Headlines

ਸਰੀ ਵਿਚ “ਮਾਵਾਂ ਠੰਡੀਆਂ ਛਾਵਾਂ” ਮਦਰਜ਼ ਡੇਅ ਮੇਲਾ ਕਰਵਾਇਆ

ਬਲਵੀਰ ਕੌਰ ਢਿੱਲੋਂ-
ਸਰੀ-ਬੀਤੀ 14 ਮਈ ਦਿਨ ਐਤਵਾਰ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਬੀ ਕੌਰ ਮੀਡੀਆ ਐਂਡ ਐਂਟਰਟੇਨਮੈਂਟ ਦੇ ਕਰਤਾ ਧਰਤਾ ਬੀਬਾ ਬਲਜਿੰਦਰ ਕੌਰ ਵੱਲੋਂ “ਮਾਵਾਂ ਠੰਡੀਆਂ ਛਾਵਾਂ”ਮਦਰਜ਼ ਡੇਅ ਦਾ ਮੇਲਾ ਕਰਵਾਇਆ ਗਿਆ। ਬੀਬਾ ਬਲਜਿੰਦਰ ਕੌਰ ਨੇ ਮੇਲੇ ਦੀ ਸ਼ੁਰੂਆਤ ਕੀਤੀ ਆਈਆਂ ਹੋਈਆਂ ਭੈਣਾਂ, ਮਾਤਾਵਾਂ ਤੇ ਬੱਚੀਆਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸ਼ਾਨਪ੍ਰੀਤ ਕੌਰ ਅਤੇ ਬਲਵੀਰ ਕੌਰ ਢਿੱਲੋਂ ਨੇ ਸੰਭਾਲ਼ਿਆ।
ਬਹੁਤ ਹੀ ਵਧੀਆ ਤਰੀਕੇ ਨਾਲ਼ ਉਲੀਕੇ ਗਏ ਇਸ ਮੇਲੇ ਵਿੱਚ ਛੇ ਸੌ ਦੇ ਕਰੀਬ ਮਾਵਾਂ, ਧੀਆਂ, ਭੈਣਾਂ ਅਤੇ ਬੱਚੀਆਂ ਨੇ ਹਿੱਸਾ ਲਿਆ। ਦਵਿੰਦਰ ਬਚਰਾ ਆਪਣੇ ਨਾਲ਼ ਸੀਨੀਅਰ ਸੈਂਟਰ ਦੇ ਮੈਂਬਰਾਂ ਨੂੰ ਨਾਲ਼ ਲੈ ਕੇ ਪਹੁੰਚੇ, ਜਿਹਨਾਂ ਵਿੱਚੋਂ ਸ਼ਾਂਤੀ ਥੰਮਨ ਅਤੇ ਮਨਜੀਤ ਉੱਪਲ ਨੇ ਪਹਿਲੀ ਪ੍ਰਫੌਰਮੈਂਸ ਨਾਲ਼ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ਼ਾਨੇ ਪੰਜਾਬ ਅਕੈਡਮੀ ਦੀ ਟੀਮ ਵੱਲੋਂ ਵਿਰਸੇ ਨਾਲ਼ ਜੁੜੀ ਗਿੱਧੇ ਦੀ ਬਹੁਤ ਵਧੀਆ ਪੇਸ਼ਕਾਰੀ ਕੀਤੀ। ਜੋਬਨ ਸਿੰਘ ਨੇ ਗੀਤ ਗਾ ਕੇ ਭੈਣਾਂ ਦਾ ਮਨੋਰੰਜਨ ਕੀਤਾ। ਦੱਸਿਆ ਜਾਂਦਾ ਹੈ ਕਿ ਜੋਬਨ ਸਿੰਘ ਦਾ ਤੇਰਾਂ ਮਈ ਨੂੰ ਮਦਰਜ਼ ਡੇਅ ਨੂੰ ਸਮਰਪਿਤ “ਥੈਂਕ ਯੂ ਬੇਬੇ” ਗੀਤ ਰੀਲੀਜ ਹੋਇਆ।
ਹਰਮਨਪ੍ਰੀਤ ਕੌਰ ਵੋਇਸ ਆਫ ਪੰਜਾਬ ਦੇ ਵਿਜੇਤਾ ਅਤੇ ਇੰਡੀਆ ਗੌਟ ਟੈਲੈਂਟ ਦੇ ਫਾਇਨਲਿਸਟ ਰਹੇ ਹਨ। ਹਰਮਨਪ੍ਰੀਤ ਕੌਰ ਨੇ ਗੀਤ ਸੰਗੀਤ ਦੇ ਨਾਲ਼ ਨਾਲ਼ ਬੋਲੀਆਂ ਪਾ ਕੇ ਮਾਤਾਵਾਂ ਦਾ ਮਨੋਰੰਜਨ ਕੀਤਾ। ਮਾਤਾਵਾਂ, ਭੈਣਾਂ ਨੇ ਗੀਤ ਗਾਏ, ਗੀਤ ਸੰਗੀਤ ਤੋਂ ਇਲਾਵਾ ਗਿੱਧਾ ਅਤੇ ਰੀਤ ਸੈਲੋਨ ਤੋਂ ਅਮਨ ਵੱਲੋਂ ਇੱਕ ਵੱਖਰੇ ਢੰਗ ਦਾ ਫੈਸ਼ਨ ਸ਼ੋਅ ਕਰਵਾਇਆ ਗਿਆ। ਇਸ ਵਿੱਚ ਔਰਤ ਕਿਹੜੀਆਂ ਕਿਹੜੀਆਂ ਸਟੇਜਾਂ ਵਿੱਚੋਂ ਨਿਕਲਦੀ ਹੈ, ਇੱਕ ਛੋਟੀ ਬੱਚੀ ਤੋਂ ਲੈ ਕੇ ਇੱਕ ਬਿਰਧ ਔਰਤ ਤੱਕ ਦਾ ਸਫਰ ਇੱਕ ਨਿਵੇਕਲੇ ਤਰੀਕੇ ਨਾਲ਼ ਇਸ ਵਿੱਚ ਦਰਸਾਇਆ ਗਿਆ। ਵਿਰਸਾ ਫਾਊਂਡੇਸ਼ਨ ਤੋਂ ਧਰਮਵੀਰ ਕੌਰ ਧਾਲ਼ੀਵਾਲ ਸੱਠ ਤੋਂ ਜਿਆਦਾ ਭੈਣਾਂ ਤੇ ਮਾਤਾਵਾਂ ਨੂੰ ਲੈ ਕੇ ਇਸ ਮਾਵਾਂ ਠੰਡੀਆਂ ਛਾਵਾਂ ਮੇਲੇ ਤੇ ਪਹੁੰਚੇ। ਨਾਲ਼ ਹੀ 5 ਅਗਸਤ ਨੂੰ ਐਬਟਸਫੋਰਡ ਵਿੱਚ ਖੁੱਲੇ ਅਸਮਾਨ ਹੇਠ ਖੇਤਾਂ ਵਿੱਚ ਦਰੱਖਤਾਂ ਦੀ ਛਾਂ ਹੇਠ ਮੇਲੇ ਤੇ ਆਉਣ ਦਾ ਸੱਦਾ ਦੇ ਕੇ ਗਏ।
ਅੰਜੂ ਪਰਮਾਰ ਨੇ ਇਸ ਮੇਲੇ ਵਿੱਚ ਸ਼ਿਰਕਿਤ ਕੀਤੀ ਜੋ ਕਿ ਪਹਿਲੀ ਪੰਜਾਬੀ ਭਾਈਚਾਰੇ ਦੀ ਯੂਨੀਅਨ ਪ੍ਰੈਜੀਡੈਂਟ ਬਣੇ ਅਤੇ ਨਿਊ ਵੈਸਟ ਲੇਬਰ ਡਿਸਟਰਿਕਟ ਦੇ ਮੈਂਬਰ ਰਹੇ ਹਨ। ਜਿਹਨਾਂ ਨੇ ਮਾਤਾਵਾਂ ਲਈ ਗੁਲਾਬ ਦੇ ਫੁੱਲ ਲਿਆਂਦੇ ਤੇ ਸੱਠ ਸਾਲ ਤੋਂ ਉੱਪਰ ਮਾਤਾਵਾਂ ਨੂੰ ਫੁੱਲ ਭੇਟ ਕੀਤੇ। ਮਾਵਾਂ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਗਏ ਜਿਹਨਾਂ ਵਿੱਚ ਸੂਟ, ਪਾਕਿਸਤਾਨੀ ਦੁਪੱਟੇ, ਫੁਲਕਾਰੀਆਂ, ਬਹੁਤ ਸਾਰੇ ਗਹਿਣੇ ਦਿੱਤੇ ਗਏ। ਗਿੱਲ ਜੀਊਲਰੀ ਵੱਲੋਂ ਚਾਂਦੀ ਦੇ ਕੜੇ ਅਤੇ ਝੁਮਕੇ ਤੋਹਫ਼ੇ ਵਜੋਂ ਕੱਢੇ ਗਏ। ਲੱਖੇ ਵਾਲ਼ੇ ਜੀਊਲਰ ਵੱਲੋਂ ਸੋਨੇ ਦੀਆਂ ਵਾਲ਼ੀਆਂ ਦਿੱਤੀਆਂ ਗਈਆਂ। ਬਲੈਸ ਟਰੈਵਲ ਵੱਲੋਂ ਦੁਬਈ ਦਾ ਇੱਕ ਟਰਿੱਪ ਕੱਢਿਆ ਗਿਆ। ਹਾਈ ਐਂਡ ਫੈਸ਼ਨ ਵੱਲੋਂ ਪਾਕਿਸਤਾਨੀ ਦੁਪੱਟੇ ਅਤੇ ਸੂਟ ਦਿੱਤੇ ਗਏ। ਵੀਹ ਤੋਂ ਉੱਪਰ ਘਰਾਂ ਤੋਂ ਬਿਜਨੈਸ ਕਰ ਰਹੀਆਂ ਔਰਤਾਂ ਨੇ ਇਸ ਮੇਲੇ ਵਿੱਚ ਸਟਾਲ ਲਗਾਏ। ਵੱਖ ਵੱਖ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਝਲਕ ਇਹਨਾ ਸਟਾਲਾਂ ਤੇ ਦੇਖਣ ਨੂੰ ਮਿਲ਼ੀ।ਇਹਨਾ ਵੱਲੋਂ ਬਹੁਤ ਸਾਰੇ ਗਿਫਟ ਦਿੱਤੇ ਗਏ। ਕਨੈਕਟ ਐਫ ਐਮ, ਸੱਚ ਦੀ ਆਵਾਜ, ਸਾਂਝਾ ਟੀ ਵੀ, ਸੰਧੂ ਕਲਾਥ ਹਾਊਸ, ਲੱਖੇਵਾਲ਼ੇ ਜੀਊਲਰ ਪ੍ਰੋਗਰਾਮ ਦੇ ਮੁੱਖ ਸਪੌਂਸਰ ਸਨ। ਸਟੂਡੀਓ 7 ਦੇ ਨਵਲਪ੍ਰੀਤ ਰੰਗੀ ਵੱਲੋਂ ਇਸ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕੀਤੀ ਗਈ। ਕੁਲ ਮਿਲ਼ਾ ਕੇ ਇਹ ਮਾਵਾਂ ਠੰਡੀਆਂ ਛਾਵਾਂ ਬਹੁਤ ਹੀ ਸਫਲ ਰਿਹਾ। ਬੀਬਾ ਬਲਜਿੰਦਰ ਕੌਰ ਵੱਲੋਂ, ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸਾਰੀਆਂ ਭੈਣਾਂ, ਮਾਤਾਵਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਭਵਿੱਖ ਵਿੱਚ ਹੋਰ ਵੀ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣਗੇ।