Headlines

ਐਡਮਿੰਟਨ ਵਿਚ ਵਿਸਾਖੀ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਸਜਾਇਆ

ਮੌਸਮ ਦੀ ਖਰਾਬੀ ਦੇ ਬਾਵਜੂਦ ਲੱਖਾਂ ਸ਼ਰਧਾਲੂਆਂ ਨੇ ਹਾਜਰੀ ਭਰੀ-

-ਪ੍ਰੀਮੀਅਰ ਡੈਨੀਅਲ ਸਮਿਥ ਤੇ ਐਨ ਡੀ ਪੀ ਆਗੂ ਰੇਚਲ ਨੋਟਲੀ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ-

-ਨਗਰ ਕੀਰਤਨ ਕਮੇਟੀ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਧੰਨਵਾਦ-

ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਅੱਜ  ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜੋ ਕਿ ਪੋਲਾਰਡ ਮੈਡੋਜ਼ ਪਾਰਕ (ਟੀ ਡੀ ਬੇਕਰ ਸਕੂਲ) ਚ ਲਗਭਗ 4 ਘੰਟੇ ਦੇ ਠਹਿਰਾ ਤੋਂ ਬਾਅਦ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਹੈਡ ਗ੍ਰੰਥੀ ਭਾਈ ਹਰਬੰਸ ਸਿੰਘ ਵੱਲੋਂ ਕੀਤੀ ਅਰਦਾਸ ਤੋਂ ਬਾਅਦ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਭਾਈ ਭੁਪਿੰਦਰ ਸਿੰਘ ਊਨਾ ਸਾਹਿਬ ਵਾਲੇ, ਭਾਈ ਹਰਪ੍ਰੀਤ ਸਿੰਘ ਸ਼੍ਰੀ ਅੰਮ੍ਰਿਤਸਰ ਵਾਲੇ, ਭਾਈ ਸਤਨਾਮ ਸਿੰਘ ਤੇ ਹੋਰ ਰਾਗੀ ਜੱਥਿਆਂ ਨੇ ਕੀਰਤਨ ਕੀਤਾ।
ਮੌਸਮ ਵਿਭਾਗ ਵੱਲੋਂ ਖਰਾਬ ਵਾਤਾਵਰਣ ਦੀ ਚੇਤਾਵਨੀ ਦੇ ਬਾਵਜੂਦ ਨਗਰ ਕੀਰਤਨ ਵਿੱਚ ਲੱਖਾਂ ਦੀ ਤਦਾਦ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਟੀ ਡੀ ਬੇਕਰ ਸਕੂਲ ਦੀ ਗਰਾਊਂਡ ਵਿਚ ਲੱਗੀ ਧਾਰਮਿਕ ਸਟੇਜ ਤੋਂ ਜਿਥੇ ਵੱਖ ਵੱਖ ਬੁਲਾਰਿਆਂ, ਢਾਡੀ, ਕਵੀਸ਼ਰ, ਬੱਚਿਆਂ  ਦੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ,  ਉਥੇ ਵੱਖ ਵੱਖ ਸੰਸਥਾਵਾਂ, ਕਾਰੋਬਾਰੀ ਅਦਾਰਿਆਂ ਵੱਲੋਂ ਆਪਣੇ ਪ੍ਰਚਾਰ ਦੇ ਨਾਲ ਨਾਲ ਸੰਗਤਾਂ ਲਈ ਵੱਖ -ਵੱਖ ਤਰਾਂ ਦੇ ਜੂਸ, ਕੋਲਡ ਡਰਿੰਕਸ, ਜਲ, ਪੂਰੀਆਂ- ਛੋਲੇ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ।
ਇਸ ਮੌਕੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਆਪਣੀ ਪਾਰਟੀ ਦੇ ਉਮੀਦਵਾਰਾਂ ਤੇ ਵਰਕਰਾਂ ਸਮੇਤ  ਅਤੇ ਵਿਰੋਧੀ ਧਿਰ ਐਨ ਡੀ ਪੀ ਦੀ ਨੇਤਾ ਰੇਚਲ ਨੋਟਲੀ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਤੇ ਵਰਕਰਾਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਸੰਗਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ। ਨਗਰ ਕੀਰਤਨ ਦੌਰਾਨ ਸਿੱਖ ਯੂਥ ਐਡਮਿੰਟਨ ਦੇ ਸੇਵਾਦਾਰਾਂ ਵੱਲੋਂ ਵਿਸ਼ੇਸ਼ ਦਸਤਾਰ ਸਜਾਉਣ ਦੀ ਸੇਵਾ ਨਿਭਾਉਂਦਿਆਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ। ਇਸ ਮੌਕੇ ਐਡਮਿੰਟਨ ਪੁਲਿਸ, ਪੈਰਾਮੈਡੀਕਲ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਨੇ ਵੀ ਬਾਖੂਬੀ ਸੇਵਾ ਨਿਭਾਈ। ਨਗਰ ਕੀਰਤਨ ਕਮੇਟੀ ਦੇ ਵਲੰਟੀਅਰਾਂ ਵੱਲੋਂ ਮੌਕੇ ਤੇ ਹੀ ਸਫਾਈ ਅਤੇ ਹੋਰ ਗਾਰਬੇਜ ਨੂੰ ਤੁਰੰਤ ਗਰਾਊਂਡ ਅਤੇ ਹੋਰ ਰਸਤਿਆਂ ਤੋਂ ਸਾਫ ਕੀਤਾ ਗਿਆ।
ਵਿਸਾਖੀ ਨਗਰ ਕੀਰਤਨ ਕਮੇਟੀ, ਗੁਰਦੁਆਰਾ ਸ਼੍ਰੀ ਗੂਰੁ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਮਿਲਵੁਡਜ ਨੇ ਨਗਰ ਕੀਰਤਨ ਸਫਲਤਾ ਲਈ ਤੇ ਲੱਖਾਂ ਸੰਗਤਾਂ ਦੇ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।