Headlines

ਅਲਬਰਟਾ ਚੋਣਾਂ- ਬਹਿਸ ਵਿਚ ਸਮਿਥ ਤੇ ਨੋਟਲੀ ਵਿਚੋਂ ਕੋਈ ਵੀ ਸਪੱਸ਼ਟ ਜੇਤੂ ਨਹੀਂ…

29 ਮਈ ਨੂੰ  ਵੋਟਰ ਹੀ ਦੇਣਗੇ ਅਸਲੀ ਨਤੀਜਾ-

ਐਡਮਿੰਟਨ ( ਦੇ ਪ੍ਰ ਬਿ)–ਅਲਬਰਟਾ ਦਾ ਅਗਲਾ ਪ੍ਰੀਮੀਅਰ ਬਣਨ ਲਈ ਦੋ ਪਾਰਟੀਆਂ ਦੇ ਨੇਤਾ ਕੰਪੇਨ ਦੀ ਇਕੋ ਇਕ ਬਹਿਸ ਵਿਚ ਵੀਰਵਾਰ ਰਾਤ ਇਕ ਦੂਸਰੇ ਦੇ ਸਾਹਮਣੇ ਹੋਏ| ਮਾਹਿਰਾਂ ਦਾ ਕਹਿਣਾ ਕਿ ਦੋਵੇਂ ਰੇਚਲ ਨੋਟਲੀ ਤੇ ਮੌਜੂਦਾ ਪ੍ਰੀਮੀਅਰ ਡੇਨੀਅਲ ਸਮਿਥ ਆਪਣੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਿਚ ਪ੍ਰਭਾਵਸ਼ਾਲੀ ਰਹੀਆਂ ਪਰ ਇਕ ਸਪੱਸ਼ਟ ਜੇਤੂ ਦੇਖਣ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ| ਢਾਈ ਹਫ਼ਤਿਆਂ ਦੇ ਪ੍ਰਚਾਰ ਪਿੱਛੋਂ ਵੀਰਵਾਰ ਰਾਤ ਦੋਵੇਂ ਉਮੀਦਵਾਰਾਂ ਨੇ ਸਿੱਧਾ ਵੋਟਰਾਂ ਸਾਹਮਣੇ ਆਪਣਾ ਪੱਖ ਰੱਖਿਆ| ਨੋਟਲੀ ਨੇ ਕਿਹਾ ਕਿ ਜਦੋਂ ਉਹ ਕੁਝ ਕਹਿੰਦੀ ਹੈ ਤਾਂ ਉਸ ਦੇ ਕਹਿਣ ਤੇ ਡੇਨੀਅਲ ਦੇ ਕਹਿਣ ਵਿਚ ਫਰਕ ਹੁੰਦਾ ਹੈ| ਸਮਿਥ ਨੇ ਕਿਹਾ ਕਿ ਜੇਕਰ ਤੁਸੀਂ ਯੂਸੀਪੀ ਸਰਕਾਰ ਦੀ ਚੋਣ ਕਰਦੇ ਹੋ ਤਾਂ ਕਾਰਪੋਰੇਟ ਟੈਕਸ ਘੱਟ ਕਰ ਦਿੱਤੇ ਜਾਣਗੇ| ਤੁਹਾਡੇ ’ਤੇ ਕੋਈ ਅਚਨਚੇਤ ਟੈਕਸ ਨਹੀਂ ਲਗਾਇਆ ਜਾਵੇਗਾ| ਅਲਬਰਟਾ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮੁਕਾਬਲੇ ਵਾਲੇ ਚੋਣ ਤੋਂ ਪਹਿਲਾਂ ਹਰ ਇਕ ਵਾਅਦਾ ਤੇ ਸਟਾਈਲ ਮਾਇਨੇ ਰੱਖਦਾ ਹੈ| ਮਾਹਿਰਾਂ ਦਾ ਕਹਿਣਾ ਕਿ ਇਸ ਸਬੰਧ ਵਿਚ ਦੋਵੇਂ ਨੇਤਾ ਪ੍ਰਭਾਵਸ਼ਾਲੀ ਹਨ| ਨੋਟਲੀ ਨੇ ਆਰਥਿਕਤਾ ’ਤੇ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਤਿੰਨ ਸਾਲਾਂ ਵਿਚ ਅਸੀਂ 3.6 ਅਰਬ ਡਾਲਰ ਸਰਪਲੱਸ ਕਰਾਂਗੇ| ਦੋਵਾਂ ਨੇ ਆਰਥਿਕ ਨੀਤੀ ਬਾਰੇ ਵੀ ਗੱਲਬਾਤ ਕੀਤੀ| ਬਹੁਤ ਸਾਰੇ ਵੋਟਰਾਂ ਲਈ ਸਿਹਤ ਸੰਭਾਲ ਤੇਜ਼ੀ ਨਾਲ ਨੰਬਰ ਇਕ ਮੁੱਦਾ ਬਣ ਗਿਆ ਹੈ| ਸਮਿਥ ਦਾਅਵਾ ਕਰਦੀ ਹੈ ਕਿ ਯੂਸਪੀ ਇਸ ਮੋਰਚੇ ਵਿਚ ਅੱਗੇ ਹੈ | ਹਸਪਤਾਲ ਵਿਚ ਉਡੀਕ ਦਾ ਸਮਾਂ ਘੱਟ ਗਿਆ ਹ, ਈਐਮਐਸ ਰਿਸਪਾਂਸ ਦਾ ਸਮਾਂ ਵੀ ਘੱਟ ਗਿਆ|

ਉਧਰ ਐਨਡੀਪੀ ਦਾ ਕਹਿਣਾ ਕਿ ਯੂਸੀਪੀ ਤਹਿਤ ਅਲਬਰਟਾ ਸਟਾਫ ਦੀਆਂ ਸਾਰੀਆਂ ਖਾਲੀ ਥਾਵਾਂ ਨੂੰ ਭਰਨਾ ਅਸੰਭਵ ਹੈ| ਮਾਹਿਰਾਂ ਦਾ ਕਹਿਣਾ ਕਿ ਇਕ ਦੂਸਰੇ ਨੂੰ ਕੁਝ ਪ੍ਰੇਸ਼ਾਨ ਕਰਨ ਵਾਲੀ ਚਰਚਾ ਦੇ ਬਾਵਜੂਦ ਨਿਸ਼ਚਤ ਰੂਪ ਵਿਚ ਕਿਸੇ ਵੀ ਨੇਤਾ ਦਾ ਹੱਥ ਉੱਪਰ ਨਹੀਂ ਰਿਹਾ| ਮਾਊਂਟ ਰਾਇਲ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨੀ ਲੌਰੀ ਵਿਲੀਅਮਜ਼ ਨੇ ਕਿਹਾ ਕਿ ਮੈਨੂੰ ਕੋਈ ਸਪੱਸ਼ਟ ਜੇਤੂ ਨਹੀਂ ਲੱਗਾ| ਵਿਲੀਅਮਜ਼ ਨੇ ਕਿਹਾ ਕਿ ਸਮਿਥ ਨੇ ਮਜ਼ਬੂਤ ਸ਼ੁਰੂਆਤ ਕੀਤੀ ਪਰ ਬਹਿਸ ਦੇ ਅਣਲਿਖਤ ਹਿੱਸਿਆਂ ਵਿਚ ਸੰਘਰਸ਼ ਕੀਤਾ ਅਤੇ ਨੋਟਲੀ ਦੋਚਿਤੀ ਵਾਲੇ ਵੋਟਰਾਂ ਨੂੰ ਅਪੀਲ ਕਰਨ ਲਈ ਸਮਿਥ ਦੀਆਂ ਗਲਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਉਜਾਗਰ ਨਹੀਂ ਕਰ ਸਕੀ| ਇਹ 2015 ਵਿਚ ਜਿਮ ਪ੍ਰੈਂਟਸ ਨਾਲ ਬਹਿਸ ਵਰਗੀ ਨਹੀਂ ਸੀ| ਇਹ ਕੰਪੇਨ ਦੀ ਗਤੀ ਨੂੰ ਬਦਲਣ ਵਾਲੀ ਨਹੀਂ ਸੀ|

ਬਹਿਸ ਵਿਚ ਸਮਿਥ ਜਨਤਕ ਸੁਰੱਖਿਆ ’ਤੇ ਕੇਂਦਰਿਤ ਰਹੀ ਜਦਕਿ ਨੋਟਲੀ ਨੇ ਭਰੋਸੇਯੋਗਤਾ ਦੀ ਗੱਲ ਕੀਤੀ-
ਵੀਰਵਾਰ ਰਾਤ ਨੂੰ ਅਲਬਰਟਾ ਨੇਤਾਵਾਂ ਦੀ ਬਹਿਸ ਵਿਚ ਯੂਨਾਈਟਡ ਕੰਸਰਵੇਟਿਵ ਪਾਰਟੀ ਦੀ ਨੇਤਾ ਡੇਨੀਅਲ ਸਮਿਥ ਆਪਣੇ ਰਿਕਾਰਡ ਤੇ ਫ਼ੈਸਲੇ ’ਤੇ ਐਨ ਡੀ ਪੀ ਦੀ ਨੇਤਾ ਰੇਚਲ ਨੋਟਲੀ ਦੇ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਆਪਣੀ ਪਾਰਟੀ ਦੇ ਟੈਕਸ ਘੱਟ ਕਰਨ ਅਤੇ ਸਖਤ ਅਪਰਾਧ ਨੀਤੀ ਦੇ ਸੰਦੇਸ਼ਾਂ ’ਤੇ ਕਾਇਮ ਰਹੀ| ਦੋਵਾਂ ਨੇਤਾਵਾਂ ਨੇ ਟੈਲੀਵੀਜ਼ਨ ਪ੍ਰੋਗਰਾਮ ਵਿਚ ਸਟੇਜ ਸਾਂਝੀ ਕੀਤੀ | ਦੋਵਾਂ ਨੇਤਾਵਾਂ ਨੇ ਪ੍ਰੀਮੀਅਰ ਦੇ ਤੌਰ ’ਤੇ ਇਕ ਦੂਸਰੇ ਦੇ ਕਾਰਜਕਾਲ ’ਤੇ ਹਮਲਾ ਕਰਨ ਵਿਚ ਬਹੁਤੀ ਊਰਜਾ ਖਰਚ ਕੀਤੀ| ਸਮਿਥ ਨੇ ਅਫੋਰਡੇਬਿਲਟੀ ਅਤੇ ਨਸ਼ਿਆਂ ਨਾਲ ਨਜਿੱਠਣ ਲਈ ਸਹਾਇਤਾ ਵਾਲੀਆਂ ਨੀਤੀਆਂ ਨੂੰ ਮੁੜ ਦੁਹਰਾਇਆ| ਆਪਣੀਆਂ ਸਮਾਪਤੀ ਟਿੱਪਣੀਆਂ ਵਿਚ ਸਮਿਥ ਨੇ ਕਿਹਾ ਕਿ ਜੇਕਰ ਦੁਬਾਰਾ ਚੁਣੇ ਗਏ ਤਾਂ ਤੁਹਾਡੇ ਸਾਰਿਆਂ ਲਈ ਮੇਰੀ ਵਚਨਬੱਧਤਾ ਹੈ ਕਿ ਉਹ ਆਪਣੀ ਸਭ ਤੋਂ ਬਿਹਤਰ ਸਮਰੱਥਾ ਨਾਲ ਸੇਵਾ ਕਰੇਗੀ| ਅਤੀਤ ਵਿਚ ਰੇਡੀਓ ਟਾਕ ਵਿਚ ਮੇਰੇ ਵਲੋਂ ਕੁਝ ਵੀ ਕਿਹਾ ਜਾਂ ਸੋਚਿਆ ਹੋ ਸਕਦਾ ਹੈ ਪਰ ਹੁਣ ਅਲਬਰਟਾ ਵਾਸੀ ਮੇਰੇ ਮਾਲਕ ਹਨ| ਬਿਆਨ ਪਿੱਛੋਂ ਤਾਜ਼ਾ ਘੁਟਾਲਿਆਂ ਦੀ ਰੌਸ਼ਨੀ ਵਿਚ ਨੋਟਲੀ ਨੇ ਸਮਿਥ ਦੀ ਭਰੋਸੇਯੋਗਤਾ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵਿਚ ਦੋ ਹੋਰ ਨਾਂਹਪੱਖੀ ਘਟਨਾਵਾਂ ਹਨ ਜਿਹੜੀਆਂ ਵੀਰਵਾਰ ਸਾਹਮਣੇ ਆਈਆਂ ਹਨ| ਉਨ੍ਹਾਂ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਡੇਨੀਅਲ ਸਮਿਥ ’ਤੇ ਭਰੋਸਾ ਨਹੀਂ ਕਰ ਸਕਦੇ| ਇਸ ਤੋਂ ਪਹਿਲਾਂ ਅਲਬਰਟਾ ਦੇ ਐਥਿਕਸ ਕਮਿਸ਼ਨਰ ਨੇ ਪਾਇਆ ਕਿ ਗੱਲਬਾਤ ਜਿਹੜੀ ਸਮਿਥ ਨੇ ਸੁਰਖੀਆਂ ਵਿਚ ਰਹਿਣ ਵਾਲੇ ਕੋਵਿਡ-19 ਮਾਮਲੇ ਬਾਰੇ ਆਪਣੇ ਨਿਆਂ ਮੰਤਰੀ ਨਾਲ ਕੀਤੀ ਸੀ ਨੂੰ ਲੈ ਕੇ ਸਮਿਥ ਨੇ ਕਨਫਲਿਕਟ ਆਫ ਇੰਟਰੈਸਟ ਦੀ ਉਲੰਘਣਾ ਕੀਤੀ ਹੈ| ਨੋਟਲੀ ਨੇ ਬਹਿਸ ਵਿਚ ਜੌਹਨਸਨ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਪਰ ਸਮਿਥ ਦੇ ਸ਼ਾਸ਼ਨ ਕਰਨ ਦੀ ਸ਼ੈਲੀ ਨੂੰ ਅਰਾਜਕਤਾ ਵਾਲੀ ਦੱਸਿਆ|