Headlines

ਬ੍ਰੈਂਪਟਨ ਵਿਚ ਧੂਮ ਧਾਮ ਨਾਲ ਮਨਾਇਆ 21ਵਾਂ ਤੀਆਂ ਦਾ ਮੇਲਾ

ਉਘੇ ਗਾਇਕ ਮਲਕੀਤ ਸਿੰਘ, ਕਰਮਜੀਤ ਅਨਮੋਲ, ਕੇ ਐਸ ਮੱਖਣ, ਪ੍ਰੇਮ ਢਿੱਲੋਂ ਤੇ ਅਫਸਾਨਾ ਖਾਨ ਨੇ ਬੰਨਿਆਂ ਨਿਵੇਕਲ ਰੰਗ-

ਵਿੰਨੀਪੈਗ ( ਸ਼ਰਮਾ)- ਬੀਤੀ 13 ਮਈ ਨੂੰ  ਸੀਏਏ ਸੈਂਟਰ ਬਰੈਂਪਟਨ ਵਿਖੇ ਉਘੀ ਮੀਡੀਆ ਸ਼ਖਸੀਅਤ ਸੁੱਖੀ ਨਿੱਝਰ ਦੀ ਅਗਵਾਈ ਹੇਠ ਮਾਂ ਦਿਵਸ ਨੂੰ ਸਮਰਪਿਤ 21ਵਾਂ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ।ਇਸ ਤੀਆਂ ਦੇ ਮੇਲੇ ਦੌਰਾਨ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਭੈਣਾਂ ਤੇ ਬੀਬੀਆਂ ਸ਼ਾਮਿਲ ਹੋਈਆਂ ਉਥੇ  ਪ੍ਰ੍ਸਿਧ ਗਾਇਕ ਮਲਕੀਤ ਸਿੰਘ, ਕਰਮਜੀਤ ਅਨਮੋਲ, ਹਰਪ੍ਰੀਤ ਕੈਰੋਂ, ਪ੍ਰੇਮ ਢਿੱਲੋਂ, ਗੁਰ ਸਿੱਧੂ, ਸੁਖੀ ਬਰਾੜ, ਅਫਸਾਨਾ ਖਾਨ, ਮਨਿੰਦਰ ਦਿਓਲ, ਕੇ ਐਸ ਮੱਖਣ, ਮਿਕਸ ਸਿੰਘ ਤੇ ਬੀਕੇ ਨੇ ਆਪੋ ਆਪਣੀ ਸਰਬੋਤਮ ਪੇਸ਼ਕਾਰੀ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ ਤੇ ਹਰ ਇਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਸੁੰਦਰ ਦੇ ਮਨਮੋਹਨ ਪੰਜਾਬੀ ਪੋਸ਼ਾਕਾਂ ਤੇ ਰਵਾਇਤੀ ਗਹਿਣਿਆਂ ਵਿਚ ਸੱਜੀਆਂ ਔਰਤਾਂ ਨੇ ਮਾਹੌਲ ਨੂੰ ਵਿਆਹ ਵਰਗਾ ਬਣਾ ਦਿੱਤਾ। ਇਸ ਮੌਕੇ ਵੱਖ ਵੱਖ ਸਟਾਲ ਵੀ ਲਗਾਏ ਗਏ ਜਿਹਨਾਂ ਵਿਚ ਪੰਜਾਬੀ ਸੂਟ, ਜਿਊਲਰੀ ਅਤੇ ਸਵਾਦਿਸ਼ਟ ਖਾਣੇ ਵਿਸ਼ੇਸ਼ ਸ਼ਾਮਿਲ ਸਨ। ਸਥਾਨਕ ਸਿਆਸੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਆਖਰ ਵਿਚ ਗਿੱਧੇ ਦੀ ਪੇਸ਼ਕਾਰੀ ਯਾਦਗਾਰੀ ਰਹੀ। ਬਰੈਂਪਟਨ ਤੋ ਬਿਨਾਂ ਵਿੰਨੀਪੈਗ ਤੇ ਹੋਰ ਥਾਵਾਂ ਤੋ ਵੀ ਵਿਸ਼ੇਸ਼ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ।