Headlines

ਕਾਂਗਰਸ ਦੀ ਜਿੱਤ ਨੇ ਦਿਖਾਇਆ ਮੋਦੀ ਨੂੰ ਹਰਾਇਆ ਜਾ ਸਕਦੈ: ਵਿਰੋਧੀ ਧਿਰ

ਆਗਾਮੀ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਨੂੰ ਮਿਲੀ ਹੱਲਾਸ਼ੇਰੀ

ਨਵੀਂ ਦਿੱਲੀ:ਵਿਰੋਧੀ ਧਿਰ ਦੇ ਕਈ ਆਗੂਆਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਕਾਂਗਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਤੀਜਾ ਦਿਖਾਉਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਇਆ ਜਾ ਸਕਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਨਾਟਕ ਦੇ ਲੋਕਾਂ ਨੂੰ ਬਦਲਾਅ ਦੇ ਹੱਕ ਵਿੱਚ ਫ਼ਤਵਾ ਦੇਣ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਹੰਕਾਰੀ ਅਤੇ ਤਾਨਾਸ਼ਾਹ ਸਰਕਾਰ ਨੂੰ ਖ਼ਤਮ ਕਰ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬਜਰੰਗ ਬਲੀ ਦੇ ਮੁੱਦੇ ਦੀ ਥਾਂ ’ਤੇ ਐੱਲਪੀਜੀ ਨੂੰ ਚੁਣਨ ਲਈ ਕਰਨਾਟਕ ਦੇ ਲੋਕਾਂ ਦਾ ਧੰਨਵਾਦ ਕੀਤਾ। ਜਨਤਾ ਦਲ (ਯੂ) ਦੇ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਅਹੁਦੇ ਦੀ ਮਰਿਆਦਾ ਵਿਰੁੱਧ ਜਾ ਕੇ ਪ੍ਰਚਾਰ ਕੀਤਾ ਪਰ ਕਰਨਾਟਕ ’ਚ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਅੱਗੇ ਸਾਰਾ ਕੁਝ ਫੇਲ੍ਹ ਹੋ ਗਿਆ ਅਤੇ ਕਰਨਾਟਕ ਭਾਜਪਾ ਮੁਕਤ ਹੋ ਗਿਆ ਹੈ। ਸੀਪੀਆਈ ਦੇ ਸੰਸਦ ਮੈਂਬਰ ਬਿਨੋੲੇ ਵਿਸਵਮ ਨੇ ਕਿਹਾ ਕਿ ਮੋਦੀ ਅਜਿੱਤ ਨਹੀਂ ਹਨ ਅਤੇ ਜੇਕਰ ਧਰਮਨਿਰਪੱਖ ਤਾਕਤਾਂ ਇਕਜੁੱਟ ਹੁੰਦੀਆਂ ਹਨ ਤਾਂ 2024 ’ਚ ਭਾਜਪਾ ਰਾਜ ਦਾ ਖਾਤਮਾ ਹੋ ਜਾਵੇਗਾ। ਸੀਪੀਆਈ (ਐੱਮ-ਐੱਲ) ਲਿਬਰੇਸ਼ਨ ਜਨਰਲ ਸਕੱਤਰ ਦੀਪਾਂਕਰ ਭੱਟਾਚਾਰਿਆ ਨੇ ਵੀ ਭਾਜਪਾ ਹਕੂਮਤ ਖ਼ਿਲਾਫ਼ ਫ਼ਤਵੇ ਲਈ ਕਰਨਾਟਕ ਦੇ ਲੋਕਾਂ ਦਾ ਧੰਨਵਾਦ ਕੀਤਾ।