Headlines

ਰਾਘਵ ਚੱਢਾ ਤੇ ਪਰਿਨੀਤੀ ਦੀ ਮੰਗਣੀ ਹੋਈ

ਨਵੀਂ ਦਿੱਲੀ, 13 ਮਈ

 

ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਦੀ ਅੱਜ ਨਿੱਜੀ ਸਮਾਗਮ ਦੌਰਾਨ ਮੰਗਣੀ ਹੋਈ। ਸਮਾਗਮ ਵਿੱਚ ਪਰਿਵਾਰਕ ਜੀਆਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਰਾਘਵ ਤੇ ਪਰਿਨੀਤੀ ਨੇ ਆਪੋ ਆਪਣੇ ਇੰਸਟਾਗ੍ਰਾਮ ਪੇਜਾਂ ’ਤੇ ਤਸਵੀਰਾਂ ਸਣੇ ਮੰਗਣੀ ਦੀ ਖ਼ਬਰ ਸਾਂਝੀ ਕੀਤੀ। ਕੇਂਦਰੀ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਸਮਾਗਮ  ਹੋਇਆ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਰਿਨੀਤੀ ਦੀ ਚਚੇਰੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸਣੇ 150 ਦੇ ਕਰੀਬ ਰਿਸ਼ਤੇਦਾਰ ਸ਼ਾਮਲ ਹੋਏ। ਸਮਾਗਮ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ਾਮੀਂ ਪੰਜ ਵਜੇ ਸ਼ੁਰੂ ਹੋਇਆ। ਅਰਦਾਸ ਮਗਰੋਂ ਅੱਠ ਵਜੇ ਮੰਗਣੀ ਦੀ ਰਸਮ ਹੋਈ। ਰਾਘਵ ਨੇ ਆਪਣੇ ਅੰਕਲ ਤੇ ਡਿਜ਼ਾਈਨਰ ਪਵਨ ਸਚਦੇਵਾ ਵੱਲੋਂ ਤਿਆਰ ਅਚਕਨ ਪਹਿਨੀ ਜਦੋਂ ਕਿ ਪਰਿਨੀਤੀ (34) ਨੇ ਮਨੀਸ਼ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ ਪੇਸਟਲ ਪੀਚ ਪੁਸ਼ਾਕ ਪਹਿਨੀ। ਇਸ ਮੌਕੇ ਕਾਂਗਰਸ ਆਗੂ ਪੀ ਚਿਦੰਬਰਮ, ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਅਤੇ ਤ੍ਰਿਣਮੂਲ ਕਾਂਗਰਸ ਆਗੂ ਡਰੇਕ ਓਬਰਾਇਨ ਸ਼ਾਮਲ ਸਨ। ਇਸੇ ਦੌਰਾਨ ਕਪੂਰਥਲਾ ਹਾਊਸ ਵਿੱਚ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਪ੍ਰਿਯੰਕਾ ਅੱਜ ਦਿਨ ਵੇਲੇ ਹੀ ਪੁੱਜੀ।

ਮੰਗਣੀ ਰਸਮ ’ਚ ਸ਼ਾਮਲ ਹੋਣ ਤੋਂ ਪਹਿਲਾਂ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਤੇ ਉਸ ਦਾ ਭਰਾ ਪਰਿਨੀਤੀ ਦੇ ਪਿਤਾ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ।
ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਪੁੱਜਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ।
ਮੰਗਣੀ ਸਮਾਰੋਹ ਲਈ ਕਪੂਰਥਲਾ ਹਾਊਸ ਪੁੱਜਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ।