Headlines

 ਅਲਬਰਟਾ ਵਿਧਾਨ ਸਭਾ ਚੋਣਾਂ- ਸੱਤਾਧਾਰੀ ਯੂਸੀਪੀ ਅਤੇ ਵਿਰੋਧੀ ਧਿਰ ਐੱਨਡੀਪੀ ਵਿਚਾਲੇ ਮੁੱਖ ਟੱਕਰ

ਸਿਹਤ ਸਹੂਲਤਾਂ, ਕਰਾਈਮ, ਅਰਥਿਕਤਾ, ਵਿਆਜ ਦਰਾਂ, ਮਹਿੰਗਾਈ, ਵਾਤਾਵਰਣ, ਸਿੱਖਿਆ ਅਤੇ ਅਲਬਰਟਾ ਦੀ ਖੁਦਮੁਖਤਿਆਰੀ ਬਣ ਰਹੇ ਮੁੱਖ ਚੋਣ ਮੁੱਦੇ-

ਕੈਲਗਰੀ  ਨੌਰਥ ਈਸਟ ਚੋਣ ਹਲਕੇ ਵਿੱਚ ਦੋ ਪੰਜਾਬੀ ੳਮੀਦਵਾਰਾਂ ਯੂਸੀਪੀ ਦੇ ਇੰਦਰ ਗਰੇਵਾਲ ਅਤੇ ਐਨਡੀਪੀ ਦੇ ਗੁਰਿੰਦਰ ਬਰਾੜ ਵਿਚਕਾਰ ਹੋਵੇਗੀ ਟੱਕਰ-

– ਫਾਲਕਿਨ ਰਿਜ਼ ਵਿੱਚ ਦਵਿੰਦਰ ਤੂਰ ਤੇ ਪਰਮੀਤ ਬੋਪਾਰਾਏ ਵਿਚਕਾਰ ਹੋਵੇਗਾ ਰੌਚਿਕ ਮੁਕਾਬਲਾ-

ਹਰਕੰਵਲ ਸਿੰਘ ਕੰਗ-

ਕੈਲਗਰੀ:ਕੈਨੇਡਾ ਦੇ ਸੂਬੇ ਅਲਬਰਟਾ ਵਿੱਚ 29 ਮਈ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਕੈਲਗਰੀ ਅਤੇ ਐਡਮਿੰਟਨ ਵਿੱਚ ਪੰਜਾਬੀ ਭਾਈਚਾਰੇ ਦੀ ਜਿਕਰਯੋਗ ਵਸੋਂ ਹੈ। ਅਲਬਰਟਾ ਵਿਧਾਨ ਸਭਾ ਦੀਆਂ 87 ਸੀਟਾਂ ਹਨ ਜਿਨ੍ਹਾਂ ਉਤੇ ਸੈਂਕੜੇ ਉਮੀਦਵਾਰ ਅਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ਵਿੱਚ ਨਿੱਤਰੇ ਹਨ। ਵੋਟ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਇੰਗਲਿਸ਼,ਫਰੈਂਚ,ਜਰਮਨ ਪੰਜਾਬੀ, ਹਿੰਦੀ ਉਰਦੂ ਸਣੇ 24 ਭਾਸਾਵਾਂ ਵਿੱਚ ਜਾਣਕਾਰੀ ਦਿੱਤੀ ਗਈ ਹੈ।

 ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਗਲੇਨ ਰੇਸਲੇਰ ਅਨੁਸਾਰ ਚੋਣ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਲਈ ਰਿਟਰਨਿੰਗ ਅਧਿਕਾਰੀਆਂ ਦੀ ਨਿਯੁਕਤੀ ਹੋ ਚੁੱਕੀ ਹੈ। ਇੱਥੇ ਚੋਣ ਹਲਕੇ ਨੂੰ ਇਲੈਕਟੋਰਲ ਡਿਵੀਜ਼ਨ ਵਜੋਂ ਪ੍ਰੀਭਾਸਿਤ ਕੀਤਾ ਜਾਂਦਾ ਹੈ।

ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਧਿਰ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਯੂਸੀਪੀ ਅਤੇ ਨਿਊ ਡੈਮੋਕਰੇਟਿਕ ਪਾਰਟੀ ਵਿੱਚ ਟੱਕਰ ਹੈ। ਇਨ੍ਹਾਂ ਤੋਂ ਇਲਾਵਾ ਗਰੀਨ ਪਾਰਟੀ,ਲਿਬਰਲ ਪਾਰਟੀ,ਇਡਿਪੈਂਡਿਟਸ ਪਾਰਟੀ, ਅਡਵਾਂਟਿਜ਼ ਪਾਰਟੀ, ਵਾਈਲਡ ਰੋਜ਼ ਇਡਿਪੈਂਡਿਟਸ ਪਾਰਟੀ ਦੇ ੳਮੀਦਵਾਰਾਂ ਤੋਂ ਇਲਾਵਾ ਅਨੇਕਾਂ ਅਜਾਦ ਉਮੀਦਵਾਰ ਮੈਦਾਨ ਵਿੱਚ ਹਨ। ਅਲਬਰਟਾ ਚੋਣਾਂ ਵਿੱਚ ਪੰਜਾਬੀ ਅਤੇ ਭਾਰਤੀ ਮੂਲ ਦੇ ਪ੍ਰਮੁੱਖ ਉਮੀਦਵਾਰ

 ਕੈਲਗਰੀ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਪੰਜਾਬੀ ਉਮੀਦਵਾਰਾਂ ਵਿੱਚ ਦਵਿੰਦਰ ਤੂਰ ਯੂਸੀਪੀ ਦੇ ਮੁਕਾਬਲੇ ਪਰਮੀਤ ਸਿੰਘ ਬੋਪਾਰਾਏ ਐਨਡੀਪੀ ਵੱਲੋਂ ਫਾਲਕਿਨਜ਼ ਰਿੱਜ਼ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹੈ। ਬੋਪਾਰਏ ਪੰਜਾਬ ਦੇ ਲੁਧਿਆਣੇ ਜਿਲ੍ਹੇ ਦੇ ਘੁਡਾਣੀ ਪਿੰਡ ਨਾਲ ਸਬੰਧਤ ਹੈ। ਇੰਦਰ ਗਰੇਵਾਲ ਯੂਸੀਪੀ ਵੱਲੋਂ ਸਾਊਥ ਈਸਟ ਤੋਂ ਮੈਦਾਨ ਵਿੱਚ ਹੈ। ਗਰੇਵਾਲ ਪੰਜਾਬ ਦੇ ਲੁਧਿਆਣੇ ਜਿਲ੍ਹੇ ਦੇ ਸੁਧਾਰ ਪਿੰਡ ਨਾਲ ਸਬੰਧਤ ਹੈ। ਉਸ ਦੇ ਵਿਰੁੱਧ ਐਨਡੀਪੀ ਵੱਲੋਂ ਗੁਰਿੰਦਰ ਬਰਾੜ ਹਨ। ਉਹ ਵੀ ਮੋਗਾ ਨੇੜੇ ਪਿੰਡ ਤੋਂ ਹਨ। ਇਨ੍ਹਾਂ ਤੋਂ ਇਲਾਵਾ ਮੈਕਾਲ ਭੁੱਲਰ ਕੈਲਗਰੀ ਤੋਂ ਅਮਨਪ੍ਰੀਤ ਸਿੰਘ ਗਿੱਲ, ਪੀਟਰ ਸਿੰਘ ਯੂਸੀਪੀ ਵੱਲੋਂ ਕੈਲਗਰੀ ਈਸਟ , ਗੁਰਿੰਦਰ ਸਿੰਘ ਗਿੱਲ ਐੱਨਡੀਪੀ ਕੈਲਗਰੀ ਕਰੌਸ ਤੋਂ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਐਡਮਿੰਟਨ ਵਿੱਚ ਅੰਮ੍ਰਿਤਪਾਲ ਮਠਾੜੂ ਜਸਵੀਰ ਦਿਓਲ, ਰਣਜੀਤ ਬਾਠ,ਰਮਨ ਅਠਵਾਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਭਾਰਤੀ ਮੂਲ ਦੇ ਉਮੀਦਵਾਰਾਂ ਵਿੱਚ ਰਾਖੀ ਪੰਚੋਲੀ, ਰਾਜੇਸ਼ ਅੰਗਰਾਲ, ਰਾਜਨ ਸਾਹਨੀ, ਰਾਜ ਜੇਸੇਲ, ਪ੍ਰਸਾਦ ਪਾਂਡਾ, ਵੈਂਕਟ ਅਕੀਰਾਜ, ਚਿਤਰਾ ਬਖ਼ਸੀ ਆਦਿ ਪ੍ਰਮੁੱਖ ਉਮੀਦਵਾਰ ਹਨ।

 ਚੋਣਾਂ ਨੂੰ ਲੈ ਕੇ ਚੋਣ ਮੀਟਿੰਗਾਂ ਅਤੇ ਪ੍ਰਚਾਰ ਦੇ ਅਮਲ ਨੇ ਤੇਜੀ ਫੜ ਲਈ ਹੈ। ਅਨਡੀਪੀ ਵੱਲੋਂ ਰਚੇਲ ਨੋਟਲੇ ਦੀ ਅਗਵਾਈ ਹੇਠ ਡੇਨੀਅਲ ਸਮਿਥ ਦੀ ਅਗਵਾਈ ਵਾਲੀ ਯੂਸੀਪੀ ਨੂੰ ਸਖਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਸਪੀ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਵਧ ਚੜ੍ਹ ਕੇ ਪ੍ਰਚਾਰ ਕਰ ਰਹੀ ਹੈ ਅਤੇ ਐਨਡੀਪੀ ਸਰਕਾਰ ਦੀਆਂ ਖੁਨਾਮੀਆਂ ਨੂੰ ਪ੍ਰਚਾਰ ਰਹੀ ਹੈ। ਵੋਟਰਾਂ ਨਾਲ ਸਿੱਧੇ ਰਾਬਤੇ ਲਈ ਚੋਣ ਮੀਟਿੰਗਾਂ ਦਾ ਸਿਲਸਲਾ ਤੇਜ਼ ਹੋ ਗਿਆ ਹੈ।

ਚੋਣ ਪ੍ਰਚਾਰ ਦੌਰਾਨ ਸਿਹਤ ਸਹੂਲਤਾਂ, ਕਰਾਈਮ, ਅਰਥਿਕਤਾ, ਵਿਆਜ ਦਰਾਂ, ਮਹਿੰਗਾਈ, ਵਾਤਾਵਰਣ, ਸਿੱਖਿਆ ਅਤੇ ਅਲਬਰਟਾ ਦੀ ਖੁਦਮੁਖਤਿਆਰੀ ਮੁੱਖ ਚੋਣ ਮੁੱਦੇ ਬਣ ਰਹੇ ਹਨ। ਇਸ ਤੋਂ ਇਲਾਵਾ ਸੂਬੇ ਦੀ ਕੁਦਰਤੀ ਸਰੋਤ ਤੇਲ, ਗੈਸ ਦੀ ਵਰਤੋਂ ਯੂਕਰੇਨ ਜੰਗ ਦਾ ਨਾਗਰਿਕਾਂ ਉੱਤੇ ਪੈ ਰਿਹਾ ਅਸਰ ਵੀ ਚੋਣ ਮੁੱਦੇ ਵਜੋਂ ਚਰਚਾ ’ਚ ਹਨ।