵਰਗੀ
ਕਦੇ ਤੂੰ ਕੁਅੰਨਟੰਮ ਫਿਜ਼ਿਕਸ ਵਰਗੀ
ਦਿਮਾਗ਼ ਦੇ ਗੇੜੇ ਖਵਾਉਣ ਵਾਲੀ
ਰਾਤਾਂ ਦੀ ਨੀਂਦ ਉਡਾਉਣ ਵਾਲੀ
ਪਸੀਨਾ ਲਿਆਉਣ ਵਾਲੀ
ਹਾਏ ਹਾਏ ਕਰਾਉਣ ਵਾਲੀ
ਨਾਸੀਂ ਧੂੰਆਂ ਲਿਆਉਣ ਵਾਲੀ
ਕਦੀ ਦਿਮਾਗ਼ ਦੇ ਖੱਬੇ
ਕਦੀ ਦਿਮਾਗ਼ ਦੇ ਸੱਜੇ
ਪਾਸੇ ਦੀ ਲੰਘ ਜਾਣ ਵਾਲੀ
ਉਦੋਂ ਤੇਰੀ ਕੋਈ ਸਮਝ ਨਹੀਂ ਆਉਂਦੀ

ਜਦੋਂ ਜੀਅ ਕਰੇ
ਜਿੱਥੇ ਜੀਅ ਕਰੇ
ਉੱਥੇ ਹੀ ਬੈਠ ਜਾਣ ਵਾਲੀ
ਉੱਥੇ ਹੀ ਖਲੋ ਜਾਣ ਵਾਲੀ
ਲਾਲ ਬੱਤੀ ਦਿਖਾਉਣ ਵਾਲੀ
ਮੁੜ ਕਦੀ ਵੀ ਹਰੀ ਬੱਤੀ
ਨਾ ਦਿਖਾਉਣ ਵਾਲੀ
ਆਪਣੀ ਮਰਜ਼ੀ ਕਰਨ ਵਾਲ਼ੀ
ਡੱਬੇ ਵਿੱਚ ਬੰਦ ਕਰਕੇ ਭੱਜ ਜਾਣ ਵਾਲੀ
ਤੂੰ ਬੜੀ ਅਜੀਬ ਹੈਂ
ਜ਼ਿੰਦਗੀ ਤੂੰ ਬੜੀ ਅਜਬ ਚੀਜ਼ ਹੈ

ਹੈਲੋ…ਹੈਲੋ
ਹੈਲੋ…ਹੈਲੋ .. ਡੀਅਰ
ਕੀ ਹਾਲ ਹੈ ?

ਠੀਕ ਠਾਕ ਹਾਂ
ਬੜਾ ਵਧੀਆ “ਸੰਨੀ ਡੇਅ” ਹੈ
ਪਰ ਗਰਮੀ ਵੀ ਕਾਫ਼ੀ ਜ਼ਿਆਦਾ ਹੈ
ਕੀ ਬਣਿਆ
ਫਿਰ ਜ਼ਮੀਨ ਦਾ ?

ਡੀਅਰ ! ਤੈਨੂੰ ਯਕੀਨ ਨਹੀਂ ਆਉਣਾ
ਸੁਣ ਕੇ ਤੈਨੂੰ ਚੱਕਰ ਆ ਜਾਊ
ਮੈਂ ਇੱਥੇ ਆ ਕੇ ਦੱਸੂੰ

ਨਹੀਂ ! ..ਨਹੀਂ!
ਮੈਨੂੰ ਤਾਂ ਹੁਣੇ ਹੀ ਦੱਸੋ

ਲੈ ਸੁਣ ,
ਬੱਸ ਕਹਿੰਦੇ ਹੁੰਦੇ ਆ
ਜਦੋਂ ਰੱਬ ਦਿੰਦਾ ਹੈ
ਤਾਂ ਛੱਪਰ ਪਾੜ ਕੇ ਦਿੰਦਾ ਹੈ
ਬੱਸ, ਇੱਕ ਲਾਲਾ ਕਾਬੂ ਆ ਗਿਆ
ਉਸਨੇ ਇੱਥੇ ਫੂਡ ਪਰੋਸਿਸ ਦੀ ਫ਼ੈਕਟਰੀ ਲਾਉਣੀ ਆ
ਉਸਨੇ ਵਧੀਆ ਰੇਟ ਤੇ
ਸਾਰੀ ਜ਼ਮੀਨ ਖਰੀਦ ਲਈ
ਚਲਦੇ ਰੇਟ ਤੋਂ ਡਬਲ ਦੇ ਗਿਆ
ਬਹੁਤਾ ਕੰਮ ਅੰਡਰ ਦੀ ਟੇਬਲ ਹੋ ਗਿਆ
ਕੋਠੀ ਵੀ ਵਿੱਚੇ ਹੀ ਲੈ ਗਿਆ
ਸਾਰਾ ਨਬੇੜਾ ਦਬਾ-ਦੱਬ ਹੋ ਗਿਆ

ਇਹ ਤਾ ਬਹੁਤ ਖੁਸ਼ੀ ਦੀ ਗੱਲ ਹੈ

ਆਪਣੀ ਤਾਂ ਲਾਟਰੀ ਨਿੱਕਲ ਆਈ
ਇਸ ਖੁਸ਼ੀ ਵਿੱਚ ਤੈਨੂੰ ‘ਰੇਜ਼-ਰੋਵਰ’
ਲੈ ਕੇ ਦੇਵੇਗਾ
ਨਹੀਂ ! ਨਹੀਂ !
ਮੈਂ ਕੋਈ ਰੇਜ਼-ਰੋਵਰ ਨਹੀਂ ਲੈਣੀ
ਇਹ ਤਾਂ ਹਰ ਪੰਜਾਬੀ ਕੁੜੀ ਲਈਂ ਫਿਰਦੀ ਹੈ
ਗੰਢੇ ਤੇ ਆਲੂ ਢੋਈ ਜਾਂਦੀਆਂ ਨੇ
ਮੈਂ ਤਾਂ ‘ਲੈਬਰਗਿੰਨੀ’ ਲਊਂਗੀ
ਓ .. ਕੇ , ਓ ..ਕੇ
ਜਿਹੜੀ ਮਰਜ਼ੀ ਲੈ ਲਵੀਂ
ਆਪਾ ਏਕੜਾਂ ਵਿੱਚ
ਵੱਡਾ ਸਾਰਾ ਘਰ ਬਣਾਵਾਂਗੇ
ਵਿੱਚ ਸਵਿੰਮਿੰਗ ਪੂਲ ਤੇ ਟੈਨਸ ਕੋਰਟ ਬਣਾਵਾਂਗੇ
ਹੋਰ ਪ੍ਰਾਪਰਟੀ ਵੀ ਖ਼ਰੀਦਾਂਗੇ
ਲੰਮੇ ਲੰਮੇ ਟਰਿੱਪ ਲਾਵਾਂਗੇ
ਕਰੂਜ਼ਾਂ ਦਾ ਆਨੰਦ ਮਾਣਾਂਗੇ
ਬੱਚਿਆਂ ਨੂੰ ਮਹਿੰਗੇ
ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਾਵਾਂਗੇ
ਆਪਣੀਆਂ ਰੀਝਾਂ ਪੂਰੀਆਂ ਕਰਾਂਗੇ
ਮਸਤੀ ਵਿੱਚ ਆਵਾਂਗੇ
ਹਰ ਰੋਜ਼ ਹਨੀਮੂਨ ਮਨਾਵਾਂਗੇ
ਹਰ ਰਾਤ ਸ਼ੁੱਕਰਵਾਰ ਦੀ ਰਾਤ ਵਾਂਗ ਬਿਤਾਵਾਂਗੇ
ਚੜਗਿਲੀਆ ਮਾਰਾਂਗੇ
ਜ਼ਿੰਦਗੀ ਨੂੰ ਸਫਲ ਬਣਾਵਾਂਗੇ
ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪਵਾਵਾਂਗੇ
ਉੱਹਨਾਂ ਅੰਦਰ
ਈਰਖਾ ਭੜਕਾਵਾਂਗੇ
ਤੜਫਾਵਾਂਗੇ ਤੇ ਮੱਚਣ ਲਾਵਾਂਗੇ

ਐਨ ਉਸ ਵਕਤ
ਇੱਕ ਬਹੁਤ ਬੁੱਢੀ ਮੰਗਤੀ ਨੇ
ਉਹਦੀ ਕਾਰ ਦੀ ਬੰਦ ਖਿੜਕੀ ਦਾ
ਸ਼ੀਸ਼ਾ ਖੜਕਾਇਆ
ਕੁਝ ਸੁਣਾਈ ਨਹੀਂ ਸੀ ਦਿੰਦਾ
ਸਿਰਫ਼ ਉਹਦੇ ਸੁੱਕੇ, ਪਾਟੇ, ਤ੍ਰਿਹਾਏ
ਬੁੱਲ ਹਿਲਦੇ ਦਿਸਦੇ ਸਨ
ਕਾਰ ਵਿੱਚ ਬੈਠਿਆਂ
ਉਸ ਦੀਆਂ ਅੱਖਾਂ ਦੇ ਕੋਏ
ਹੋਰ ਦੂਰ ਹੋ ਗਏ
ਮੱਥੇ ਤੇ ਕੁੱਝ ਵੱਜਿਆ
ਉਸਨੂੰ ਲੱਗਿਆ
ਜਿਵੇਂ ਉਸਦੀ ਦਾਦੀ ਨੇ
ਸ਼ੀਸ਼ਾ ਖੜਕਾਇਆ ਹੋਵੇ
ਤੇ ਕਹਿੰਦੀ ਹੋਵੇ
ਪੁੱਤ!
ਤੈਨੂੰ ਪਤਾ ਇਹ ਜ਼ਮੀਨ ਕਿਸ ਤਰਾਂ ਬਣੀ ਸੀ ?

ਤੇਰੇ ਦਾਦੇ ਦੇ ਮੁੱਛ ਫੁੱਟ ਭਰਾ ਦਾ
ਵੱਟ ਪਿੱਛੇ ਕਤਲ ਹੋ ਗਿਆ ਸੀ
ਤੇਰਾ ਦਾਦਾ ਇੱਕਲਾ ਰਹਿ ਗਿਆ ਸੀ
ਭਰਾ ਨੂੰ ਯਾਦ ਕਰਕੇ ਬਹੁਤ ਰੋਂਦਾ ਸੀ
ਕਈ ਕਈ ਦਿਨ ਭੁੱਖਾ ਰਹਿੰਦਾ ਸੀ
ਰਾਤ ਨੂੰ ਸੁੱਤਾ ਪਿਆ ਬਰੜਾ ਉੱਠਦਾ ਸੀ
ਪਸੀਨੇ ਨਾਲ ਭਿੱਜ ਜਾਂਦਾ ਸੀ
ਕੋਰਟਾਂ ਦੇ ਧੱਕੇ ਖਾਧੇ
ਕਮਾਈ ਵਕੀਲਾਂ ਦੀ ਝੋਲ਼ੀ ਪਾਈ
ਤਾਂ ਜਾ ਕੇ
ਕਾਤਲ ਨੂੰ ਉਮਰ ਕੈਦ ਕਰਾ ਸਕਿਆ
ਪਰ ਤੇਰੇ ਦਾਦੇ ਨੇ ਸਖਤ ਮਿਹਨਤ ਕਰਨ ਤੋਂ
ਪਾਸਾ ਨਹੀਂ ਵੱਟਿਆ
ਭੁੱਖਾ ਪਿਆਸਾ ਰਹਿ ਕੇ
ਗੰਢਿਆਂ ਤੇ ਚਟਣੀ ਨਾਲ ਰੋਟੀ ਖਾ ਕੇ
ਕਦੇ ਨੰਗੇ ਪੈਰੀਂ ‘ਤੇ ਕਦੇ ਧੌੜੀ ਦੀ ਜੁੱਤੀ ਪਾ ਕੇ
ਜੀਵਨ ਬਸਰ ਕੀਤਾ
ਚਾਰ ਤੋਂ ਅੱਠ ‘ਤੇ ਅੱਠ ਤੋਂ ਸੋਲਾਂ ਕਿੱਲੇ ਬਣਾ ਗਿਆ
ਮੈਂ ਵੀ ਟਾਕੀਆਂ ਲਾ ਲਾ ਕੇ ਤਨ ਢਕਿਆ
ਬੜੇ ਕਸ਼ਟ ਝੱਲੇ

ਚੱਲ ਪੁੱਤ ਤੂੰ ਖੁਸ਼ ਰਹਿ
ਚੱਲ ਪੁੱਤ ਤੂੰ ਐਸ਼ ਕਰ।