Headlines

ਜੰਗਲੀ ਅੱਗਾਂ ਦੇ ਧੂੰਏਂ ਕਾਰਣ ਐਡਮਿੰਟਨ ਨਗਰ ਕੀਰਤਨ ਦਾ ਰੂਟ ਛੋਟਾ ਕੀਤਾ

ਐਡਮਿੰਟਨ ( ਗੁਰਪ੍ਰੀਤ ਸਿੰਘ)- ਅਲਬਰਟਾ ਵਿਚ ਪਿਛਲੇ ਦਿਨਾਂ ਤੋ ਜੰਗਲਾਂ ਨੂੰ ਲੱਗੀਆਂ ਅੱਗਾਂ ਕਾਰਣ ਸੂਬੇ ਭਰ ਵਿਚ ਧੂੰਏ ਦੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕਰਨ ਉਪਰੰਤ ਸਿਟੀ ਪ੍ਰਸ਼ਾਸ਼ਨ ਨੇ ਕੱਲ ਐਡਮਿੰਟਨ ਵਿਚ ਹੋਣ ਜਾ ਰਹੇ ਵਿਸਾਖੀ ਨਗਰ ਕੀਰਤਨ ਦਾ ਰੂਟ ਛੋਟਾ ਕਰ ਦਿੱਤਾ ਹੈ। ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਸ ਕਰਨੈਲ ਸਿੰਘ ਭੰਵਰਾ ਨੇ ਦੇਸ ਪ੍ਰਦੇਸ ਨੂੰ ਦੱਸਿਆ ਹੈ ਕਿ ਕੱਲ 21 ਮਈ ਨੂੰ ਸਵੇਰੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ਼ੁਰੂ ਹੋਵੇਗਾ ਜੋ ਟੀ ਡੀ ਬੇਕਰ ਸਕੂਲ ਦੀ ਗਰਾਉਂਡ ਤੱਕ ਜਾਵੇਗਾ। ਉਥੇ ਹੀ ਦੀਵਾਨ ਸਜਾਏ ਜਾਣਗੇ ਤੇ ਉਥੋ ਹੀ ਅੱਗੇ ਗੁਰਦੁਆਰਾ ਮਿਲਵੁਡਜ ਵੱਲ ਜਾਣ ਦੇ ਬਿਜਾਏ ਵਾਪਿਸ ਗੁਰਦੁਆਰਾ ਸਿੰਘ ਸਭਾ ਨੂੰ ਪਰਤ ਆਵੇਗਾ ਭਾਵ ਨਗਰ ਕੀਰਤਨ ਦਾ ਰੂਟ ਕੇਵਲ ਟੀ ਡੀ ਬੇਕਰ ਸਕੂਲ ਤੱਕ ਹੀ ਹੋਵੇਗਾ। ਨਗਰ ਕੀਰਤਨ ਦਾ ਪੂਰਾ ਸਮਾਂ ਸਵੇਰੇ 12 ਤੋਂ ਚਾਰ ਵਜੇ ਤੱਕ ਹੋਵੇਗਾ। ਉਹਨਾਂ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਅਲਬਰਟਾ ਵਿਚ ਇਸ ਸਮੇਂ 91 ਥਾਵਾਂ ਤੇ ਭਾਰੀ ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ ਜਿਹਨਾਂ ਚੋ 25 ਥਾਵਾਂ ਤੇ ਅੱਗਾਂ ਬੇਕਾਬੂ ਹਨ। 17 ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਲਗਪਗ 10,700 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।