Headlines

ਸੰਪਾਦਕੀ-ਵਾਅਦਿਆਂ ਦੀ ਮੁਕਾਬਲੇਬਾਜੀ ਬਨਾਮ ਦੋ ਬੀਬੀਆਂ ਵਿਚਾਲੇ ਸੱਤਾ ਦੀ ਜੰਗ…

ਅਲਬਰਟਾ ਚੋਣਾਂ -ਮਈ 2023

-ਸੁਖਵਿੰਦਰ ਸਿੰਘ ਚੋਹਲਾ————-

ਅਲਬਰਟਾ ਵਿਧਾਨ ਸਭਾ ਦੀਆਂ ਚੋਣਾਂ ਇਸ 29 ਮਈ ਨੂੰ ਹੋਣ ਜਾ ਰਹੀਆਂ ਹਨ। ਮੁੱਖ ਮੁਕਾਬਲਾ ਸੱਤਾਧਾਰੀ ਯੁਨਾਈਟਡ ਕੰਸਰਵੇਟਿਵ ਪਾਰਟੀ ਤੇ ਨਿਊ ਡੈਮੋਕਰੇਟ ਪਾਰਟੀ ਵਿਚਾਲੇ ਹੈ। ਦੋਵਾਂ ਪਾਰਟੀਆਂ ਦੀ ਅਗਵਾਈ ਔਰਤ ਆਗੂਆਂ ਦੇ ਹੱਥ ਵਿਚ ਹੈ ਤੇ ਦੋਵੇਂ ਹੀ ਤੇਜ਼ ਤਰਾਰ ਤੇ ਆਵਾਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਗੂ ਮੰਨੀਆਂ ਜਾਂਦੀਆਂ ਹਨ। ਲਗਪਗ 52 ਸਾਲ ਦੀ ਇਕ ਸਾਬਕਾ ਪੱਤਰਕਾਰ ਯੂ ਸੀ ਪੀ ਆਗੂ ਡੈਨੀਅਲ ਸਮਿਥ ਜਿਸਦਾ ਉਭਾਰ ਸਾਲ 2009 ਵਿਚ ਸੂਬੇ ਵਿਚ ਵਾਈਲਡਰੋਜ਼ ਪਾਰਟੀ ਦੀ ਆਗੂ ਵਜੋਂ ਹੋਇਆ ਸੀ ਤੇ ਉਸਨੇ 2012 ਦੀਆਂ ਚੋਣਾਂ ਵਿਚ ਉਸ ਸਮੇਂ ਦੀ ਸੱਤਾਧਾਰੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੂੰ ਵੱਡੀ ਚੁਣੌਤੀ ਦਿੱਤੀ ਸੀ ਪਰ ਬਾਦ ਵਿਚ ਉਸੇ ਪਾਰਟੀ ਵਿਚ ਹੀ ਸ਼ਾਮਲ ਹੋਣ ਨਾਲ ਆਪਣੀ ਮਜ਼ਬੂਤ ਆਗੂ ਦੀ ਛਵੀ ਨੂੰ ਖੋਰਾ ਲਗਾ ਬੈਠੀ ਸੀ। ਉਹ ਦਸੰਬਰ 2014 ਵਿਚ ਤਤਕਾਲੀ ਪ੍ਰੀਮੀਅਰ ਜਿਮ ਪ੍ਰੈਂਟਿਸ ਦੀ ਅਗਵਾਈ ਵਾਲੀ ਸਰਕਾਰ ਵਿਚ ਆਪਣੀ ਪਾਰਟੀ ਦੇ 8 ਵਿਧਾਇਕਾਂ ਸਮੇਤ ਸ਼ਾਮਿਲ ਹੋ ਗਈ ਸੀ। ਉਸਨੇ ਹਾਈਵੁੱਡ ਤੋ ਪੀਸੀ ਪਾਰਟੀ ਦੀ ਨੌਮੀਨੇਸ਼ਨ ਤੇ ਚੋਣ ਲੜੀ ਪਰ ਲੋਕਾਂ ਨੇ ਉਸਦੇ ਇਸ ਕਦਮ ਨੂੰ ਅਸਵੀਕਾਰ ਕਰਦਿਆਂ ਹਰਾ ਦਿੱਤਾ।

 2015 ਦੀਆਂ ਚੋਣਾਂ ਵਿਚ ਐਨ ਡੀ ਪੀ ਆਗੂ ਰੇਚਲ ਨੋਟਲੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਅਕਤੂਬਰ 2017 ਵਿਚ ਵਾਈਲਡਰੋਜ ਪਾਰਟੀ ਦੇ ਪੀ ਸੀ ਪਾਰਟੀ ਵਿਚ ਵਿਲਾਨ ਹੋਣ ਨਾਲ ਨਵੀ ਬਣੀ ਯੁਨਾਈਟਡ ਕੰਸਰਵੇਟਿਵ ਪਾਰਟੀ ਦੇ ਆਗੂ ਸਾਬਕਾ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਬਣੇ। ਭਾਰੀ ਉਤਸ਼ਾਹ ਨਾਲ ਸੂਬਾਈ ਸਿਆਸਤ ਵਿਚ ਪ੍ਰਵੇਸ਼ ਕਰਨ ਵਾਲੇ ਜੇਸਨ ਕੈਨੀ ਨੇ 2019 ਦੀਆਂ ਚੋਣਾਂ ਵਿਚ ਐਨ ਡੀ ਪੀ ਸਰਕਾਰ ਨੂੰ ਸੱਤਾ ਤੋਂ ਲਾਹ ਮਾਰਿਆ। ਜੇਸਨ ਕੈਨੀ ਜਿਹਨਾਂ ਦੀ ਕੈਨੇਡੀਅਨ ਸਿਆਸਤ ਵਿਚ ਕੌਮਾਂਤਰੀ ਚੰਗੀ ਪਛਾਣ ਮੰਨੀ ਜਾਂਦੀ ਸੀ, ਪਾਰਟੀ ਦੇ ਅੰਦਰੂਨੀ ਮਸਲਿਆਂ ਵਿਚ ਉਲਝ ਗਏ ਤੇ ਪਾਰਟੀ ਲੀਡਰਸ਼ਿਪ ਦੇ ਰਿਵਿਊ ਮਾਮਲੇ ਵਿਚ ਆਪਣੀ ਲੋਕ ਪ੍ਰਿਯਤਾ ਗਵਾ ਬੈਠੇ। ਉਹਨਾਂ ਨੇ  ਯੁਨਾਈਟਡ ਕੰਸਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਵਿਚ ਘੱਟ ਵੋਟ ਪ੍ਰਤੀਸ਼ਤ ਲੈਣ ਤੋ ਨਾਖੁਸ਼ ਹੁੰਦਿਆਂ ਅਸਤੀਫਾ ਦੇ ਦਿੱਤਾ ਤੇ ਫਿਰ ਅਕਤੂਬਰ 2022 ਵਿਚ  ਡੈਨੀਅਲ ਸਮਿਥ ਪਾਰਟੀ ਆਗੂ ਬਣਨ ਵਿਚ ਸਫਲ ਰਹੀ। ਪਾਰਟੀ ਆਗੂ ਵਜੋਂ ਉਹਨਾਂ ਨੇ ਅਲਬਰਟਾ ਦੇ ਪ੍ਰੀਮੀਅਰ ਵਜੋਂ ਜਿੰਮੇਵਾਰੀ ਸੰਭਾਲੀ ਤੇ ਹੁਣ ਆਮ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਦਿਆਂ ਕੰਸਰਵੇਟਿਵ ਵਿਰਾਸਤ ਨੂੰ ਅੱਗੇ ਲਿਜਾਣ ਦੇ ਯਤਨ ਵਿਚ ਹੈ।

 ਦੂਸਰੇ ਪਾਸੇ  ਐਨ ਡੀ ਪੀ ਆਗੂ ਰੇਚਲ ਨੋਟਲੀ ਜੋ ਸਾਲ 2015 ਤੋਂ 2019 ਤੱਕ ਅਲਬਰਟਾ ਦੀ ਪ੍ਰੀਮੀਅਰ ਰਹਿ ਚੁੱਕੀ ਹੈ, ਪੇਸ਼ੇ ਵਜੋਂ ਇਕ ਵਕੀਲ  ਤੇ ਐਨ ਡੀ ਪੀ ਆਗੂ ਰਹੇ ਗਰਾਂਟ ਨੋਟਲੀ ਦੀ ਧੀ ਹੈ। ਲਗਪਗ 58 ਸਾਲਾ ਨੋਟਲੀ ਨੇ ਅਕਤੂਬਰ 2014 ਐਨ ਡੀ ਪੀ ਆਗੂ ਰਾਜ ਪੰਨੂ ਤੋ ਪਾਰਟੀ ਦੀ ਵਾਗਡੋਰ ਸੰਭਾਲੀ ਸੀ ਤੇ 2015 ਦੀਆਂ ਚੋਣਾਂ ਵਿਚ ਪੀ ਸੀ ਪਾਰਟੀ ਦੀ 44 ਸਾਲਾ ਸੱਤਾ ਦਾ ਭੋਗ ਪਾਉਂਦਿਆਂ ਪਹਿਲੀ ਵਾਰ ਸੂਬੇ ਵਿਚ ਐਨ ਡੀ ਪੀ ਦੀ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਇਤਿਹਾਸ ਸਿਰਜਿਆ ਸੀ। ਕਾਮਿਆਂ ਦੇ ਹੱਕਾਂ ਦੀ ਅਲੰਬਰਦਾਰ  ਨੋਟਲੀ ਦੀ ਅਗਵਾਈ ਹੇਠ ਪਾਰਟੀ ਪਲੇਟਫਾਰਮ ਨੂੰ ਇਸ ਚੋਣ ਮੁਹਿੰਮ ਵਿਚ ਮੁੜ ਕ੍ਰਿਸ਼ਮੇ ਦੀ ਉਮੀਦ ਹੈ।

ਦੋਵਾਂ ਮੁੱਖ ਪਾਰਟੀਆਂ ਯੂਸੀਪੀ ਤੇ ਐਨ ਡੀ ਪੀ ਵਲੋ ਜਾਰੀ ਕੀਤੇ ਗਏ ਪਲੇਟਫਾਰਮ ਤੇ ਵਾਅਦਿਆਂ ਦੌਰਾਨ ਜਿਥੇ ਇਕ ਦੂਸਰੇ ਦੀਆਂ ਨੀਤੀਆਂ ਖਿਲਾਫ ਹਮਲੇ ਵੀ ਕੀਤੇ ਜਾ ਰਹੇ ਹਨ ਉਥੇ ਸੂਬੇ ਦੇ ਸੁਰੱਖਿਅਤ ਤੇ ਬੇਹਤਰ ਭਵਿਖ ਲਈ ਚੋਣ ਕਰਨ ਦਾ ਸੱਦਾ ਜਾ ਰਿਹਾ ਹੈ। ਯੂ ਸੀ ਪੀ ਦੇ ਚੋਣ ਪ੍ਰੋਗਰਾਮ ਵਿਚ ਅਗਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਸਰਕਾਰ ਬਣਦੀ ਹੈ ਤਾਂ ਸਿਹਤ, ਸਿੱਖਿਆ ਵਿਚ ਸਹੂਲਤਾਂ ਤੇ ਸੁਧਾਰਾਂ ਦੇ ਨਾਲ ਮੁਢਲੇ ਢਾਂਚੇ ਦੀ ਮਜ਼ਬੂਤੀ ਦੇ ਨਾਲ ਆਮ ਲੋਕਾਂ ਦੀ ਜਿੰਦਗੀ ਨੂੰ ਸੌਖਾਲਾ ਬਣਾਉਣ ਦੇ ਵਾਅਦੇ ਸ਼ਾਮਿਲ ਹਨ। ਯੂਸੀਪੀ ਦਾ ਵਾਅਦਾ ਹੈ ਕਿ ਅਲਬਰਟਾ ਵਾਸੀਆਂ ਦੀ ਨਿੱਜੀ ਆਮਦਨ ਉਪਰ ਟੈਕਸ ਦੀ ਕਟੌਤੀ ਕੀਤੀ ਜਾਵੇਗੀ ਜਿਸਦਾ ਹਰੇਕ ਪਰਿਵਾਰ ਨੂੰ ਸਾਲਾਨਾ 1500 ਡਾਲਰ ਤੱਕ ਲਾਭ ਮਿਲੇਗਾ। ਬਿਜਨੈਸ ਉਪਰ ਵੀ ਟੈਕਸ ਵਿਚ ਵੀ ਕੋਈ ਵਾਧਾ ਨਹੀ ਹੋਵੇਗਾ। ਸੀਨੀਅਰਜ਼ ਨਵੀ ਸੇਵਿੰਗ ਪਲਾਨ ਵਿਚ 25 ਪ੍ਰਤੀਸ਼ਤ ਤੱਕ ਡਿਸਕਾਊਂਟ ਦੇਣ ਦੀ ਗੱਲ ਕਹੀ ਗਈ ਹੈ। ਸੂਬੇ ਵਿਚ ਅਪਰਾਧਾਂ ਉਪਰ ਕਾਬੂ ਪਾਉਣ ਲਈ ਸੇਫ ਸਟਰੀਟ ਐਕਸ਼ਨ ਪਲਾਨ ਤਹਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਅਲਬਰਟਾ ਵਿਚ ਨਵੇਂ ਕਾਰੋਬਾਰਾਂ ਤੇ ਨੌਕਰੀਆਂ ਵਿਚ ਵਾਧੇ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਨਵੇਂ ਸਾਲ ਦੀ ਪਹਿਲੀ ਤਿਮਾਹੀ ਵਿਚ ਹੀ 5000 ਨਵੇਂ ਬਿਜਨੈਸ ਰਜਿਸਟਰਡ ਹੋਏ ਹਨ ਜਿਹਨਾਂ ਤੋ ਸੂਬੇ ਦੀ ਆਰਥਿਕਤਾ ਵਿਚ ਮਜ਼ਬੂਤੀ ਹੋਣ ਦੇ ਅਨੁਮਾਨ ਹਨ। ਸਿੱਖਿਆ ਦੇ ਖੇਤਰ ਵਿਚ ਸਰਕਾਰ ਨੇ ਯੂ ਸੀਪੀ ਸਰਕਾਰ ਵਲੋਂ 2019 ਤੋਂ 106 ਨਵੇਂ ਸੂਕਲ ਤੇ ਉਹਨਾਂ ਦਾ ਨਵੀਨੀਕਰਣ ਦੀ ਗੱਲ ਕਹੀ ਹੈ। ਸੂਬੇ ਵਿਚ ਸਿਹਤ ਸਹੂਲਤਾਂ ਦੀ ਬੇਹਤਰੀ ਲਈ ਹੈਲਥ ਕੇਅਰ ਗਾਰੰਟੀ ਦੀ ਗੱਲ ਕੀਤੀ ਗਈ ਹੈ। ਯੂਸੀਪੀ ਨੇ ਸਿਹਤ ਸੇਵਾਵਾਂ ਵਿਚ ਪ੍ਰਾਈਵੇਟ ਦਖਲ ਦੇ ਵਿਵਾਦ ਨੂੰ ਖਤਮ ਕਰਦਿਆਂ ਅਲਬਰਟਾ ਹੈਲਥ ਕੇਅਰ ਨੂੰ ਪੂਰਨ ਵਿਚ ਪਬਲਿਕ ਫੰਡਿਡ ਤਹਿਤ ਰੱਖੇ ਜਾਣ ਦੀ ਗਾਰੰਟੀ ਦਿੱਤੀ ਹੈ।

ਬੱਚਿਆਂ ਦੀ ਸਾਂਭ ਸੰਭਾਲ ਲਈ 2026 ਤੋਂ ਚਾਈਲਡ ਕੇਅਰ ਲਈ ਪ੍ਰਤੀ ਦਿਨ 10 ਡਾਲਰ ਦੀ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਐਨਰਜੀ ਸੈਕਟਰ ਵਿਚ ਖਰਚੇ ਘਟਾਉਣ ਤੇ ਵਧੇਰੇ ਲਾਭ ਲਈ ਕੱਚੇ ਤੇਲ ਦੀ ਢੋਆ ਢੁਆਈ ਦੇ ਰੇਲ ਪ੍ਰੋਗਰਾਮ ਦੇ ਨਾਲ ਪ੍ਰਾਈਵੇਟ ਸੈਕਟਰ ਦੀਆਂ ਸੇਵਾਵਾਂ ਲੈਣ ਤੋਂ ਕਰਦਾਤਾਵਾਂ ਦੇ 500 ਮਿਲੀਅਨ ਡਾਲਰ ਬਚਾਉਣ ਦਾ ਪ੍ਰੋਗਰਾਮ ਹੈ। ਅਲਬਰਟਾ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਤੇ ਵਾਤਾਵਰਣ ਦੀ ਸੰਭਾਲ ਲਈ ਅਲਬਰਟਾ ਮੇਡ ਨੀਤੀਆਂ ਨੂੰ ਤਰਜੀਹ ਦੇਣ ਦੀ ਪ੍ਰਤੀਬੱਧਤਾ ਦੁਹਰਾਈ ਗਈ ਹੈ।

ਆਪਣੇ ਘਰ ਦਾ ਸੁਪਨਾ ਸੌਖਾਲਾ ਕਰਨ ਲਈ 2.8 ਬਿਲੀਅਨ ਡਾਲਰ ਦੀ ਅਫੋਰਡੇਬਿਲਟੀ ਐਕਸ਼ਨ ਪਲਾਨ ਐਲਾਨੀ ਗਈ ਹੈ ਜਿਸ ਵਿਚ ਪ੍ਰਤੀ ਪਰਿਵਾਰ 900 ਡਾਲਰ ਮਹਿੰਗਾਈ ਰਾਹਤ ਅਤੇ 500 ਡਾਲਰ ਬਿਜਲੀ ਬਿਲ ਵਿਚ ਰਿਬੇਟ ਦਿੱਤੀ ਗਈ ਹੈ। ਇਮੀਗ੍ਰੇਸ਼ਨ ਇਕ ਵੱਡਾ ਮੁੱਦਾ ਹੈ। ਯੂਸੀਪੀ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿਚ ਪਰਿਵਾਰ ਯੁਕਤ ਇਮੀਗ੍ਰੇਸ਼ਨ ਪਲਾਨ ਸਫਲਤਾ ਨਾਲ ਚੱਲ ਰਹੀ ਹੈ। ਸਾਲ 2022 ਵਿਚ ਲਗਪਗ ਇਕ ਲੱਖ ਨਵੇਂ ਪਰਵਾਸੀਆਂ ਨੇ ਅਲਬਰਟਾ ਨੂੰ ਆਪਣਾ ਨਵਾਂ ਘਰ ਬਣਾਇਆ ਹੈ। ਅਲਬਰਟਾ ਅਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਪੇਂਡੂ ਖੇਤਰਾਂ ਵਿਚ ਘੱਟੋ ਘੱਟ ਨਿਵੇਸ਼ ਰਾਸ਼ੀ ਵੀ ਘਟਾਈ ਗਈ ਹੈ। ਪੀ ਐਨ ਪੀ ਪ੍ਰੋਗਾਰਮ ਤਹਿਤ ਸਾਲ 2023 ਵਚ 9750 ਨੌਮੀਨੇਸ਼ਨ ਪੱਤਰ ਜਾਰੀ ਹੋਣਗੇ ਜੋ ਕਿ ਪਿਛਲੇ ਸਾਲ 6500 ਦੇ ਕਰੀਬ ਸਨ।  ਸੂਬੇ ਵਿਚ ਨਸਲਵਾਦ ਵਿਰੋਧੀ ਤੇ ਬਹੁਸਭਿਆਚਾਰ ਨੂੰ ਬੜਾਵਾ ਦੇਣ ਲਈ 1.5 ਮਿਲੀਅਨ ਡਾਲਰ ਦਾ ਪ੍ਰੋਗਰਾਮ ਚੱਲ ਰਿਹਾ ਹੈ। ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਕੈਲਗਰੀ ਵਿਚ ਕੈਂਸਰ ਸੈਂਟਰ ਦੀ ਸਥਾਪਨਾ ਤੇ ਹੋਰ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਉਪਰੰਤ ਐਲ ਆਰ ਟੀ ਪ੍ਰਾਜੈਕਟ ਲਈ 541 ਮਿਲੀਅਨ ਡਾਲਰ ਅਤੇ ਐਡਮਿੰਟਨ ਐਲ ਆਰ ਟੀ ਪ੍ਰਾਜੈਕਟ ਲਈ 760 ਮਿਲੀਅਨ ਡਾਲਰ ਖਰਚੇ ਜਾ ਰਹੇ ਹਨ।

ਐਨ ਡੀ ਪੀ ਨੇ ਆਪਣੇ ਪਲੇਟਫਾਰਮ ਵਿਚ ਸਿਹਤ, ਸਿੱਖਿਆ, ਰੋਜਗਾਰ, ਬੁਨਿਆਦੀ ਢਾਂਚੇ ਤੇ ਕਾਮਿਆਂ ਦੇ ਮੁੱਦਿਆਂ ਉਪਰ ਯੂਸੀਪੀ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕਰਦਿਆਂ ਵਾਅਦਾ ਕੀਤਾ ਹੈ ਕਿ ਅਗਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋ ਪਹਿਲਾਂ ਹਰੇਕ ਅਲਬਰਟਾ ਵਾਸੀ ਲਈ ਫੈਮਲੀ ਡਾਕਟਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਮੇਂ 8 ਲੱਖ ਅਜਿਹੇ ਲੋਕ ਹਨ ਜਿਹਨਾਂ ਦਾ ਕੋਈ ਫੈਮਲੀ ਡਾਕਟਰ ਨਹੀ ਹੈ। ਐਨ ਡੀ ਪੀ ਨੇ 40 ਨਵੇਂ ਫੈਮਲੀ ਹੈਲਥ ਕਲੀਨਿਕ ਬਣਾਉਣ ਲਈ 350 ਮਿਲੀਅਨ ਨਿਵੇਸ਼ ਕਰਨ ਦੇ ਨਾਲ 4000 ਨਵੇ ਡਾਕਟਰ ਤੇ ਹੋਰ ਸਟਾਫ ਭਰਤੀ ਕਰਲ ਈ 400 ਮਿਲੀਅਨ ਡਾਲਰ ਖਰਚਣ ਦੀ ਗੱਲ ਕਹੀ ਹੈ। ਸੂਬੇ ਵਿਚ 47 ਹਜਾਰ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ 20 ਅਰਬ ਡਾਲਰ ਦਾ ਪ੍ਰਾਈਵੇਟ ਨਿਵੇਸ਼ ਲਿਆਉਣ ਦੀ ਯੋਜਨਾ ਹੈ। ਯੂਸੀ ਪੀ ਵਾਂਗ ਐਨ ਡੀ ਪੀ ਨੇ ਵੀ ਨਿੱਜੀ ਆਮਦਨ ਟੈਕਸ ਵਿਚ ਕੋਈ ਵਾਧਾ ਨਾ ਕਰਨ ਦੀ ਗਾਰੰਟੀ ਦਿੱਤੀ ਹੈ। ਅਗਲੇ ਪੰਜ ਸਾਲਾ ਵਿਚ 40,000 ਨਵੇਂ ਅਫੋਰਡੇਬਲ ਘਰ ਬਣਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ। ਇਸ ਸਮੇਂ 25 ਹਜਾਰ ਤੋ ਉਪਰ ਅਲਬਰਟਾ ਵਾਸੀ ਅਫੋਰਡੇਬਲ ਹਾਉਸਿੰਗ ਦੀ ਉਡੀਕ ਸੂਚੀ ਵਿਚ ਹਨ । ਸਿੱਖਿਆ ਦੀ ਬੇਹਤਰੀ ਵਾਸਤੇ 4000 ਨਵੇਂ ਅਧਿਆਪਕ ਅਤੇ 3000 ਸਹਾਇਕ ਸਟਾਫ ਭਰਤੀ ਕੀਤੇ ਜਾਣਗੇ। ਐਨ ਡੀ ਪੀ ਜਿਸਦਾ ਐਡਮਿੰਟਨ ਵਿਚ ਚੰਗਾ ਆਧਾਰ ਮੰਨਿਆ ਜਾਂਦਾ ਹੈ ਨੇ ਕੈਲਗਰੀ ਵਿਚ ਵੀ ਆਪਣਾ ਆਧਾਰ ਵਧਾਉਣ ਦੇ ਮਕਸਦ ਨਾਲ ਕੈਲਗਰੀ ਦੇ ਬੇਹਤਰ ਭਵਿੱਖ ਲਈ ਵੱਖਰੀ ਯੋਜਨਾ ਐਲਾਨੀ ਹੈ ਜਿਸ ਵਿਚ 1.2 ਅਰਬ ਡਾਲਰ ਦੇ ਨਿਵੇਸ਼ ਨਾਲ ਹਜਾਰਾਂ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਗੱਲ ਕਹੀ ਗਈ ਹੈ। ਹੋਮਟਾਉਨ ਅਲਬਰਟਾ ਦੇ ਪ੍ਰੋਗਰਾਮ ਤਹਿਤ ਸੂਬੇ ਦੇ ਕਸਬਿਆਂ ਦੇ ਸੁਧਾਰ ਦੇ ਨਾਲ ਹਰ ਸ਼ਹਿਰ ਵਿਚ ਹਾਕੀ ਰਿੰਕ ਬਣਾਉਣ ਦਾ ਵੀ ਵਾਅਦਾ ਕੀਤਾ ਹੈ। ਪੇਂਡੂ ਖੇਤਰਾਂ ਵਿਚ ਹਾਈ ਸਪੀਡ ਇੰਟਰਨੈਟ ਸੇਵਾਵਾਂ ਪਹੁੰਚਾਉਣ ਲਈ 2027 ਤੱਕ ਪੂਰੇ ਸੂਬੇ ਵਿਚ ਯੂਨੀਵਰਸਲ ਬਰਾਡਬੈਂਡ ਦੀ ਸਹੂਲਤ ਮੁਹੱਈਆ ਕਰਵਾਏ ਜਾਵੇਗੀ। ਇਸ ਸਮੇਂ ਲਗਪਗ 2 ਲੱਖ ਅਜਿਹੇ ਘਰ ਹਨ ਜਿਥੇ ਇਹ ਸਹੂਲਤ ਨਹੀ ਹੈ। ਸ਼ਹਿਰਾਂ ਦੇ ਕਸਬਿਆਂ ਨੂੰ ਸੁਰੱਖਿਆ ਬਣਾਉਣ ਲਈ ਮਿਊਂਸਪਲ ਪੁਲਿਸ ਫੰਡ ਬਹਾਲ ਕੀਤਾ ਜਾਵੇਗਾ। ਇਮੀਗ੍ਰੇਸ਼ਨ ਦੀ ਮਹੱਤਤਾ ਨੂੰ ਸਮਝਦਿਆਂ ਐਨ ਡੀ ਪੀ ਨੇ ਪੀ ਐਨ ਪੀ ਪ੍ਰੋਗਾਰਮ ਤਹਿਤ ਸਕਿਲਡ ਵਰਕਰਾਂ, ਹੈਲਥ ਵਰਕਰਾਂ ਤੇ ਅਲਬਰਟਾ ਵਿਚ ਪੜਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਪੀ ਆਰ ਵਾਸਤੇ ਤੇਜੀ ਲਿਆਂਦੀ ਜਾਵੇਗੀ। ਵਿਦੇਸ਼ੀ ਕਰੀਡੈਂਸ਼ੀਅਲ ਦੀ ਮਾਨਤਾ ਨੂੰ ਵੀ ਸਮਾਂਬੱਧ ਕੀਤਾ ਜਾਵੇਗਾ। ਬੱਚਿਆਂ ਨੂੰ ਖੇਡਾਂ ਤੇ ਮਨੋਰੰਜਨ ਸਹੂਲਤਾਂ ਲਈ 500 ਡਾਲਰ ਟੈਕਸ ਕਰੈਡਿਟ ਦਿੱਤਾ ਜਾਵੇਗਾ।

ਸੈਕੰਡਰੀ ਐਜੂਕੇਸ਼ਨ  ਨੂੰ ਪਹੁੰਚ ਵਿਚ ਬਣਾਉਣ ਲਈ ਐਨ ਡੀ ਪੀ 2022-23 ਦੀਆਂ ਟਿਊਸ਼ਨਾਂ ਫੀਸਾਂ ਵਿਚ ਵਾਧਾ ਨਹੀ ਕਰੇਗੀ ਜਦੋਂਕਿ ਸਮਿਥ ਸਰਕਾਰ ਨੇ ਫੀਸਾਂ ਵਿਚ ਵਾਧੇ ਦੀ ਤਜਵੀਜ ਰੱਖੀ ਹੈ।ਇਸ ਨਾਲ ਸੂਬੇ ਵਿਚ ਪੜ ਰਹੇ 3 ਲੱਖ ਵਿਦਿਆਰਥੀਆਂ ਨੂੰ ਇਕ ਸਾਲ 100 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਐਨ ਡੀ ਪੀ ਨੇ ਮੁਲਾਜਮਾਂ ਤੇ ਟੀਚਰਾਂ ਦੀ ਪੈਨਸ਼ਨ ਸਕੀਮ ਨੂੰ ਸੁਰੱਖਿਅਤ ਬਣਾਉਣ ਦਾ ਵਾਅਦਾ ਕੀਤਾ ਹੈ। ਔਰਤਾਂ ਦੀ ਸਿਹਤ ਦੀ ਸਹੂਲਤ ਨੂੰ ਧਿਆਨ ਰੱਖਿਦਆਂ ਮੁਫਤ ਗਰਭ ਨਿਰੋਧਕ ਗੋਲੀਆਂ ਤੇ ਹੋਰ ਉਪਾਵਾਂ ਦਾ ਵੀ ਵਾਅਦਾ ਕੀਤਾ ਹੈ। ਪਰਵਾਸੀ ਭਾਈਚਾਰਿਆਂ ਦੀ ਸਭਿਆਚਾਰਕ ਪਛਾਣ ਦੀ ਸੁਰੱਖਿਆ ਵਾਸਤੇ ਸੋਮਾਲੀ ਤੇ ਫਿਲਪੀਨੋ ਭਾਸ਼ਾਵਾਂ ਨੂੰ ਸਕੂਲਾਂ ਵਿਚ ਮੰਗ ਦੇ ਆਧਾਰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਦੋਵਾਂ ਪਾਰਟੀਆਂ ਵਲੋਂ ਆਪੋ ਆਪਣੇ ਪ੍ਰੋਗਰਾਮ ਤੇ ਚੋਣ ਵਾਅਦਿਆਂ ਤਹਿਤ ਸੂਬੇ ਦੀ ਬੇਹਤਰੀ, ਚੰਗੇਰੇ ਭਵਿੱਖ ਦੇ ਨਾਲ ਵਧੇਰੇ ਲੋਕ ਸਹੂਲਤਾਂ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵੋਟਰਾਂ ਇਹਨਾਂ ਚੋਣ ਵਾਅਦਿਆਂ ਨੂੰ ਕਿਵੇਂ ਦਾ ਹੁੰਗਾਰਾ ਦਿੰਦੇ ਹਨ। ਇੰਤਜਾਰ ਬਾਕੀ ਹੈ…..