Headlines

ਕਾਂਗਰਸ ਨੇ ਜਿੱਤਿਆ ਕਰਨਾਟਕ

* ਪਾਰਟੀ ਨੂੰ 135, ਭਾਜਪਾ ਨੂੰ 65 ਅਤੇ ਜਨਤਾ ਦਲ (ਐੱਸ) ਨੂੰ 19 ਸੀਟਾਂ ਮਿਲੀਆਂ * 10 ਸਾਲਾਂ ਮਗਰੋਂ ਮਿਲਿਆ ਪੂਰਨ ਬਹੁਮਤ * ਭਾਜਪਾ ਹੱਥੋਂ ਖੁੱਸਿਆ ਦੱਖਣ ਦਾ ਸੂਬਾ

ਬੰਗਲੂਰੂ/ਨਵੀਂ ਦਿੱਲੀ, 13 ਮਈ

ਕਰਨਾਟਕ ’ਚ ਕਾਂਗਰਸ ਆਪਣੇ ਪੱਧਰ ’ਤੇ ਬਹੁਮਤ ਹਾਸਲ ਕਰਕੇ 10 ਸਾਲਾਂ ਮਗਰੋਂ ਸੂਬੇ ਦੀ ਸੱਤਾ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਕਾਂਗਰਸ ਨੇ ਦੱਖਣ ’ਚ ਭਾਜਪਾ ਦੇ ਇਕਲੌਤੇ ਕਿਲ੍ਹੇ ਨੂੰ ਢਾਹ ਲਗਾਉਂਦਿਆਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੜ ਮਘਾ ਦਿੱਤਾ ਹੈ। ਕਾਂਗਰਸ ਨੇ ਭਲਕੇ ਸ਼ਾਮ ਸਾਢੇ 5 ਵਜੇ ਬੰਗਲੂਰੂ ’ਚ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਜਿਸ ’ਚ ਆਗੂ ਦੀ ਚੋਣ ਕੀਤੀ ਜਾਵੇਗੀ। ਉਧਰ ਹਾਰ ਮਗਰੋਂ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਅਹੁਦੇ ਤੋਂ ਦੇ ਅਸਤੀਫ਼ਾ ਦਿੱਤਾ ਹੈ।

ਕਰਨਾਟਕ ਵਿਧਾਨ ਸਭਾ ਲਈ 10 ਮਈ ਨੂੰ ਪਈਆਂ ਵੋਟਾਂ ਦੀ ਅੱਜ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਮੁੱਢਲੇ ਰੁਝਾਨਾਂ ਨੇ ਕਈ ਚੋਣ ਸਰਵੇਖਣਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਦੇ ਦਾਅਵਿਆਂ ਨੂੰ ਝੁਠਲਾ ਦਿੱਤਾ। ਭਾਜਪਾ ਨੂੰ ਪਿਛਲੇ ਸਾਲ ਦਸੰਬਰ ’ਚ ਹਿਮਾਚਲ ਪ੍ਰਦੇਸ਼ ਮਗਰੋਂ ਇਹ ਦੂਜੀ ਵੱਡੀ ਹਾਰ ਮਿਲੀ ਹੈ। ਕਾਂਗਰਸ ਨੇ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ’ਚੋਂ 135 ’ਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਜਯਾਨਗਰ ਸੀਟ ਦਾ ਨਤੀਜਾ ਆਉਣਾ ਬਾਕੀ ਹੈ। ਭਾਜਪਾ ਨੂੰ 65 ਸੀਟਾਂ ਨਾਲ ਸਬਰ ਕਰਨਾ ਪਿਆ ਜੋ 2018 ’ਚ ਮਿਲੀਆਂ 104 ਸੀਟਾਂ ਤੋਂ ਬਹੁਤ ਘੱਟ ਹਨ। ਕਿੰਗਮੇਕਰ ਬਣਨ ਦੀ ਆਸ ਰੱਖੀ ਬੈਠੀ ਜਨਤਾ ਦਲ (ਐੱਸ) ਨੂੰ 19 ਸੀਟਾਂ ਹੀ ਨਸੀਬ ਹੋਈਆਂ। ਪਿਛਲੀਆਂ ਚੋਣਾਂ ’ਚ ਉਸ ਨੇ 37 ਸੀਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਕਾਂਗਰਸ ਨੇ ਆਪਣੇ ਜੇਤੂ ਵਿਧਾਇਕਾਂ ਨੂੰ ਬੰਗਲੂਰੂ ਦੇ ਬਾਹਰਵਾਰ ਰਿਜ਼ੌਰਟ ’ਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਸਾਰੇ ਵਿਧਾਇਕਾਂ ਨੂੰ ਬੰਗਲੂਰੂ ਪਹੁੰਚਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਪਾਰਟੀ ਨੂੰ ਬਹੁਮਤ ਨਾ ਮਿਲਦਾ ਤਾਂ ਵਿਧਾਇਕ ਨੂੰ ਜੈਪੁਰ ਰਿਜ਼ੌਰਟ ਭੇਜਿਆ ਜਾਣਾ ਸੀ।