Headlines

ਵਾਹ ਨੀ ਜਵਾਨੀਏ…………….

“ਪ੍ਰੋ ਪੂਰਨ ਸਿੰਘ’ ਨੇ ਲਿਖਿਆ ਸੀ ਕਿ  ‘ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂਅ ਨਾਂ ਮੰਨਣ ਕਿਸੇ ਦੀ ”। ਸੱਚ ਮੁੱਚ ਪੰਜਾਬੀ ਜਵਾਨੀ ਤੇ ਇਹ ਸਤਰਾਂ ਢੁੱਕਦੀਆਂ ਸਨ । ਪੰਜਾਬ ਦੀ ਦਰਸ਼ਨੀ ਜਵਾਨੀ ਹਮੇਸ਼ਾ ਆਪਣੇ ਨਾਇਕ ਤੇ ਨਾਬਰੀ ਦਾ ਪ੍ਰਤੀਕ  ‘ਦੁੱਲੇ ਭੱਟੀ ‘ਤੋਂ ਸੇਧ ਲੈਂਦੀ ਰਹੀ ਹੈ। ਸਮੇਂ ਨਾਲ ਗੀਤ ਤੇ ਸੰਗੀਤ ਦਾ ਬਦਲਣਾਂ ਕੁਦਰਤੀ ਹੈ। ਅਜੋਕੇ ਸਮੇਂ ਜ਼ਵਾਨੀ ਅਧੁਨਿਕਤਾ ਦੀ ਪਾਣ ਚੜਾਕੇ ਵਿਖਾਵਿਆਂ ਵਿੱਚ ਭਟਕਦੀ ਨਜ਼ਰ ਆ ਰਹੀ ਹੈ। ਪ੍ਰੋ ਪੂਰਨ ਸਿੰਘ ਦੀ ਨਜ਼ਰ ਵਾਲੀ ਜਵਾਨੀ ਸੱਚ ਮੁੱਚ ਕਿਸੇ ਦੀ ਟੈਂਅ ਮੰਨਣ ਵਾਲੀ ਨਹੀਂ ਸੀ ਪ੍ਰੰਤੂ ਅਜੋਕੇ ਜਵਾਨੀ ਲਗਦੈ ਟੈਂਅ ਮੰਨਣ ਦੀ ਆਦੀ ਹੋ ਰਹੀ ਹੈ। ਕਿਉਂਕਿ ਬਹੁ ਅਰਥੀ,ਗੰਨ ਕਲਚਰ ਤੇ ਫੁਕਰਾਪੰਥੀ ਨਾਲ ਭਰੀ ਸ਼ਬਦਾਵਲੀ ਵਾਲੇ ਗੀਤਾਂ ਦੀ ਟੈਂਅ ਅਜੋਕੀ ਜਵਾਨੀ ਮੰਨਦੀ ਦਿਸ ਰਹੀ ਹੈ।
ਸਮਝਾਉਣ ਦੀ ਲੋੜ ਹੈ ਜਵਾਨੀ ਨੂੰ ਕਿ   “ਆਹ! ਭੜਕੀਲੇ ਗੀਤਾਂ ਵਿਚਲੇ ਨਕਲੀ ਹੀਰੋ ਤੁਹਾਨੂੰ ਰਸਾਤਲ ਦੀ ਐਸੀ ਡੂੰਘੀ ਖਾਈ ਵਿਚ ਸੁੱਟਣਗੇ, ਜਿਥੋਂ ਨਿਕਲਣਾਂ  ਪਨਾਮਾਂ ਦੇ ਜੰਗਲਾਂ ਨਾਲੋਂ ਵੀ ਔਖਾ ਹੈ।’ “ਸ਼ਾਨੂੰ ਰੱਬ ਨੇ ਬਣਾਇਆ ਮਹਾਰਾਜੇ ਗੀਤ ਜ਼ਰੂਰ ਸੁਣੋਂ  ਪਰ ਝੂਠੀ ਫੂਕ ਵਿੱਚ ਆਕੇ ਪਿਓ ਦਾਦੇ ਦੀਆਂ ਬਣਾਈਆਂ ਜ਼ਮੀਨਾਂ ਭੰਗ ਦੇ ਭਾੜੇ ਨਾ ਗਵਾਓ। ਵਿਆਹਾਂ, ਭੋਗਾਂ,ਨਾਨਕਛੱਕਾਂ, ਪੀ੍ ਵੈਡਿੰਗ ਵੀਡੀਓ ਬਣਾਕੇ ਇਹ ਫਿਲਿੰਗ ਲੈਣ ਲਈ ਹੀ ਕਰੀ ਜਾ ਰਹੇ ਆਂ  ਕਿ ਅਸੀਂ” ਪੰਜਾਬੀ ਹੁੰਨੇ ਆਂ ਸਾਡੀ ਰੀਸ ਕੌਣ ਕਰ ਲਊ”  ।
ਅਸੀਂ ਟੈਂਅ ਮੰਨ ਲਈ ਏ ਇੰਟਰਨੈੱਟ ਜ਼ਰੀਏ ਅਸ਼ਲੀਲਤਾ ਵਿੱਚ ਗੁਲਤਾਨ ਰਹਿਣ ਦੀ। ਅੱਜ ਲੋੜ ਹੈ ‘ਲਾਲ ਪਰੀ ‘ਵਾਲੇ ਗੀਤਾਂ ਨੂੰ ਛੱਡਕੇ ਇਹ ਵਿਚਾਰ ਕਰਨ ਦੀ ਕਿ ਜੇਕਰ ਪ੍ਰਵਾਸੀ ਲੋਕ ਪੰਜਾਬ ਵਿੱਚ ਔਖੇ ਹਾਲਾਤ ਕੱਟਕੇ ਤਰੱਕੀ ਕਰ ਸਕਦਾ ਨੇ ਤਾਂ ਸਾਡੇ ਕੀ ‘ਛਪਾਕੀ’ ਨਿਕਲੀ ਹੋਈ ਏ। ਅਸੀਂ ਟੈਂਅ ਮੰਨ ਚੁੱਕੇ ਹਾਂ ਵਿਦੇਸ਼ਾਂ ਦੀ ਅੰਨ੍ਹੀ ਦੌੜ ਦੀ, ਡਾਲਰਾਂ , ਪੌਡਾਂ ਦੀ ਚਮਕ ਦੀ, ਦਿਖਾਵੇ  ਭਰੀ ਸੋਚ ਦੀ। ਸਰਕਾਰੀ ਨਲਾਇਕੀ, ਡਿਗਦੇ ਵਿਦਿਅਕ ਮਿਆਰ ਤੇ ਹੋਰ ਅਨੇਕਾਂ ਕਾਰਨ ਵੀ ਜਵਾਨੀ ਨੂੰ ਭਟਕਾ ਰਹੇ ਹਨ।
ਆਓ ਅਸੀਂ ਰਲਕੇ ਇੱਕ ‘ਅਹਿਦਨਾਮੇ’ ਤੇ ਹਸਤਾਖਰ ਕਰੀਏ । “ਆਓ ਖੇਤਾਂ ਦੇ ਵਾਰਸੋ, ਫਸਲਾਂ ਦੇ ਸਾਈਓਂ ਤੁਹਾਨੂੰ ਵੱਟਾਂ ਇੰਝ ਉਡੀਕਦੀਆਂ ਨੇ ਜਿਵੇਂ ਵਿਦੇਸ਼ੀ ਗਏ ਪੁੱਤਰਾਂ ਨੂੰ ਮਾਵਾਂ”।ਆਜਾ ਨੀਂ ਜਵਾਨੀਂਏ! ਪਰਤੀਏ ਮੁੜ ਘਰਾਂ ਨੂੰ’।ਦਲਾਨ ਵਿੱਚ ਪੰਜਾਬ ਸਿੰਹੁ ਹੱਡੀਆਂ ਦੀ ਮੁੱਠ ਬਣਿਆ ਤੇਰੇ ਪਰਤ ਆਉਣ ਦੀ ਤਾਂਘ ਰੱਖੀ ਬੈਠਾ “। ਜਵਾਨੀਏ ਸਿੱਧ ਕਰਦੇ ਕਿ “ਨਿੱਤ ਮੁਹਿੰਮਾਂ ਪੰਜਾਬ ਦੇ ਜੰਮਿਆਂ ਨੂੰ” ਆਉਂਦੀਆਂ ਰਹੀਆਂ ਨੇ ਤੇ ਆਉਂਦੀਆਂ ਰਹਿਣਗੀਆਂ ਪਰ ਮੈਂ ਜਿੱਤਣ ਦੀ ਆਦੀ ਹਾਂ।ਆਜਾ ਜਵਾਨੀਏ ਨਸ਼ਿਆਂ ਦੇ ਦੈਂਤ ਕੋਲੋਂ ਖਹਿੜਾ ਛੁਡਾਕੇ ਮੁੜ ਦਾਰਾ ਸਿੰਘ ਤੇ ਕਿੱਕਰ ਭਲਵਾਨ ਪੈਦਾ ਕਰੀਏ।ਤੇਰਾ ਪਿਛੋਕੜ ਬੱਚੇ ਪੈਦਾ ਕਰਨ ਵਾਲੀਆਂ ਦਵਾਈਆਂ ਖਾਣਾਂ ਨਹੀਂ ਸਗੋਂ ਸੂਰਮੇ ਪੈਦਾ ਕਰਨਾ ਹੈ। ਚੱਲ
ਨੀਂ ਜਵਾਨੀਏ ਮੁੜ ਨੱਚੀਏ ਖੰਡੇ ਦੀ ਧਾਰ ਤੇ।ਮੁੜ ਹੀਰਾਂ ਦੀਆਂ ਚੁੰਨੀਆਂ ਨੂੰ ਗੋਟੇ ਲਗਵਾਈਏ। ਆਪਣੇ ਭਰਵੇਂ ਜੁੱਸਿਆਂ ਨੂੰ ਪੰਜਾਬ ਦੀ ‘ਜਰਖੇਜ਼’ ਮਿੱਟੀ ਦੀ ‘ਸੰਧੂਰੀ ਪਾਣ’ ਚਾੜੀਏ। ਅਕਲਾਂ ਵਾਲਿਓ ਇਸਤੋਂ ਪਹਿਲਾਂ ਕਿ ਹੋਰ ਦੇਰ ਹੋ ਜਾਵੇ, ਚਿੜੀਆਂ ਖੇਤ ਚੁਗ ਜਾਣ, ਕੁਵੇਲੇ ਦੀਆਂ ਟੱਕਰਾਂ ਹੋ ਜਾਣ ਚਲੋ ਜ਼ਿੰਦਗੀ ਦੀ ਨਮਾਜ਼ ਪੜੀਏ। ਜੇਕਰ ਹੋਰ ਦੇਰ ਹੋ ਗਈ ਤਾਂ ਅਫਸੋਸ ਨਾਲ ਕਹਿਣਾ ਪਏਗਾ  —
     ”  ਪੰਜਾਬ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ ਲੋਕੀਂ ਲੱਭਦੇ ਫਿਰਨਗੇ ,
      ਅੱਖੀਆਂ ਵਿਚ ਪਾਣੀ ਤੇ ਦਾਦੀ ਦੀ ਕਹਾਣੀ,
ਤੱਕੜੀ ਵਿੱਚ ਵੱਟੇ, ਸਿਰਾਂ ਤੇ ਦੁਪੱਟੇ,
ਸੁਰਿੰਦਰ ਕੌਰ ਦੀ ਕੂਕ ਨੂੰ, ਸ਼ਿਵ ਬਟਾਲਵੀ ਦੀ ਹੂਕ ਨੂੰ,
  ਲੋਕੀਂ ਲਭਦੇ ਫਿਰਨਗੇ।
           ਇਕਬਾਲ ਸਿੰਘ ਗੁਨੋਂ ਮਾਜਰਾ,
           ਕੁਰਾਲੀ ਜ਼ਿਲ੍ਹਾ ਮੁਹਾਲੀ
           88375 –55482 .